ਕਿਰਤੀ ਲੋਕ ਕਦੋਂ ਜਾਗਣਗੇ?

TeamGlobalPunjab
7 Min Read

ਜ਼ਿੰਦਗੀ ‘ਚ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ, ਪਰ ਜਿਹੜੇ ਬਾਕੀ ਹਨ, ਉਨਾਂ ਨੂੰ ਆਟਾ ਹਾਸਲ ਕਰਨ ਲਈ ਨਿੱਤ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਰੋਜ਼ਾਨਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ‘ਮੀਂਹ ਜਾਵੇ ਨੇਰੀ ਆਵੇ’ ਉਨਾਂ ਲਈ ਰੁਕਾਵਟ ਨਹੀਂ ਬਣਦੀ। ਇਨਾਂ ਲਈ ਖੂਹ ਕਿੱਥੇ, ਕਦੋਂ ਤੇ ਕਿੰਨਾਂ ਡੂੰਘਾ ਪੁੱਟਣਾ ਹੈ, ਇਸ ਦੀ ਵੀ ਖ਼ਬਰ ਨਹੀਂ ਹੁੰਦੀ। ਉਨਾਂ ਨੂੰ ਤਾਂ ਸ਼ਿਕਾਰੀ ਵਾਂਗ ਹੱਥਿਆਰ ਤੇ ਔਜ਼ਾਰ ਲੈ ਕੇ ਰੋਟੀ ਦੀ ਭਾਲ ਵਿਚ ਜਾਣਾ ਪੈਂਦਾ ਹੈ।

ਅੱਗਿਓਂ ਸ਼ਿਕਾਰ ਕੀ ਹਾਸਲ ਹੁੰਦਾ ਹੈ? ਇਹ ਵੀ ਪਤਾ ਨਹੀਂ ਹੁੰਦਾ। ਕਦੀ ਤਾਂ ਸ਼ਿਕਾਰ ਵੱਡਾ ਵੀ ਮਿਲ ਜਾਂਦਾ ਹੈ, ਕਈ ਵਾਰੀ ਸਾਰੀ ਦਿਹਾੜੀ ਭਰ ਮਿਹਨਤ ਕਰਨ ਤੇ ਕੋਈ ਬਿੱਲੀ ਤੇ ਗਿੱਦੜ ਵੀ ਨਹੀਂ ਹੱਥ ਲਗਦਾ। ਪਰ ਉਹ ਕਦੇ ਨਿਰਾਸ਼ ਨਹੀਂ ਹੁੰਦੇ, ਹਾਂ ਉਦਾਸ ਜਰੂਰ ਹੁੰਦੇ ਹਨ। ਉਨਾਂ ਦੀ ਹਾਲਤ ‘ਬੁੱਢਾ ਤੇ ਸਮੁੰਦਰ’ ਦੇ ਉਸ ਨਾਇਕ ਵਰਗੀ ਹੁੰਦੀ ਹੈ, ਜਿਹੜਾ ਆਸ ਨਹੀਂ ਛੱਡਦਾ। ਜਦੋਂ ਅਸੀਂ ਆਸ ਦਾ ਪੱਲਾ ਛੱਡ ਦਿੰਦੇ ਹਾਂ ਤਾਂ ਪੱਲਾ ਵੀ ਸਾਡੇ ਕੋਲੋਂ ਕੋਹਾਂ ਦੂਰ ਚਲੇ ਜਾਂਦਾ ਹੈ ਪਰ ਨਿੱਤ ਦੀ ਦਿਹਾੜੀ ਲਾਉਣ ਵਾਲਿਆਂ ਲਈ ਆਸ ਦਾ ਪੱਲਾ ਛੱਡਣਾ ਮੁਸ਼ਕਲ ਹੁੰਦਾ ਹੈ, ਉਨ੍ਹਾਂ ਨੂੰ ਆਪਣਾ ਹੀ ਨਹੀਂ ਸਗੋਂ ਪਰਿਵਾਰ ਦਾ ਫਿਕਰ ਹੁੰਦਾ ਹੈ।

