ਨਿਊਜ਼ ਡੈਸ਼ਕ: ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਵੱਡੀ ਗਿਣਤੀ ਹੈ ਪਰ ਇਸ ਦੇ ਬਾਵਜੂਦ ਇੱਥੇ ਭਾਰਤੀ ਸੁਰੱਖਿਅਤ ਨਹੀਂ ਹਨ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਵਿੱਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਅਜਿਹੀ ਹੀ ਇੱਕ ਭਿਆਨਕ ਘਟਨਾ ਅਮਰੀਕਾ ਦੇ ਟੈਕਸਾਸ ਵਿੱਚ ਵਾਪਰੀ ਹੈ, ਜਿੱਥੇ ਇੱਕ ਭਾਰਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਦੁਕਾਨ ਵਿੱਚ ਲੁੱਟ ਦੌਰਾਨ ਇੱਕ 32 ਸਾਲਾ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਭਾਰਤ ਦੇ ਰਹਿਣ ਵਾਲੇ ਦਾਸਰੀ ਗੋਪੀਕ੍ਰਿਸ਼ਨ ਦੀ 21 ਜੂਨ ਨੂੰ ਡਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਇੱਕ ਸਟੋਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਦੇ ਪਿੰਡ ਯਜਲੀ ਦਾ ਰਹਿਣ ਵਾਲਾ ਗੋਪੀਕ੍ਰਿਸ਼ਨ 8 ਮਹੀਨੇ ਪਹਿਲਾਂ ਅਮਰੀਕਾ ਆਇਆ ਸੀ। ਪੁਲਿਸ ਨੇ ਗੋਪੀਕ੍ਰਿਸ਼ਨ ਦੇ ਕਤਲ ਦੇ ਦੋਸ਼ ਵਿੱਚ 21 ਸਾਲਾ ਡੇਵੋਂਟਾ ਮੈਥਿਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਥਿਸ ‘ਤੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰਨ ਦਾ ਦੋਸ਼ ਹੈ।
ਪੁਲਸ ਨੇ ਦੱਸਿਆ ਕਿ ਲੁੱਟ ਦੌਰਾਨ ਮੈਥਿਸ ਦੁਕਾਨ ‘ਚ ਦਾਖਲ ਹੋਇਆ ਅਤੇ ਕਾਊਂਟਰ ‘ਤੇ ਪਹੁੰਚ ਕੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ। ਉਸ ਨੇ ਭੱਜਣ ਤੋਂ ਪਹਿਲਾਂ ਸਾਮਾਨ ਲੁੱਟ ਲਿਆ। ਗੋਪੀਕ੍ਰਿਸ਼ਨ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮੈਥਿਸ ਨੂੰ ਡਕੈਤੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਗੋਪੀਕ੍ਰਿਸ਼ਨ ਦੀ ਮੌਤ ਕਾਰਨ ਕਤਲ ਦਾ ਦੋਸ਼ ਹੈ।
ਮੈਥਿਸ ‘ਤੇ 20 ਜੂਨ ਨੂੰ ਡਾਊਨਟਾਊਨ ਵਾਕੋ ਵਿੱਚ ਇੱਕ ਘਾਤਕ ਗੋਲੀਬਾਰੀ ਦਾ ਵੀ ਦੋਸ਼ ਹੈ। ਉਸ ਨੇ 60 ਸਾਲਾ ਮੁਹੰਮਦ ਹੁਸੈਨ ਨੂੰ ਕਈ ਵਾਰ ਗੋਲੀਆਂ ਮਾਰੀਆਂ, ਜਿਸ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਕੌਂਸਲੇਟ ਗੋਪੀਕ੍ਰਿਸ਼ਨ ਦੀ ਦੇਹ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਰਿਹਾ ਹੈ। ਗੋਪੀਕ੍ਰਿਸ਼ਨ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਛੱਡ ਗਏ ਹਨ। ਡੱਲਾਸ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਇਸ ਘਟਨਾ ਤੋਂ ਸਦਮੇ ‘ਚ ਹਨ।