ਅਮਰੀਕਾ ’ਚ ਗ੍ਰਿਫ਼ਤਾਰ ਹੋਇਆ ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ, FBI ਨੇ ਕੀਤੀ ਕਾਰਵਾਈ

Global Team
2 Min Read

ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਵਿੱਚ FBI ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਈ ਹੈ। ਹਿਮਾਂਸ਼ੂ ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਵਰਗੇ 30 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਦੱਸਿਆ ਗਿਆ ਹੈ।

ਰਿਪੋਰਟ ਮੁਤਾਬਕ, ਹਿਮਾਂਸ਼ੂ ਨੇ ਅਮਰੀਕਾ ਦੇ ਲਾਸ ਵੇਗਾਸ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਸੀ। ਦਿੱਲੀ ਅਤੇ ਹਰਿਆਣਾ ਪੁਲਿਸ ਦੀਆਂ ਕਈ ਟੀਮਾਂ ਉਸ ਦੀ ਭਾਲ ਕਰ ਰਹੀਆਂ ਸਨ।

ਤਕਨੀਕੀ ਨਿਗਰਾਨੀ ਨਾਲ ਮਿਲਿਆ ਟਿਕਾਣਾ

‘ਦਿ ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ, ਰਾਸ਼ਟਰੀ ਜਾਂਚ ਏਜੰਸੀ (NIA) ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਅਤੇ ਮੁਖ਼ਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਲਾਸ ਵੇਗਾਸ ਵਿੱਚ ਹਿਮਾਂਸ਼ੂ ਦੇ ਟਿਕਾਣੇ ਦਾ ਪਤਾ ਲਗਾਇਆ ਗਿਆ। ਇਸ ਤੋਂ ਬਾਅਦ ਉਸ ਦੀ ਲੋਕੇਸ਼ਨ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝੀ ਕੀਤੀ ਗਈ। ਰਿਪੋਰਟ ਮੁਤਾਬਕ, ਵੀਰਵਾਰ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇੰਟਰਪੋਲ ਨੇ ਜਾਰੀ ਕੀਤਾ ਸੀ ਰੈੱਡ ਕਾਰਨਰ ਨੋਟਿਸ

ਹਿਮਾਂਸ਼ੂ ਭਾਊ ਖ਼ਿਲਾਫ਼ 2023 ਵਿੱਚ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਹਰਿਆਣਾ ਪੁਲਿਸ ਨੇ ਉਸ ’ਤੇ 2.5 ਲੱਖ ਰੁਪਏ ਅਤੇ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।

ਸਾਲ 2022 ਵਿੱਚ ਹਰਿਆਣਾ ਵਿੱਚ 24 ਘੰਟਿਆਂ ਦੌਰਾਨ ਤਿੰਨ ਕਤਲਾਂ ਤੋਂ ਬਾਅਦ ਹਿਮਾਂਸ਼ੂ ਚਰਚਾ ਵਿੱਚ ਆਇਆ ਸੀ। ਉਸ ਦੇ ਗੈਂਗ ਨੇ 2025 ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ ਦੇ ਬਾਹਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਵੀ ਲਈ ਸੀ। ਹਿਮਾਂਸ਼ੂ ਦੀ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨਾਲ ਦੁਸ਼ਮਣੀ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ।

ਨੀਰਜ ਫਰੀਦਪੁਰੀਆ ਵੀ ਗ੍ਰਿਫ਼ਤਾਰ

ਇਸੇ ਮਾਮਲੇ ਵਿੱਚ ਇੱਕ ਹੋਰ ਭਗੌੜੇ ਨੀਰਜ ਫਰੀਦਪੁਰੀਆ ਨੂੰ ਵੀ ਕਾਬੂ ਕੀਤੇ ਜਾਣ ਦੀ ਜਾਣਕਾਰੀ ਹੈ। ਦੱਸਿਆ ਗਿਆ ਹੈ ਕਿ ਉਹ ਇਸ ਸਾਲ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਆਪਣੇ ਗਿੱਟੇ ’ਤੇ ਲੱਗਾ ਨਿਗਰਾਨੀ ਟ੍ਰੈਕਰ ਹਟਾ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।
ਇਸ ਤੋਂ ਇਲਾਵਾ, 14 ਸਤੰਬਰ ਨੂੰ ਦਿੱਲੀ ਵਿੱਚ ਜਿਮ ਟ੍ਰੇਨਰ ਵਿਜੇ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਵੀ ਹਿਮਾਂਸ਼ੂ ਭਾਊ ਗੈਂਗ ਨੇ ਲਈ ਸੀ।

Share This Article
Leave a Comment