ਅਮਰੀਕਾ ਦੀ ਰਾਜਨੀਤੀ ‘ਚ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ 130 ਤੋਂ ਵੱਧ ਭਾਰਤੀ-ਅਮਰੀਕੀ ਉੱਚ ਅਹੁਦਿਆਂ ‘ਤੇ ਰਹੇ। ਹੁਣ, ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ‘ਚ ਵੀ ਭਾਰਤੀ ਭਾਈਚਾਰੇ ਦੇ ਕੁਝ ਪ੍ਰਮੁੱਖ ਚਿਹਰੇ ਵ੍ਹਾਈਟ ਹਾਊਸ ‘ਚ ਆਪਣੀ ਥਾਂ ਬਣਾਉਂਦੇ ਨਜ਼ਰ ਆ ਰਹੇ ਹਨ।
ਹਾਲਾਂਕਿ, ਇਸ ਵਾਰੀ ਭਾਰਤੀ ਮੂਲ ਦੇ ਲੋਕਾਂ ਦੀ ਘੱਟ ਗਿਣਤੀ ਨੂੰ ਲੈ ਕੇ ਕੁਝ ਅਸੰਤੋਸ਼ ਵੀ ਜਤਾਇਆ ਗਿਆ, ਪਰ ਇਸ ਦੇ ਬਾਵਜੂਦ, ਕੁਝ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਹਸਤੀਆਂ ਨੂੰ ਮਹੱਤਵਪੂਰਨ ਅਹੁਦੇ ਮਿਲੇ ਹਨ। ਇਹ ਨਵੀਂ ਟੀਮ ਆਉਣ ਵਾਲੇ ਸਾਲਾਂ ‘ਚ ਅਮਰੀਕੀ ਰਾਜਨੀਤੀ ਅਤੇ ਪ੍ਰਸ਼ਾਸਨ ‘ਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਵ੍ਹਾਈਟ ਹਾਊਸ ‘ਚ ਭਾਰਤੀ-ਅਮਰੀਕੀ ਚਿਹਰੇ
ਰਿਕੀ ਗਿੱਲ – ਰਿਕੀ ਗਿੱਲ ਨੂੰ ਨੈਸ਼ਨਲ ਸੁਰੱਖਿਆ ਕੌਂਸਲ (NSC) ‘ਚ ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦਾ ਸੀਨੀਅਰ ਡਾਇਰੈਕਟਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ, ਉਹ ਟਰੰਪ ਪ੍ਰਸ਼ਾਸਨ ‘ਚ ਯੂਰਪ ਅਤੇ ਰੂਸ ਮਾਮਲਿਆਂ ਦੇ ਡਾਇਰੈਕਟਰ ਰਹੇ। 2017-2020 ਤਕ ਉਹ ਸਟੇਟ ਡਿਪਾਰਟਮੈਂਟ ‘ਚ ਵੀ ਸੀਨੀਅਰ ਸਲਾਹਕਾਰ ਰਹੇ।
ਸੌਰਭ ਸ਼ਰਮਾ – ਸੌਰਭ ਸ਼ਰਮਾ ਵ੍ਹਾਈਟ ਹਾਊਸ ਦੇ ਪ੍ਰੈਜ਼ੀਡੈਂਸ਼ਲ ਪਰਸਨਲ ਆਫਿਸ ਨਾਲ ਜੁੜੇ ਹਨ, ਜੋ ਪ੍ਰਸ਼ਾਸਨਿਕ ਨਿਯੁਕਤੀਆਂ ਸੰਭਾਲਦਾ ਹੈ। ਬੈਂਗਲੁਰੂ ‘ਚ ਜੰਮੇ ਸ਼ਰਮਾ ਵਾਸ਼ਿੰਗਟਨ ਡੀ.ਸੀ. ‘ਚ ਇਕ ਕਨਜ਼ਰਵੇਟਿਵ ਗਰੁੱਪ “ਅਮਰੀਕਨ ਮੋਮੈਂਟ” ਦੇ ਸੰਸਥਾਪਕ ਅਤੇ ਪ੍ਰਧਾਨ ਹਨ।
