ਨਿਊਜ਼ ਡੈਸਕ: ਇਟਲੀ ਵਿੱਚ ਇੱਕ ਭਾਰਤੀ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਹੈ। ਮਜ਼ਦੂਰ ਦੀ ਦਰਦਨਾਕ ਮੌਤ ਦਾ ਮੁੱਦਾ ਇਟਲੀ ਦੀ ਸੰਸਦ ਵਿੱਚ ਵੀ ਉਠਾਇਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਖੇਤੀਬਾੜੀ ਦਾ ਕੰਮ ਕਰਦੇ ਹੋਏ ਹਾਦਸੇ ਵਿੱਚ ਇੱਕ ਭਾਰਤੀ ਮਜ਼ਦੂਰ ਦਾ ਹੱਥ ਵੱਢਿਆ ਗਿਆ ਤਾਂ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਖੇਤ ਮਾਲਕ ਨੇ ਇਸ ਨੂੰ ਕੂੜੇ ਵਾਂਗ ਘਰ ਦੇ ਬਾਹਰ ਸੁੱਟ ਦਿੱਤਾ। ਰੋਮ ਦੇ ਦੱਖਣ ਵਿੱਚ ਲਾਤੀਨਾ ਵਿੱਚ ਖੇਤ ਮਜ਼ਦੂਰ ਸਤਨਾਮ ਸਿੰਘ ਇੱਕ ਖੇਤ ਵਿੱਚ ਕੰਮ ਕਰਦੇ ਸਮੇਂ ਜ਼ਖ਼ਮੀ ਹੋਇਆ ਸੀ। ਉਸ ਦਾ ਹੱਥ ਕੱਟੇ ਜਾਣ ਤੋਂ ਬਾਅਦ, ਉਹ ਤੜਫਦਾ ਰਿਹਾ ਪਰ ਕਿਸੇ ਨੇ ਮਦਦ ਨਹੀਂ ਕੀਤੀ ਅਤੇ ਆਖਰਕਾਰ ਉਸਦੀ ਮੌਤ ਹੋ ਗਈ। ਲਾਤੀਨਾ ਹਜ਼ਾਰਾਂ ਭਾਰਤੀ ਪ੍ਰਵਾਸੀ ਮਜ਼ਦੂਰਾਂ ਦਾ ਘਰ ਹੈ।
ਇਟਲੀ ਦੀ ਲੇਬਰ ਮੰਤਰੀ ਮਰੀਨਾ ਕੈਲਡਰੋਨ ਨੇ ਸੰਸਦ ਨੂੰ ਦੱਸਿਆ, ਇੱਕ ਭਾਰਤੀ ਖੇਤ ਮਜ਼ਦੂਰ ਜੋ ਪੇਂਡੂ ਲਾਤੀਨਾ ਵਿੱਚ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋਇਆ ਸੀ ਅਤੇ ਉਸਨੂੰ ਬਹੁਤ ਗੰਭੀਰ ਹਾਲਾਤਾਂ ਵਿੱਚ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਇੱਕ ਵਹਿਸ਼ੀ ਹਰਕਤ ਸੀ, ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ।
ਇਟਲੀ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਤਨਾਮ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਸਤਨਾਮ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਸਤਨਾਮ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਭਾਰਤੀ ਦੂਤਘਰ ਨੇ ਲਿਖਿਆ ਕਿ ਇਟਲੀ ਦੇ ਲਾਤੀਨਾ ‘ਚ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਤੋਂ ਦੂਤਾਵਾਸ ਜਾਣੂ ਹੈ। ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਪਰਿਵਾਰ ਨਾਲ ਸੰਪਰਕ ਕਰਨ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮਾਮਲੇ ਬਾਰੇ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸਿੰਘ ਦੀ ਪਤਨੀ ਅਤੇ ਦੋਸਤਾਂ ਨੂੰ ਬੁਲਾਇਆ ਸੀ ਅਤੇ ਏਅਰ ਐਂਬੂਲੈਂਸ ਭੇਜੀ ਗਈ ਸੀ। ਲਾਤੀਨਾ ਵਿੱਚ ਇੱਕ ਪੁਲਿਸ ਬੁਲਾਰੇ ਨੇ ਏਐਫਪੀ ਨੂੰ ਦੱਸਿਆ, “ਉਸਨੂੰ ਰੋਮ ਦੇ ਇੱਕ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਚ ਹੀ ਉਸਦੀ ਮੌਤ ਹੋ ਗਈ। ਮੱਧ-ਖੱਬੇ ਡੈਮੋਕਰੇਟਿਕ ਪਾਰਟੀ ਨੇ ਮਜ਼ਦੂਰਾਂ ਦੇ ਸ਼ੋਸ਼ਣ ਲਈ ਜਾਣੇ ਜਾਂਦੇ ਖੇਤਰ ਵਿੱਚ ਸਤਨਾਮ ਨਾਲ ਹੋਏ ਸਲੂਕ ਦੀ ਨਿੰਦਾ ਕਰਦੇ ਹੋਏ ਇਸਨੂੰ “ਸਭਿਅਤਾ ਦੀ ਹਾਰ” ਕਿਹਾ।
ਫਲਾਈ ਸੀਜੀਆਈਐਲ ਟਰੇਡ ਯੂਨੀਅਨ (ਖੇਤੀਬਾੜੀ ਅਤੇ ਭੋਜਨ ਉਦਯੋਗ ਵਿੱਚ ਮਜ਼ਦੂਰਾਂ ਲਈ ਇੱਕ ਇਤਾਲਵੀ ਸੰਗਠਨ) ਨੇ ਦੱਸਿਆ ਕਿ ਸਤਨਾਮ ਖੇਤਾਂ ਵਿੱਚ ਕੰਮ ਕਰਦੇ ਸਮੇਂ ਜ਼ਖਮੀ ਹੋ ਗਿਆ ਸੀ। ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਦੀ ਉਮਰ 30 ਜਾਂ 31 ਸਾਲ ਸੀ ਅਤੇ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਕੰਮ ਕਰ ਰਿਹਾ ਸੀ। ਜਦੋਂ ਉਹ ਘਾਹ ਕੱਟ ਰਿਹਾ ਸੀ ਤਾਂ ਉਸ ਦਾ ਹੱਥ ਮਸ਼ੀਨ ਨਾਲ ਕੱਟਿਆ ਗਿਆ।