ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜ ਦੇ ਜਵਾਨਾਂ ਨੂੰ ਫੇਸਬੁੱਕ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਠਿਕਾਣਿਆਂ, ਡਾਕਯਾਰਡ ਅਤੇ ਆਨ-ਬੋਰਡ ਯੁੱਧਪੋਤਾਂ ‘ਤੇ ਸਮਾਰਟਫੋਨ ਲੈ ਕੇ ਜਾਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਨੇਵੀ ਵੱਲੋਂ ਇਹ ਸਖਤ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਹਾਲ ਹੀ ਵਿੱਚ ਸੱਤ ਜਵਾਨਾਂ ਨੂੰ ਸੋਸ਼ਲ ਮੀਡਿਆ ‘ਤੇ ਦੁਸ਼ਮਣਾਂ ਨੂੰ ਖੁਫੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਸੂਚਨਾਵਾਂ ਲੀਕ ਕਰਦੇ ਫੜਿਆ ਗਿਆ ਸੀ।
ਧਿਆਨ ਯੋਗ ਹੈ ਕਿ ਆਂਧਰਾ ਪ੍ਰਦੇਸ਼ ਪੁਲਿਸ ਨੇ 20 ਦਸੰਬਰ ਨੂੰ ਪਾਕਿਸਤਾਨੀ ਸੰਪਰਕ ਵਾਲੇ ਇੱਕ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦੇ ਹੋਏ ਭਾਰਤੀ ਜਲ ਸੈਨਾ ਦੇ ਸੱਤ ਜਵਾਨਾਂ ਨੂੰ ਇਸ ਸਬੰਧੀ ਗ੍ਰਿਫਤਾਰ ਕੀਤਾ ਸੀ। ਪੁਲਿਸ ਵਲੋਂ ਜਾਰੀ ਇੱਕ ਬਿਆਨ ਅਨੁਸਾਰ, ਪੁਲਿਸ ਦੀ ਖੁਫਿਆ ਏਜੰਸੀ ਨੇ ਕੇਂਦਰੀ ਖੁਫੀਆ ਏਜੰਸੀਆਂ ਅਤੇ ਜਲ ਸੈਨਾ ਦੇ ਖੁਫੀਆ ਵਿਭਾਗ ਦੇ ਨਾਲ ਮਿਲ ਕੇ ‘ਆਪਰੇਸ਼ਨ ਡਾਲਫਿੰਸ ਨੋਜ’ ਚਲਾਇਆ ਅਤੇ ਇਸ ਜਾਸੂਸੀ ਰੈਕੇਟ ਦਾ ਪਰਦਾਫਾਸ਼ ਕੀਤਾ ।