ਵਾਸ਼ਿੰਗਟਨ: ਭਾਰਤੀ ਮੂਲ ਦੇ ਪਰਵਾਸੀ ਅਮਰੀਕਾ ਦੀ ਆਬਾਦੀ ਦਾ ਸਿਰਫ਼ ਇੱਕ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਸਰਕਾਰੀ ਖਜਾਨੇ ‘ਚ 6 ਫੀਸਦੀ ਟੈਕਸ ਦਾ ਯੋਗਦਾਨ ਪਾ ਰਹੇ ਹਨ। ਅਮਰੀਕਾ ਦੀ ਸੰਸਦ ਵਿੱਚ ਰਿਪਬਲਿਕਨ ਪਾਰਟੀ ਦੇ ਰਿਚ ਮਕੌਰਮਿਕ ਨੇ ਇਸ ਸਬੰਧੀ ਬੋਲਦਿਆਂ ਦਿੰਦੇ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀਆਂ ਵਰਗਾ ਦੇਸ਼ ਭਗਤ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਹਰ ਪੰਜ ਡਾਕਟਰਾਂ ‘ਚੋਂ ਇਕ ਭਾਰਤੀ ਮੂਲ ਦਾ ਹੈ ਅਤੇ ਨਵੇਂ ਉਦਮੀਆਂ ‘ਚ ਵੀ ਭਾਰਤੀ ਮੂਲ ਦੇ ਲੋਕਾਂ ਦੀ ਕਈ ਕਮੀ ਨਹੀਂ।
ਇਸ ਤੋਂ ਇਲਾਵਾ ਖੇਤੀ ‘ਚ ਵੀ ਭਾਰਤੀ ਮੂਲ ਦੇ ਲੋਕ ਰਿਕਾਰਡ ਕਾਇਮ ਕਰ ਰਹੇ ਹਨ ਅਤੇ ਸਖ਼ਤ ਮਿਹਨਤ ਨਾਲ ਅਮਰੀਕਾ ਦੀ ਖੁਸ਼ਹਾਲੀ ਯਕੀਨੀ ਬਣਾ ਰਹੇ ਹਨ। ਪੇਸ਼ੇ ਵਜੋਂ ਡਾਕਟਰ ਰਿਚ ਮਕੌਰਮਿਕ ਨੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਇਹ ਗੱਲਾਂ ਕੀਤੀਆਂ। 8 ਨਵੰਬਰ 2022 ਨੂੰ ਹੋਈਆਂ ਮੱਧਕਾਲੀ ਚੋਣਾਂ ਦੌਰਾਨ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਬੌਬ ਕ੍ਰਿਸ਼ਚੀਅਨ ਨੂੰ ਹਰਾਇਆ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲਾਂ ਦੇ ਐਮਰਜੰਸੀ ਰੂਮ ‘ਚ ਚਲੇ ਜਾਉ ਜਿਥੇ ਓਵਰਡੋਜ਼ ਅਤੇ ਡਿਪ੍ਰੇਸ਼ਨ ਦੇ ਸ਼ਿਕਾਰ ਮਰੀਜ਼ ਆਮ ਮਿਲ ਜਾਂਦੇ ਹਨ ਪਰ ਭਾਰਤੀ ਮੂਲ ਦੇ ਲੋਕਾਂ ‘ਚ ਇਹ ਸਮੱਸਿਆਵਾਂ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਇਹ ਪਰਿਵਾਰ ਨਾਲ ਸਮਾਂ ਬਿਤਾਉਣ ਵਾਲੇ ਲੋਕ ਹਨ ਅਤੇ ਖੁਦ ਨੂੰ ਬਿਹਤਰੀਨ ਅਮਰੀਕੀ ਨਾਗਰਿਕ ਵਜੋਂ ਸਾਬਤ ਕਰਦੇ ਆ ਰਹੇ ਹਨ।
ਦੱਸਣਯੋਗ ਹੈ ਕਿ ਜਾਰਜੀਆ ‘ਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵਸਦੇ ਹਨ। ਰਿਚ ਮਕੌਰਮਿਕ ਨੇ ਦੱਸਿਆ ਕਿ ਉਨ੍ਹਾਂ ਦੀ ਰਾਈਡਿੰਗ ਵਿਚ ਇਕ ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਰਹਿ ਰਹੇ ਹਨ ਜਿਨ੍ਹਾਂ ਦੀ ਬਦੌਲਤ ਇਥੇ ਤੱਕ ਪਹੁੰਚਣ ਦਾ ਮੌਕਾ ਮਿਲਿਆ। ਇਮੀਗ੍ਰੇਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਦੇ ਪਾਬੰਦ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ ਇਮੀਗ੍ਰੇਸ਼ਨ ਪ੍ਰਣਾਲੀ ਸੁਖਾਲੀ ਬਣਾਉਣੀ ਚਾਹੀਦੀ ਹੈ ਤਾਂਕਿ ਇਕ ਸਿਰਜਣਾਤਮਕ ਅਤੇ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਰਿਚ ਮਕੌਰਮਿਕ ਨੇ ਅਖੀਰ ‘ਚ ਕਿਹਾ ਕਿ ਉਹ ਜਲਦ ਹੀ ਭਾਰਤੀ ਰਾਜਦੂਤ ਨਾਲ ਮੁਲਾਕਾਤ ਕਰਨਗੇ।