ਇਹ ਨਿੱਤ ਆਪਣੇ ਦਿਨ ਦਾ ਸਫ਼ਰ ਮੂੰਹ ਹਨੇਰੇ ਤੋਂ ਕਰਦੇ ਹਨ, ਤੇ ਮੂੰਹ ਹਨੇਰੇ ਹੀ ਆਪਣੇ ਘਰਾਂ ਨੂੰ ਪਰਤਦੇ ਹਨ, ਇਨਾਂ ਦੇ ਘਰਾਂ ਅੰਦਰ ਇਨਾਂ ਦੀ ਉਡੀਕ ਕਰਨ ਵਾਲੇ ਬਰੂਹਾਂ ‘ਤੇ ਖੜੇ ਇੰਤਜ਼ਾਰ ਕਰਦੇ ਹਨ। ਉਨਾਂ ਲਈ ਘਰੋਂ ਗਿਆਂ ਦੀ ਉਡੀਕ ਕਰਨੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੁੰਦੀ ਹੈ।

- Advertisement -

ਉਨ੍ਹਾਂ ਦੀ ਜ਼ਿੰਦਗੀ ਕਿਸੇ ਨਰਕ ਦੇ ਨਾਲੋਂ ਘੱਟ ਨਹੀਂ ਹੁੰਦੀ ਪਰ ਉਹ ਆਪਣੇ ਜੀਵਨ ਵਿੱਚ ਆਈਆਂ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਕਦੇ ਵੀ ਹੱਥੋਂ ਨਹੀਂ ਜਾਣ ਦਿੰਦੇ, ਪਰ ਬਹੁਤੇ ਲੋਕ ਨਿੱਕੀਆਂ ਖੁਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜਦੋਂ ਕਿਸੇ ਵੱਡੀ ਖੁਸ਼ੀ ਦੀ ਤਲਾਸ਼ ਵਿੱਚ ਨਿਕਲਦੇ ਹਨ ਤਾਂ ਉਹ ਭਟਕ ਜਾਂਦੇ ਹਨ, ਭਟਕਿਆ ਮਨੁੱਖ ਕਦੇ ਵੀ ਵਾਪਸ ਨਹੀਂ ਪਰਤਦਾ। ਉਸ ਲਈ ਜੰਗਲ ਹੀ ਅਜਿਹੀ ਗੁਫਾ ਬਣ ਜਾਂਦਾ ਹੈ, ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਦਾ।

ਜ਼ਿੰਦਗੀ ਵਿੱਚ ਅਸੀਂ ਭਟਕਦੇ ਵਧੇਰੇ ਹਾਂ, ਸਹੀ ਰਸਤਿਆਂ ਉੱਤੇ ਘੱਟ ਤੁਰਦੇ ਹਾਂ। ਇਸੇ ਕਰਕੇ ਕਈ ਵਾਰ ਅਸੀਂ ਕੋਹਲੂ ਦੇ ਬਲ਼ਦ ਵਾਂਗ ਇੱਕ ਹੀ ਥਾਂ ਉੱਤੇ ਘੁੰਮੀਂ ਜਾਂਦੇ ਹਾਂ। ਨਾ ਸਫ਼ਰ ਮੁੱਕਦਾ ਹੈ ਤੇ ਨਾ ਹੀ ਭਟਕਣਾ ਮੁਕਦੀ ਹੈ। ਇਸ ਭਟਕਣਾਂ ਵਿੱਚ ਕਈ ਵਾਰ ਜ਼ਿੰਦਗੀ ਵੀ ਮੁੱਕ ਜਾਂਦੀ ਹੈ। ਬਾਅਦ ਵਿਚ ਉਸ ਜ਼ਿੰਦਗੀ ਦੇ ਨਾਲ ਜੁੜੀਆਂ ਕਥਾ-ਕਹਾਣੀਆਂ ਰਹਿ ਜਾਂਦੀਆਂ ਹਨ।

