ਨਿਊਯਾਰਕ: ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕੀ ਵਿਅਕਤੀ ਨੇ ਆਪਣੇ ਵਾਹਨ ਨਾਲ ਇੱਕ ਕਾਰ ਨੂੰ ਜਾਣਬੁੱਝ ਕੇ ਟੱਕਰ ਮਾਰੀ ਜਿਸਦੇ ਨਾਲ ਕਾਰ ਵਿੱਚ ਸਵਾਰ ਛੇ ਨੌਜਵਾਨਾਂ ‘ਚੋਂ ਤਿੰਨ ਦੀ ਮੌਤ ਹੋ ਗਈ ਅਤੇ ਬਾਕੀ ਜਖ਼ਮੀ ਹੋ ਗਏ। ਭਾਰਤੀ ਮੂਲ ਦੇ ਵਿਅਕਤੀ ‘ਤੇ ਕਤਲ ਦੇ ਕਈ ਦੋਸ਼ ਲਗਾਏ ਗਏ ਹਨ।
ਅਮਰੀਕੀ ਮੀਡੀਆ ‘ਚ ਆਈ ਖਬਰਾਂ ਦੇ ਅਨੁਸਾਰ, ਕੈਲੀਫੋਰਨੀਆ ਦੇ ਕੋਰੋਨਾ ਸ਼ਹਿਰ ਵਾਸੀ ਅਨੁਰਾਗ ਚੰਦਰ ( 42 ) ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਹ ਹਾਦਸਾ ਐਤਵਾਰ ਦੇਰ ਰਾਤ 19 ਜਨਵਰੀ ਨੂੰ ਵਾਪਰਿਆ ਸੀ।
ਕੈਲਿਫੋਰਨੀਆ ਹਾਈਵੇਅ ਪੈਟਰੋਲ ਦੇ ਲੈਫਟੀਨੈਂਟ ਡੇਵਿਡ ਯੋਕਲੇ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ, ਇਹ ਜਾਣਬੁੱਝ ਕੇ ਕੀਤਾ ਗਿਆ ਕਾਰਾ ਹੈ। ਨਿਊਯਾਰਕ ਪੋਸਟ ਨੇ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ, ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ ਚੰਦਰ ਨੇ ਜਾਣਬੁੱਝ ਕੇ ਕਾਰ ਨੂੰ ਟੱਕਰ ਮਾਰੀ ਜਿਸ ਨਾਲ ਚਾਲਕ ਗੱਡੀ ਤੋਂ ਕਾਬੂ ਖੋਹ ਬੈਠਾ। ਇਹ ਜਾਂਚ ਹੁਣ ਹਿਟ-ਰਨ ਦੇ ਮਾਮਲੇ ਤੋਂ ਕਤਲ ਦੇ ਮਾਮਲੇ ਵਿੱਚ ਬਦਲ ਗਈ ਹੈ।
ਐੱਨਬੀਸੀ ਨਿਊਜ਼ ਦੇ ਅਨੁਸਾਰ, ਇੱਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ। ਹਾਲੇ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਪੀੜਤਾਂ ਨੇ ਸੀਟ ਬੈਲਟ ਲਗਾ ਰੱਖੀ ਸੀ ਜਾਂ ਨਹੀਂ। ਯੋਕਲੇ ਨੇ ਹਾਦਸੇ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ।