-ਅਵਤਾਰ ਸਿੰਘ
15 ਜਨਵਰੀ ਨੂੰ ਹਰ ਸਾਲ ਸੈਨਾ ਦਿਵਸ ਮਨਾਇਆ ਜਾਂਦਾ ਹੈ। ਕਰਨਾਟਕ ਦੇ ਪਹਿਲੇ ਭਾਰਤੀ ਫੌਜ ਦੇ ਲੈਫਟੀਨੈਂਟ ਕੇ ਐਮ ਕਰੀਆਪਾ ਨੇ ਬ੍ਰਿਟਿਸ਼ ਦੇ ਆਖਰੀ ਕਮਾਂਡਰ ਇਨ-ਚੀਫ-ਜਨਰਲ ਸਰ ਫਰਾਂਸਿਸ ਬੁਚਰ ਤੋਂ ਸੈਨਾ ਮੁਖੀ ਫੀਲਡ ਮਾਰਸ਼ਲ ਦਾ ਅਹੁਦਾ 15 ਜਨਵਰੀ,1949 ਨੂੰ ਸੰਭਾਲਿਆ ਸੀ ਇਸ ਕਰਕੇ ਇਸ ਦਿਨ ਨੂੰ ਭਾਰਤੀ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਉਹਨਾਂ ਤੋਂ ਬਿਨਾ ਉਹਨਾਂ ਦੇ ਨਾਲ ਸੈਮ ਮਾਣਕਸ਼ਾਹ ਨੂੰ ਵੀ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਗਿਆ ਸੀ। ਉਹਨਾਂ ਨੇ 1947 ਵੇਲੇ ਭਾਰਤ ਪਾਕਿਸਤਾਨ ਯੁੱਧ ਵਿੱਚ ਭਾਰਤੀ ਸੈਨਾ ਦੀ ਪੱਛਮੀ ਸੀਮਾ ‘ਤੇ ਅਗਵਾਈ ਕੀਤੀ। ਉਹ ਰਾਜਪੂਤ ਰੈਜਮੈਂਟ ਨਾਲ ਸਬੰਧਤ ਸਨ। 1953 ਵਿੱਚ ਸੇਵਾਮੁਕਤ ਹੋਣ ਉਪਰੰਤ ਉਹਨਾਂ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ। 15 ਮਈ 1993 ਵਿਚ ਉਨਾਂ ਦਾ ਦੇਹਾਂਤ ਹੋ ਗਿਆ।
ਗਦਰੀ ਯੋਧਾ ਤੇਜਾ ਸਿੰਘ ਸਫ਼ਰੀ ਨੂੰ ਯਾਦ ਕਰਦਿਆਂ
1932 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵੱਡੀ ਪੱਧਰ ‘ਤੇ ਤੇਜਾ ਸਿੰਘ ਸਫ਼ਰੀ ਦੀ ਅਗਵਾਈ ਹੇਠ ਅੰਗਰੇਜ਼ ਹਕੂਮਤ ਵਲੋਂ ਲੋਕਾਂ ‘ਤੇ ਤਸ਼ੱਦਦ ਦੇ ਬਾਵਜੂਦ ਬਰਸੀ ਮਨਾਈ ਗਈ। ਇਸ ਕਰਕੇ ਤੇਜਾ ਸਿੰਘ ਸਫ਼ਰੀ ਤੇ ਉਹਨਾਂ ਦੇ ਭਰਾ ਪ੍ਰੇਮ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। 1923 ਤੋਂ 1954 ਤੱਕ ਵੱਖ ਵੱਖ ਸਮੇਂ 20 ਸਾਲ ਤੋਂ ਉਪਰ ਸਮਾਂ ਜੇਲ੍ਹ ਵਿੱਚ ਕੱਟਿਆ। ਉਹਨਾਂ ਦਾ ਜਨਮ 1900 ਵਿਚ ਮਾਤਾ ਜਿਉਣ ਕੌਰ ਦੀ ਕੁਖੋਂ ਪਿਤਾ ਜੀਵਾ ਸਿੰਘ ਦੇ ਘਰ ਪਿੰਡ ਸਰਾਭਾ, ਲੁਧਿਆਣਾ ਵਿਖੇ ਹੋਇਆ।
ਮੁੱਢਲੀ ਵਿਦਿਆ ਉਪਰੰਤ ਖੇਤੀਬਾੜੀ ਕਰਨ ਲਗੇ। ਇਕ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਗੁਪਤਵਾਸ ਸਮੇਂ ਤੇਜਾ ਸਿੰਘ ਸਫ਼ਰੀ ਨੂੰ ਖੇਤਾਂ ਵਿਚ ਮਿਲੇ। ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਤੇਜਾ ਸਿੰਘ ਸਫ਼ਰੀ ਗਦਰੀ ਰੰਗ ਵਿੱਚ ਰੰਗੇ ਗਏ। ਗਦਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਭਾਗ ਲੈਣ ਲੱਗੇ। ਉਹਨਾਂ ਜੈਤੋ ਤੇ ਅਕਾਲੀ ਮੋਰਚਿਆਂ ਵਿੱਚ ਗ੍ਰਿਫਤਾਰੀ ਦਿੱਤੀ।