ਨਿੱਤ ਖੂਹ ਪੁੱਟਣ ਵਾਲਿਆਂ ਨੂੰ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਬੋਲੀਆਂ ਤੇ ਬੋਲ ਕਬੋਲ ਵੀ ਸੁਨਣੇ ਪੈਂਦੇ ਹਨ, ਜਿਹੜੇ ਉਨ੍ਹਾਂ ਨੇ ਕਦੇ ਸੋਚੇ ਵੀ ਨਹੀਂ ਹੁੰਦੇ, ਕਈ ਵਾਰ ਤਾਂ ਅਜਿਹੇ ਅਪ-ਸ਼ਬਦ ਵੀ ਸੁਨਣੇ ਪੈਂਦੇ ਹਨ, ਜਿਹੜੇ ਖੰਜਰ ਨਾਲੋਂ ਵੀ ਤਿੱਖੇ ਤੇ ਜ਼ਹਿਰ ਨਾਲੋਂ ਜ਼ਹਿਰੀਲੇ ਹੁੰਦੇ ਹਨ। ਪਰ ਉਨ੍ਹਾਂ ਲਈ ਤਾਂ ਇਹ ਸਭ ਕੁਝ ਸੁਨਣ ਦੀ ਇੱਕ ਆਦਤ ਬਣ ਜਾਂਦੀ ਹੈ।

