ਸਿੰਗਾਪੁਰ: ਪੰਜਾਬ ਤੋਂ ਸਿੰਗਾਪੁਰ ਗਈ ਪੰਜਾਬਣ ਅਮਨਦੀਪ ਕੌਰ ਦੀ ਕੁੱਟਮਾਰ ਅਤੇ ਬਦਸਲੂਕੀ ਕਰਨ ਵਾਲੇ ਭਾਰਤੀ ਜੋੜੇ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ। ਅਦਾਲਤ ਨੇ ਫਰਹਾ ਤਹਿਸੀਨ ਨੂੰ 21 ਮਹੀਨੇ ਕੈਦ ਅਤੇ ਉਸ ਦੇ ਪਤੀ ਮੁਹੰਮਦ ਤਸਲੀਮ ਨੂੰ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਦੋਹਾਂ ਨੂੰ 15 ਹਜ਼ਾਰ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਭਾਰਤੀ ਜੋੜੇ ਦੇ ਘਰ ਮੇਡ ਵਜੋਂ ਗਈ ਅਮਨਦੀਪ ਕੌਰ ਨੇ ਦੋਸ਼ ਲਾਇਆ ਸੀ ਕਿ ਉਸ ਉਪਰ ਪਹਿਲੇ ਹੀ ਦਿਨ ਜ਼ੁਲਮ ਸ਼ੁਰੂ ਹੋ ਗਏ। ਰਿਪੋਰਟ ਮੁਤਾਬਕ ਫ਼ਰਹਾ ਸਭ ਤੋਂ ਵੱਧ ਜ਼ੁਲਮ ਕਰਦੀ ਸੀ ਜੋ ਬਿਨ੍ਹਾਂ ਗੱਲ ਤੋਂ ਅਮਨਦੀਪ ਕੌਰ ਦੇ ਥੱਪੜ ਮਾਰਦੀ ਰਹਿੰਦੀ ਸੀ, ਕਈ ਵਾਰ ਤਾਂ ਉਸ ਨੇ ਡੰਡੇ ਨਾਲ ਕੁੱਟਮਾਰ ਕਰਨ ਦੀ ਧਮਕੀ ਵੀ ਦਿਤੀ।
ਬੀਤੀ 9 ਜੂਨ ਨੂੰ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਫ਼ਰਹਾ ਅਤੇ ਉਸ ਦਾ ਪਤੀ ਹਮੇਸ਼ਾ ਅਮਨਦੀਪ ਕੌਰ ਨੂੰ ਕੋਸਦੇ ਰਹਿੰਦੇ ਸਨ। ਮਾਮਲਾ ਪੁਲਿਸ ਕੋਲ ਜਾਣ ਤੋਂ ਬਾਅਦ ਫ਼ਰਹਾ ਨੇ ਅਮਨਦੀਪ ਕੌਰ ‘ਤੇ ਆਪਣੇ ਪਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਲਾ ਦਿੱਤੇ।
ਡਿਪਟੀ ਪਬਲਿਕ ਪ੍ਰੋਸੀਕਿਉਟਰ ਨੇ ਕਿਹਾ ਕਿ ਹਾਲਾਤ ਇੱਥੋ ਤੱਕ ਵਿਗੜ ਚੁੱਕੇ ਸਨ ਕਿ ਇਕ ਵਾਰ ਅਮਨਦੀਪ ਕੌਰ ਨੇ ਆਪਣੇ ਕਮਰੇ ਦੀ ਖਿੜਕੀ ‘ਚੋਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅੱਧ ਵਿਚਾਲੇ ਲਟਕ ਗਈ ਅਤੇ ਉਸ ਦੀ ਜਾਨ ਖਤਰੇ ‘ਚ ਪੈ ਗਈ। ਇਸ ਦੌਰਾਨ ਗੁਆਂਢ ਵਿਚ ਕੰਮ ਕਰ ਰਹੇ ਇਕ ਵਿਦੇਸ਼ੀ ਨੇ ਉਸ ਦੀ ਜਾਨ ਬਚਾਈ। ਇਸ ਤੋਂ ਬਾਅਦ ਅਮਨਦੀਪ ਕੌਰ ਨੂੰ ਗੁਡ ਸ਼ੈਫਰਡ ਸੈਂਟਰ ਵਿਚ ਰੱਖਿਆ ਗਿਆ ਹੈ ਅਤੇ ਬਾਅਦ ਵਿਚ ਇਕ ਮੈਡੀਕਲ ਰਿਪੋਰਟ ਤੋਂ ਸਾਬਤ ਹੋ ਗਿਆ ਕਿ ਉਸ ਉਪਰ ਜ਼ੁਲਮ ਢਾਹੇ ਗਏ।