ਨਵੀਂ ਦਿੱਲੀ : ਆਖਰਕਾਰ ਭਾਰਤੀ ਹਥਿਆਰਬੰਦ ਸੈਨਾ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਲੜਾਕੂ ਜਹਾਜ਼ ਰਾਫੇਲ ਨੇ ਸੋਮਵਾਰ ਨੂੰ ਫਰਾਂਸ ਦੇ ਏਅਰਬੇਸ ਤੋਂ ਭਾਰਤ ਲਈ ਉਡਾਣ ਭਰ ਦਿੱਤੀ ਹੈ ਅਤੇ ਇਹ ਜਹਾਜ਼ 29 ਜੁਲਾਈ ਨੂੰ ਭਾਰਤ ਪਹੁੰਚਣਗੇ। ਭਾਰਤੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ 7364 ਕਿਲੋਮੀਟਰ ਦੀ ਹਵਾਈ ਦੂਰੀ ਤੈਅ ਕਰਕੇ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਪਹੁੰਚਣਗੇ।
ਫਰਾਂਸ ਤੋਂ ਰਵਾਨਾ ਹੋਏ ਇਨ੍ਹਾਂ ਜਹਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ‘ਚ ਇਕ ਏਅਰਬੇਸ ‘ਤੇ ਉਤਾਰਿਆ ਜਾਵੇਗਾ ਤੇ ਫਰਾਂਸ ਦੇ ਟੈਂਕਰ ਵਿਭਾਗ ਤੋਂ ਈਂਧਣ ਭਰਿਆ ਜਾਵੇਗਾ। ਇਸ ਤੋਂ ਬਾਅਦ ਜਹਾਜ਼ ਅੰਬਾਲਾ ਏਅਰਬੇਸ ਤੋਂ ਅੱਗੇ ਦਾ ਸਫ਼ਰ ਤਹਿ ਕਰਨਗੇ। ਇਨ੍ਹਾਂ ਰਾਫੇਲ ਜਹਾਜ਼ਾਂ ਨੂੰ 17 ਗੋਲਡੇਨ ਏਰੋਜ਼ ਕਮਾਂਡਿੰਗ ਅਫ਼ਸਰ ਦੇ ਪਾਇਲਟ ਲੈ ਕੇ ਆ ਰਹੇ ਹਨ। ਇਸ ਲਈ ਭਾਰਤੀ ਹਵਾਈ ਫੌਜ ਦੇ 12 ਪਾਇਲਟਾਂ ਨੂੰ ਫਰਾਂਸੀਸੀ ਦਸਾਲਟ ਏਵੀਏਸ਼ਨ ਕੰਪਨੀ ਵੱਲੋਂ ਸਿਖਲਾਈ ਦਿੱਤੀ ਗਈ ਹੈ।
ਭਾਰਤ ਨੂੰ ਇਹ ਜਹਾਜ਼ ਪਹਿਲਾਂ ਮਈ ‘ਚ ਮਿਲਣ ਵਾਲੇ ਸੀ ਪਰ ਕੋਰੋਨਾ ਕਾਰਨ ਇਨ੍ਹਾਂ ਦੇ ਮਿਲਣ ‘ਚ ਦੋ ਮਹੀਨੇ ਦੀ ਦੇਰੀ ਹੋ ਗਈ ਹੈ। ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ‘ਚ ਭਾਰਤ ਨੂੰ 10 ਰਾਫੇਲ ਜਹਾਜ਼ ਮਿਲਣੇ ਸਨ ਪਰ ਇਸ ਸਮੇਂ ਸਿਰਫ 5 ਜਹਾਜ਼ਾਂ ਨੂੰ ਹੀ ਭਾਰਤ ਭੇਜਿਆ ਗਿਆ ਹੈ। ਦੱਸ ਦੇਈਏ ਕਿ ਭਾਰਤ ਨੇ ਸੱਤੰਬਰ 2016 ਵਿਚ ਫਰਾਂਸ ਨਾਲ ਲਗਭਗ 58 ਹਜ਼ਾਰ ਕਰੋੜ ਵਿਚ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਇਕ ਅੰਤਰ-ਸਰਕਾਰੀ ਸਮਝੌਤੇ ‘ਤੇ ਦਸਤਖਤ ਕੀਤੇ ਸਨ।