924 ਨਾਭਾ ਜੇਲ੍ਹ ਵਿੱਚ ਪਹਿਲੀ ਕਵਿਤਾ ਲਿਖਣ ਨਾਲ ਉਹਨਾਂ ਦਾ ਕਾਵਿ ਸਫਰ ਸ਼ੁਰੂ ਹੋਇਆ। ਉਹਨਾਂ ਗਦਰੀ ਮੁਨਸ਼ਾ ਸਿੰਘ ਦੁਖੀ ਤੇ ਸੁਦਾਗਰ ਸਿੰਘ ਭਿਖਾਰੀ ਨਾਲ ਰਲ ਕੇ ਪਹਿਲੀ ਪੰਜਾਬੀ ਸਾਹਿਤ ਸਭਾ ‘ਕਵੀ-ਕੁਟੀਆ’ ਬਣਾਈ ਤੇ ‘ਕਵੀ ਮਾਸਿਕ’ ਰਸਾਲੇ ਤੇ ‘ਕਵੀ ਪਰੈਸ’ ਦਾ ਸਾਰਾ ਕਾਰਜ ਸੰਭਾਲਿਆ।1930-31 ਵਿਚ ਸ਼ਹੀਦ ਜਤਿਨ ਦਾਸ, ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਸ਼ਹਾਦਤਾਂ ਮੌਕੇ ਉਹਨਾਂ ਨੇ ਲਾਮਿਸਾਲ ਖਾੜਕੂ ਮੁਜ਼ਹਾਰੇ ਜਥੇਬੰਦ ਕੀਤੇ। ਉਹਨਾਂ ਦੇ ਗੁਪਤਵਾਸ ਹੋਣ ‘ਤੇ ਉਹਨਾਂ ਦੇ ਭਰਾ ਪ੍ਰੇਮ ਸਿੰਘ ਨੂੰ ਲੁਧਿਆਣਾ ਜੇਲ੍ਹ ਵਿਚ ਬੰਦ ਕਰ ਦਿੱਤਾ।
28 ਜੁਲਾਈ 1929 ਨੂੰ ਕਿਰਤੀ ਕਿਸਾਨ ਪਾਰਟੀ ਲੁਧਿਆਣਾ ਦੇ ਮੀਤ ਸਕੱਤਰ ਬਣੇ। ਉਹਨਾਂ ਦੀ ਪਤਨੀ ਬਸੰਤ ਕੌਰ ਨੇ ਆਰਥਿਕ ‘ਤੇ ਜਬਰ ਜੁਲਮ ਤੰਗੀਆਂ ਦੇ ਬਾਵਜੂਦ ਆਪਣੇ ਤਿੰਨ ਪੁੱਤਰਾਂ ਦਰਸ਼ਨ ਸਿੰਘ, ਅਮਰਪਾਲ ਸਿੰਘ ਅਤੇ ਕੁਲਵੰਤ ਸਿੰਘ ਨੂੰ ਵਿਦਿਆ ਹਾਸਿਲ ਕਰਵਾਈ।
ਤਤਕਾਲੀ ਮੁੱਖ ਮੰਤਰੀ ਨੇ ਸਫ਼ਰੀ ਦੇ ਘਰ ਜਾ ਕੇ ਪੈਨਸ਼ਨ ਤੇ ਹੋਰ ਸਹੂਲਤਾਂ ਦੀ ਪੇਸ਼ਕਸ ਕੀਤੀ ਤਾਂ ਉਨਾਂ ਕਿਹਾ, “ਜਦੋਂ ਤਕ ਮੇਰੇ 40 ਕਰੋੜ ਹਿੰਦ ਵਾਸੀਆਂ ਲਈ ਬਰਾਬਰੀ, ਖੁਸ਼ਹਾਲੀ, ਨਿਆਂ ਤੇ ਕਿਰਤ ਦੀ ਸਰਦਾਰੀ ਵਾਲਾ ਲੋਕ ਜਮਹੂਰੀ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਨਹੀਂ ਹੁੰਦਾ, ਮੇਰਾ ਇਨਕਲਾਬ ਜਾਰੀ ਰਹੇਗਾ ਤੇ ਮੈਂ ਇਕ ਵੀ ਪੈਸਾ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੀ ਸਰਕਾਰ ਤੋਂ ਨਹੀਂ ਲਵਾਂਗਾ।” ਉਹਨਾਂ ਨੇ ‘ਸਫ਼ਰੀ ਮਨਤਰੰਗ’ ਕਾਵਿ ਸੰਗ੍ਰਿਹ ਲਿਖਿਆ ਜੋ ਹਰਦੇਵ ਸਿੰਘ ਗਰੇਵਾਲ ਨੇ 2013 ਵਿਚ ਸੰਪਾਦਿਤ ਕੀਤਾ। ਉਹਨਾਂ ਦਾ 15 ਜਨਵਰੀ 1954 ਨੂੰ ਦੇਹਾਂਤ ਹੋ ਗਿਆ।
ਸਫ਼ਰੀ ‘ਪ੍ਰਣ’ ਕਵਿਤਾ ਵਿੱਚ ਲਿਖਦੇ ਹਨ।
“ਬਾਗੀ ਰਹਾਂਗੇ ਕਰਾਂਗੇ ਹੋਰ ਬਾਗੀ, ਜਦ ਤਕ ਨਹੀਂ ਮਿਟਦਾ ਅਜ਼ਾਦ ਸਾਡਾ।
ਲੜਦੇ ਰਹਾਂਗੇ ਹਟਾਂਗੇ ਨਹੀਂ ਪਿਛੇ, ਜਦ ਤਕ ਨੇਪਰੇ ਚੜੂ ਨਾ ਕਾਜ ਸਾਡਾ।
ਲਗਨ ਦੇਸ ਪ੍ਰੇਮ ਦੀ ਜਾਣੀ ਨਹੀਂ, ਭਾਵੇਂ ਹੋ ਜੇ ਪਰਿਵਾਰ ਬਰਬਾਦ ਸਾਡਾ।
‘ਸਫਰੀ’ ਹੇਠਲੀ ਉਤੇ ਲਿਆਉਣ ਖਾਤਰ, ਨਾਅਰਾ ਗੂੰਜੂ ਇਨਕਲਾਬ ਸਾਡਾ