ਨਵੀਂ ਦਿੱਲੀ : ਦੁਨੀਆਂ ਵਿੱਚ ਕਈ ਇਸ ਤਰ੍ਹਾਂ ਦੇ ਆਪ੍ਰੇਸ਼ਨ ਹੁੰਦੇ ਹਨ ਜਿਸ ਤੋਂ ਬਾਅਦ ਡਾਕਟਰ ਖੁਦ ਵੀ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਵੀ ਸਾਹਮਣੇ ਆਇਆ ਹੈ। ਜਿੱਥੇ 2 ਘੰਟੇ ਤੱਕ ਚੱਲੇ ਇੱਕ ਆਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਨੂੰ ਮਰੀਜ਼ ਦੇ ਪੇਟ ਵਿੱਚੋਂ ਦੇਸ਼ ਦੇ ਸਭ ਤੋਂ ਵੱਡੇ ਅਤੇ ਭਾਰੀ ਗੁਰਦੇ ਨੂੰ ਕੱਢਿਆ।ਜਾਣਕਾਰੀ ਮੁਤਾਬਿਕ ਇਸ ਗੁਰਦੇ ਦਾ ਭਾਰ ਇੰਨਾ ਜਿਆਦਾ ਸੀ ਕਿ ਇਹ ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਗੁਰਦਾ ਹੈ। ਇਸ ਗੁਰਦੇ ਦਾ ਭਾਰ 7.4 ਕਿੱਲੋ ਸੀ।
ਦੱਸ ਦਈਏ ਕਿ ਇਹ ਆਪ੍ਰੇਸ਼ਨ ਗੰਗਾਰਾਮ ਹਸਪਤਾਲ ਵਿੱਚ ਹੋਇਆ ਹੈ। ਇੱਥੇ ਹੀ ਮਰੀਜ਼ ਦਾ ਇਲਾਜ਼ ਸਾਲ 2006 ਤੋਂ ਚਲਦਾ ਆ ਰਿਹਾ ਸੀ ਅਤੇ ਹੁਣ 13 ਸਾਲ ਬਾਅਦ ਇਸ ਵਿਅਕਤੀ ਦਾ ਆਪ੍ਰੇਸ਼ਨ ਹੋਇਆ ਹੈ। ਪਤਾ ਲੱਗਾ ਹੈ ਕਿ ਮਰੀਜ਼ ਆਪ੍ਰੇਸ਼ਨ ਕਰਵਾਉਣ ਤੋਂ ਡਰਦਾ ਸੀ ਇਸ ਲਈ ਲੰਬਾ ਸਮਾਂ ਉਹ ਆਪ੍ਰੇਸ਼ਨ ਤੋਂ ਮਨਾਂ ਕਰਦਾ ਰਿਹਾ। ਹਸਪਤਾਲ ਦੇ ਡਾਕਟਰ ਸਚਿਨ ਕਥੂਰੀਆ ਨੇ ਦੱਸਿਆ ਕਿ ਇਹ ਵਿਅਕਤੀ ਆਟੋਸੋਮਲ ਡੋਮਿਨੈਂਟ ਪੋਲੀਸਿਸਟਿਕ ਕਿਡਨੀ ਨਾਮਕ ਬਿਮਾਰੀ ਨਾਲ ਪੀੜਤ ਸੀ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਪੇਟ ਵਿੱਚੋਂ ਕੱਢੀ ਗਈ ਕਿਡਨੀ ਦਾ ਭਾਰ ਦੋ ਨਵਜੰਮੇ ਬੱਚਿਆਂ ਦੇ ਭਾਰ ਦੇ ਬਰਾਬਰ ਸੀ ਅਤੇ ਇਸ ਨੇ ਸਾਰੇ ਪੇਟ ਨੂੰ ਘੇਰ ਰੱਖਿਆ ਸੀ।