ਕੁਸ਼ ਦੇਸਾਈ – ਕੁਸ਼ ਦੇਸਾਈ ਨੂੰ ਵ੍ਹਾਈਟ ਹਾਊਸ ਕੰਮਿਉਨਿਕੇਸ਼ਨ ਟੀਮ ‘ਚ ਡਿਪਟੀ ਪ੍ਰੈੱਸ ਸੈਕਰੇਟਰੀ ਨਿਯੁਕਤ ਕੀਤਾ ਗਿਆ ਹੈ। ਪੱਤਰਕਾਰਤਾ ਪਿਛੋਕੜ ਵਾਲੇ ਦੇਸਾਈ ਪਹਿਲਾਂ ਪੈਨਸਿਲਵੇਨੀਆ ‘ਚ ਸੰਚਾਰ ਨਿਰਦੇਸ਼ਕ ਰਹੇ ਹਨ। ਟਰੰਪ ਦੀ ਚੋਣ ਮੁਹਿੰਮ ਦੌਰਾਨ, ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਕੰਮਿਉਨਿਕੇਸ਼ਨ ਵਿਭਾਗ ‘ਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਇਹ ਦੋ ਵੱਡੇ ਨਾਮ ਵੀ ਟਰੰਪ ਦੀ ਟੀਮ ‘ਚ ਸ਼ਾਮਲ
ਜੈ ਭਟਾਚਾਰਿਆ – ਡੋਨਾਡ ਟਰੰਪ ਨੇ ਭਾਰਤੀ ਮੂਲ ਦੇ ਜੈ ਭਟਾਚਾਰਿਆ ਨੂੰ ਨੈਸ਼ਨਲ ਇੰਸਟਿਟਿਊਟ ਆਫ ਹੈਲਥ (NIH) ਦਾ ਨਵਾਂ ਨਿਰਦੇਸ਼ਕ ਨਿਯੁਕਤ ਕੀਤਾ ਹੈ। ਭਟਾਚਾਰਿਆ ਕੋਵਿਡ-19 ਮਹਾਮਾਰੀ ਦੌਰਾਨ ਬਾਈਡਨ ਪ੍ਰਸ਼ਾਸਨ ਦੀਆਂ ਨੀਤੀਆਂ ਦੇ ਖੁੱਲ੍ਹੇ ਵਿਰੋਧੀ ਰਹੇ ਹਨ ਅਤੇ ਲਾਕਡਾਊਨ ਦੇ ਫੈਸਲੇ ਦੀ ਕੜੀ ਆਲੋਚਨਾ ਕਰ ਚੁੱਕੇ ਹਨ। NIH ਅਮਰੀਕਾ ‘ਚ ਉਹੀ ਭੂਮਿਕਾ ਨਿਭਾਉਂਦਾ ਹੈ, ਜੋ ਭਾਰਤ ‘ਚ Indian Council of Medical Research (ICMR) ਨਿਭਾਉਂਦਾ ਹੈ।
ਕਾਸ਼ ਪਟੇਲ – ਟਰੰਪ ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ Federal Bureau of Investigation (FBI) ਦੇ ਨਵੇਂ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ। 44 ਸਾਲਾਂ ਕਾਸ਼ ਪਟੇਲ ਟਰੰਪ ਦੇ ਸਭ ਤੋਂ ਭਰੋਸੇਯੋਗ ਵਿਅਕਤੀਆਂ ‘ਚ ਗਿਣੇ ਜਾਂਦੇ ਹਨ। ਅਮਰੀਕੀ ਰੱਖਿਆ ਮੰਤਰਾਲੇ ਅਨੁਸਾਰ, ਉਹ ਪਹਿਲਾਂ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫ਼ਰ ਮਿਲਰ ਦੇ ਚੀਫ਼ ਆਫ਼ ਸਟਾਫ਼ ਵਜੋਂ ਵੀ ਕੰਮ ਕਰ ਚੁੱਕੇ ਹਨ।