ਉਨ੍ਹਾਂ ਕੋਲ ਇਨ੍ਹਾਂ ਸ਼ਬਦਾਂ ਦੇ ਬਦਲੇ ਵਿੱਚ ਬੋਲਣ ਲਈ ਬੜਾ ਕੁੱਝ ਹੁੰਦਾ ਹੈ, ਪਰ ਢਿੱਡ ਦੀ ਮਜ਼ਬੂਰੀ, ਉਨ੍ਹਾਂ ਦੇ ਮੂੰਹ ਉੱਤੇ ਛਿੱਕਲੀ ਲਾ ਦਿੰਦੀ ਹੈ। ਨਿੱਤ ਖੂਹ ਪੁੱਟਣ ਵਾਲਿਆਂ ਵਿੱਚ ਸਬਜ਼ੀ ਵਾਲੇ, ਡੱਗੀ ਵਾਲੇ, ਪਾਨ ਵਾਲੇ, ਕੁਲਚਿਆਂ ਵਾਲੇ, ਮੋਚੀ , ਚੂੜੀਆਂ ਵੇਚਣ ਵਾਲੇ, ਕਬਾੜੀਏ, ਰਾਜ ਮਿਸਤਰੀ, ਤਰਖਾਣ, ਅਚਾਰ ਵੇਚਣ ਵਾਲੇ, ਮੱਝ-ਕੱਟਾ ਖਰੀਦਣ ਵਾਲੇ, ਗੋਲ ਗੱਪਿਆਂ ਵਾਲੇ, ਟਿੱਕੀਆਂ-ਬਰੈੱਡ-ਪਕੌੜੇ ਬਣਾਉਣ ਵਾਲੇ, ਚਾਹ-ਦੁੱਧ ਵਾਲੇ, ਪਰੌਠੇ ਦੀ ਰੇਹੜੀ ਵਾਲੇ, ਦਿਹਾੜੀਦਾਰ ਮਜ਼ਦੂਰ-ਸਫੈਦੀ ਕਰਨ ਵਾਲੇ, ਮਾਰਬਲ ਲਾਉਣ ਵਾਲੇ, ਲੁੱਕ ਪਾਉਣ ਵਾਲੇ, ਕਰਦਾਂ-ਚਾਕੂ ਤੇ ਜਿੰਦੇ ਕੁੰਜੀਆਂ ਲਗਾਉਣ ਵਾਲੇ, ਛੱਜ ਵੇਚਣ ਵਾਲੇ, ਪਾਨ ਬੀੜੀ ਵੇਚਣ ਵਾਲੇ, ਰੇਹੜੀ-ਫੜੀ ਲਗਾਉਣ ਵਾਲੇ, ਗਜ਼ਾ ਕਰਨ ਵਾਲੇ, ਭਾਂਡੇ-ਢੋਂਸੀ-ਬਰਫ਼-ਕੁਲਫੀਆਂ ਵੇਚਣ ਵਾਲੇ, ਦਾਣੇ-ਛੋਲੇ ਵੇਚਣ ਵਾਲੇ, ਦਹੀ ਵੇਚਣ ਵਾਲੇ, ਫਲੱਸ਼ਾਂ ਠੀਕ ਕਰਨ ਵਾਲੇ, ਗਲੀਆਂ ਵਿੱਚੋਂ ਕਾਗਜ਼ ਚੁੱਕਣ ਵਾਲੇ, ਲੋਹਾ ਚੁੱਕਣ ਵਾਲੇ, ਗੱਡੀਆਂ ਵਾਲੇ, ਤੱਸਲੇ-ਖੁਰਚਣੇ ਵੇਚਣ ਵਾਲੇ, ਤਸਲੇ ਵੇਚਣ ਤੇ ਥੱਲੇ ਲਗਾਉਣ ਵਾਲੇ, ਖਿਡੌਣੇ ਵੇਚਣ ਵਾਲੇ, ਬੱਸਾਂ ਤੇ ਗੱਡੀਆਂ ਵਿੱਚ ਖਾਣ-ਪੀਣ ਦਾ ਸਮਾਨ ਤੇ ਛੱਲੇ-ਮੁੰਦੀਆਂ-ਦਵਾਈ ਵੇਚਣ ਵਾਲੇ, ਸ਼ਰੀਰ ਤੇ ਨਾ ਖੁੱਬਣ ਵਾਲੀਆਂ-ਬੇਰ ਵੇਚਣ ਵਾਲੇ, ਮਿੱਟੀ ਦੇ ਭਾਂਡੇ ਵੇਚਣ ਵਾਲੇ, ਪਾਂਡੂ ਵੇਚਣ ਵਾਲੇ, ਸਾਗ-ਮੇਥੇ-ਪਾਲਕ ਵੇਚਣ ਵਾਲੇ, ਫਲ ਵੇਚਣ ਵਾਲੇ, ਹਜ਼ਾਮਤ ਕਰਨ ਵਾਲੇ, ਦਾਤਣਾਂ ਵੇਚਣ ਵਾਲੇ, ਪੁਰਾਣੇ ਕੱਪੜੇ ਵੇਚਣ ਵਾਲੇ, ਨਿੰਬੂ ਪਾਣੀ-ਸੋਡਾ ਵੇਚਣ ਵਾਲੇ, ਆਈਸ ਕਰੀਮ ਵੇਚਣ ਵਾਲੇ, ਗੱਡੀਆਂ ਠੀਕ ਕਰਨ ਵਾਲੇ, ਟਾਂਕੇ ਲਾਉਣ ਵਾਲੇ, ਰਿਕਸ਼ਾ-ਆਟੋ ਚਲਾਉਣ ਵਾਲੇ, ਜੁੱਤੀਆਂ ਵੇਚਣ ਵਾਲੇ, ਦਰੀਆਂ-ਚਾਦਰਾਂ ਵੇਚਣ ਵਾਲੇ ਸ਼ਾਮਲ ਹਨ।

