ਵਾਸ਼ਿੰਗਟਨ : ਅਮਰੀਕਾ ‘ਚ 48 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਲੱਖਾਂ ਡਾਲਰ ਦੀ ਠੱਗੀ ਮਾਰਨ ਦਾ ਅਪਰਾਧ ਕਬੂਲ ਕਰ ਲਿਆ ਹੈ। ਮੈਰੀਲੈਂਡ ਸੂਬੇ ਦੇ ਮਨੀਸ਼ ਸਿੰਘ ਨੂੰ 12.5 ਲੱਖ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਜ਼ਾ ਦਾ ਐਲਾਨ 30 ਜੁਲਾਈ ਨੂੰ ਕੀਤਾ ਜਾਵੇਗਾ ਅਤੇ ਉਸ ਨੂੰ 20 ਸਾਲ ਤੱਕ ਜੇਲ੍ਹ ਵਿਚ ਰਹਿਣਾ ਪੈ ਸਕਦਾ ਹੈ।
ਇਸ ਮਾਮਲੇ ਸਬੰਧੀ ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਕਾਰਜਕਾਰੀ ਅਟਾਰਨੀ ਰਾਜ ਪਾਰਿਖ ਨੇ ਦੱਸਿਆ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਮੁਲਜ਼ਮ ਨੇ ਮੰਨ ਲਿਆ ਹੈ ਕਿ ਉਸ ਨੇ ਫ਼ੈਬਰਿਕ ਡਿਜ਼ਾਈਨ ਕਾਰੋਬਾਰ ‘ਚ ਨਿਵੇਸ਼ ਕਰਨ ਦਾ ਭਰੋਸਾ ਦੇ ਕੇ ਲੋਕਾਂ ਤੋਂ 12 ਲੱਖ ਡਾਲਰ ਠੱਗੇ ਅਤੇ ਇਸ ਰਕਮ ਦੀ ਵਰਤੋਂ ਆਪਣੇ ਨਿੱਜੀ ਖਰਚਿਆਂ ਲਈ ਕੀਤੀ।
ਅਦਾਲਤੀ ਦਸਤਾਵੇਜ਼ਾਂ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਮੁਤਾਬਕ ਮਨੀਸ਼ ਸਿੰਘ ਨੇ 2016 ‘ਚ ਇਕ ਜੋੜੇ ਨਾਲ ਫ਼ੈਬਰਿਕ ਡਿਜ਼ਾਈਨ ਕਾਰੋਬਾਰ ਬਾਰੇ ਸਮਝੌਤਾ ਕੀਤਾ। ਇਸ ਜੋੜੇ ਵੱਲੋਂ ਕਾਰੋਬਾਰ ਲਈ ਰਕਮ ਦਿੱਤੀ ਜਾਣੀ ਸੀ ਜਦਕਿ ਮਨੀਸ਼ ਸਿੰਘ ਵਲੋਂ ਆਪਣੀ ਮੁਹਾਰਤ ਰਾਹੀਂ ਕਾਰੋਬਾਰ ਨੂੰ ਵਧਾਇਆ ਜਾਣਾ ਸੀ।
ਮਨੀਸ਼ ਸਿੰਘ ਨੇ ਨਿਵੇਸ਼ਕਾਂ ਨੂੰ ਇਹ ਭਰੋਸਾ ਦਵਾ ਦਿੱਤਾ ਕਿ ਉਨ੍ਹਾਂ ਦੀ ਰਕਮ ਭਾਰਤ ‘ਚ ਕੱਪੜਾ ਤਿਆਰ ਕਰਨ ‘ਤੇ ਖ਼ਰਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਨੀਸ਼ ਸਿੰਘ ਵੱਲੋਂ ਸਾਰੀ ਰਕਮ ਆਪਣੇ ਨਿੱਜੀ ਖ਼ਰਚਿਆਂ ‘ਤੇ ਖ਼ਰਚ ਕੀਤੀ ਜਾ ਰਹੀ ਸੀ। ਮਨੀਸ਼ ਸਿੰਘ ਦੇ ਲਾਰਿਆਂ ‘ਚ ਆ ਕੇ ਜੋੜੇ ਨੇ ਕੁਝ ਹੋਰ ਪੈਸੇ ਵੀ ਉਸ ਨੂੰ ਦੇ ਦਿੱਤੇ ਅਤੇ ਕੁੱਲ ਰਕਮ 12.5 ਲੱਖ ਡਾਲਰ ਤੋਂ ਪਾਰ ਚਲੇ ਗਈ।