ਭਾਰਤੀ ਮੂਲ ਦੇ ਪੁਲਾੜ ਯਾਤਰੀ ਨੂੰ ਮਿਲੇਗਾ ਵੱਡਾ ਅਹੁਦਾ

Global Team
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਮੂਲ ਦੇ ਪੁਲਾੜ ਯਾਤਰੀ ਰਾਜਾ ਜੇ ਚਾਰੀਂ ਨੂੰ ਵੱਡਾ ਅਹੁਦਾ ਮਿਲਣ ਜਾ ਰਿਹਾ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਅਹੁਦੇ ਲਈ ਨਾਮਜ਼ਦ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਨਾਮਜ਼ਦਗੀ ਲਈ ਸੈਨੇਟ ਦੀ ਮਨਜੂਰੀ ਲੈਣੀ ਪਵੇਗੀ।

45 ਸਾਲ ਦੇ ਕਰਨਲ ਰਾਜਾ ਜੇ ਚਾਰੀ ਮੌਜੂਦਾ ਸਮੇਂ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ, ਜੌਨਸਨ ਸਪੇਸ ਸੈਂਟਰ ਟੈਕਸਾਸ ਵਿਖੇ ਕਰੂ- 3 ਕਮਾਂਡਰ ਅਤੇ ਪੁਲਾੜ ਯਾਤਰੀ ਵਜੋਂ ਸੇਵਾ ਨਿਭਾ ਰਹੇ ਹਨ। ਰਾਜਾ ਨੇ ਮੈਸਾਚਿਊਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਏਅਰੋਨੌਟਿਕਸ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੈਟਕਸੈਂਟ ਰਿਵਰ, ਮੈਰੀਲੈਂਡ ਵਿੱਚ ਯੂਐਸ ਨੇਵਲ ਟੈਸਟ ਪਾਇਲਟ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ।

ਚਾਰੀ ਨੇ 461ਵੇਂ ਫਲਾਈਟ ਟੈਸਟ ਸਕੁਐਡਰਨ ਦੇ ਕਮਾਂਡਰ ਵਜੋਂ ਸੇਵਾ ਨਿਭਾਈ ਅਤੇ ਕੈਲੀਫੋਰਨੀਆ ਵਿੱਚ ਐਡਵਰਡਜ਼ ਏਅਰ ਫੋਰਸ ਬੇਸਵਿਖੇ ਡਾਇਰੈਕਟਰ ਵਜੋਂ ਸੇਵਾ ਕੀਤੀ। ਸਾਲ 2020 ਵਿੱਚ ਨਾਸਾ ਅਤੇ ਯੂਰਪੀ ਸਪੇਸ ਏਜੰਸੀ ਨੇ ਚਾਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਪੇਸਐਕਸ ਕਰੂ- 3 ਮਿਸ਼ਨ ਦੇ ਕਮਾਂਡਰ ਵਜੋਂ ਚੁਣਿਆ। ਚਾਰੀ ਇੱਕ ਟੈਸਟ ਪਾਇਲਟ ਦੇ ਰੂਪ ਵਿੱਚ ਮਿਸ਼ਨ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਕੋਲ ਆਪਣੇ ਕਰੀਅਰ ਵਿੱਚ 2500 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹੈ।

ਬ੍ਰਿਗੇਡੀਅਰ ਜਨਰਲ ਸੰਯੁਕਤ ਰਾਜ ਦੀ ਹਵਾਈ ਫ਼ੌਜ ਵਿੱਚ ਇੱਕ ਸਟਾਰ ਜਨਰਲ ਅਫਸਰ ਰੈਂਕ ਹੈ। ਇਹ ਕਰਨਲ ਤੋਂ ਉੱਪਰ ਅਤੇ ਮੇਜਰ ਜਨਰਲ ਤੋਂ ਹੇਠਾਂ ਹੈ। ਰਾਜਾ ਆਪਣੇ ਪਿਤਾ ਨਿਵਾਸ ਚਾਰੀ ਤੋਂ ਪ੍ਰੇਰਿਤ ਹੈ। ਉਨ੍ਹਾਂ ਦੇ ਪਿਤਾ ਹੈਦਰਾਬਾਦ ਤੋਂ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ ਸੀ, ਜਿੱਥੇ ਉਨ੍ਹਾਂ ਨੇ ਵਿਆਹ ਕਰ ਲਿਆ ਸੀ। ਰਾਜਾ ਚਾਰੀ ਦਾ ਜਨਮ ਅਮਰੀਕਾ ਦੇ ਵਿਸਕੌਨਸਿਨ ਦੇ ਮਿਲਵਾਕੀ ਸ਼ਹਿਰ ਵਿੱਚ ਹੋਇਆ ਸੀ।

Share This Article
Leave a Comment