- Advertisement -

ਸਮਾਜਕ, ਆਰਥਿਕ, ਧਾਰਮਿਕ, ਰਾਜਨੀਤਿਕ ਸਿੱਖਿਆ ਦੀ ਨਾ ਬਰਾਬਰੀ ਨੇ ਇਨਾਂ ਕਿਰਤੀਆਂ ਦੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਇਨਾਂ ਲਈ ਸਦੀਆਂ ਤੋਂ ਕੁੱਲੀ-ਗੁੱਲੀ-ਜੁੱਲੀ ਦੀ ਜੰਗ ਹੀ ਜਿੱਤ ਨਹੀਂ ਹੋਈ। ਇਸੇ ਹੀ ਕਰਕੇ ਹੁਣ ਸਮਾਜ ਅੰਦਰ ਮਨੁੱਖ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਉਪਰਲਾ ਵਰਗ ਜਿਹੜਾ ਸੋਨੇ ਦਾ ਚਮਚਾ ਲੈ ਕੇ ਜੰਮਿਆ ਹੈ, ਉਨ੍ਹਾਂ ਕੋਲ ਜ਼ਮੀਨ ਜਾਇਦਾਦ ਤੇ ਮਾਇਆ ਵਧੀ ਜਾ ਰਹੀ ਹੈ-ਉਨ੍ਹਾਂ ਲਈ ਕਿਸੇ ਵੀ ਸਹੂਲਤ ਦੀ ਕੋਈ ਵੀ ਘਾਟ ਨਹੀਂ।
ਵਿਚਕਾਰਲਾ ਵਰਗ ਉਹ ਹੈ, ਜਿਹੜੇ ਆਪਣਿਆਂ ਨਾਲੋਂ ਟੁੱਟ ਗਿਆ ਹੈ, ਉਹ ਉੱਪਰਲਿਆਂ ਦੇ ਨਾਲ ਜੁੜਨ ਲਈ ਕਿਸ਼ਤਾਂ ਦੇ ਚੱਕਰ ਵਿੱਚ ਗੁਆਚ ਗਿਆ ਹੈ।

ਇਨ੍ਹਾਂ ਦੋਹਾਂ ਵਰਗਾਂ ਦੀ ਗਿਣਤੀ ਵੀ ਬਹੁਤ ਥੋੜੀ ਹੈ। ਬਹੁਗਿਣਤੀ ਤਾਂ ਥੱਲੜੇ ਵਰਗ ਦੀ ਹੈ, ਜਿਹੜਾ ਨਾ ਜਿਉਂਦਿਆਂ ਵਿੱਚ ਹੈ ਤੇ ਨਾ ਮਰਿਆਂ ਵਿੱਚ ਹੈ, ਉਨਾਂ ਕੋਲੋਂ ਜ਼ਿੰਦਗੀ ਦੀਆਂ ਸਾਰੀਆਂ ਹੀ ਸੰਵਿਧਾਨਿਕ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਉਹ ਨਾ ਸਿੱਖਿਆ ਹੀ ਹਾਸਲ ਕਰ ਸਕਦੇ ਹਨ ਤੇ ਨਾ ਹੀ ਆਪਣਾ ਇਲਾਜ ਕਰਵਾ ਸਕਦੇ ਹਨ।

ਉਨ੍ਹਾਂ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਜਿਹੜੇ ਮਿਹਨਤ ਮੁਸ਼ੱਕਤ ਕਰਕੇ ਸਿੱਖਿਆ ਪ੍ਰਾਪਤ ਕਰ ਵੀ ਲੈਂਦੇ ਹਨ, ਉਨ੍ਹਾਂ ਲਈ ਕੋਈ ਰੁਜ਼ਗਾਰ ਨਹੀਂ। ਉਹ ਬੇਰੁਜ਼ਗਾਰ ਹੋਏ-ਸੜਕਾਂ ਉੱਤੇ ਪੁਲਿਸ ਦੀਆਂ ਲਾਠੀਆਂ ਖਾਣ ਜੋਗੇ ਰਹਿ ਗਏ ਹਨ। ਦੂਸਰੇ ਪਾਸੇ ਸਰਕਾਰ ਨੇ ਉਪਰਲੇ ਵਰਗ ਨੂੰ ਐਨੀਆਂ ਸਹੂਲਤਾਂ ਦੇ ਦਿੱਤੀਆਂ ਹਨ, ਸਿੱਖਿਆ ਮਾਫੀਆ, ਹਸਪਤਾਲ ਮਾਫੀਆ, ਧਰਮ ਦਾ ਮਾਫੀਆ, ਸੇਵਾ ਦਾ ਮਾਫੀਆ, ਸਾਹਿਤ ਦਾ ਮਾਫੀਆ, ਤੇ ਮਾਫੀਆ ਹੀ ਮਾਫੀਆ, ਜਿਹੜੀਆਂ ਦੋਵੇਂ ਹੱਥੀਂ ਦਿਨ ਤੇ ਰਾਤ ਲੁੱਟ ਰਿਹਾ ਹੈ।

ਜਿਹੜੇ ਲੋਕ ਆਲੀਸ਼ਾਨ ਕੋਠੀਆਂ, ਮਕਾਨਾਂ ਵਿੱਚ ਰਹਿੰਦੇ ਹਨ, ਉਨ੍ਹਾਂ ਵੱਲੋਂ ਸਮਾਜ ਵਿੱਚ ਪਾਏ ਗੰਦ ਨੂੰ ਸਾਫ਼ ਕਰਨ ਵਾਲੇ ਉਹ ਹੀ ਲੋਕ ਹਨ, ਜਿਹੜੇ ਕ{ੜੇ ਕਰਕਟ ਤੇ ਗੰਦਗੀ ਵਿੱਚੋਂ ਆਪਣਾ ਪੇਟ ਭਰਨ ਲਈ ‘ਰੋਟੀ’ ਲੱਭਦੇ ਹਨ। ਇਨਾਂ ਕੋਠੀਆਂ ਵਿੱਚ ਜ਼ਿੰਦਗੀ ਨਾਲੋਂ-ਮਸ਼ੀਨਾਂ ਦੀ ਗਿਣਤੀ ਵੱਧ ਗਈ ਹੈ। ਗਲੈਮਰ ਦੀ ਚਕਾਚੌਂਧ ਨੇ ਸਮਾਜਕ ਰਿਸ਼ਤਿਆਂ ਦਾ ਗਲਾ ਘੁੱਟ ਦਿੱਤਾ ਹੈ। ਸਮਾਜ ਅੰਦਰ ਤਣਾਅ ਤਕਰਾਰ ਤੇ ਨਿੱਜੀ ਦੁਸ਼ਮਣੀਆਂ ‘ਚ ਨਿਰੰਤਰ ਵਾਧਾ ਹੋ ਰਿਹਾ ਹੈ।
ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ , ਜਿਹੜੇ ਛੋਟੇ-ਮੋਟੇ ਅਦਾਰਿਆਂ ਵਿੱਚ ਕੰਮ ਕਰਦੇ ਹਨ, ਉੱਥੇ ਉਨਾਂ ਦਾ ਆਰਥਿਕ, ਸ਼ਰੀਰਿਕ ਤੇ ਮਾਨਸਿਕ ਸ਼ੋਸ਼ਣ ਕਰਨਾ ਉਨਾਂ ਅਦਾਰਿਆਂ ਦੇ ਮਾਲਕਾਂ ਦਾ ਹੱਕ ਬਣ ਗਿਆ ਹੈ। ਜਿਹੜਾ ਵੀ ਕੋਈ ਵਿਅਕਤੀ ਇਨਾਂ ਅਦਾਰਿਆਂ ਅੰਦਰ ਹੁੰਦੀ ਲੁੱਟ ਦਾ ਕਿੱਧਰੇ ਪਰਦਾ ਚਾਕ ਕਰਦਾ ਹੈ,।

-ਬੁੱਧ ਸਿੰਘ ਨੀਲੋਂ;

Share this Article
Leave a comment