ਨਵੀਂ ਦਿੱਲੀ:- ਭਾਰਤ ਨੇ 34 ਦਿਨਾਂ ’ਚ ਇਕ ਕਰੋੜ ਕਰੋਨਾ ਵੈਕਸੀਨ ਲੋਕਾਂ ਦੇ ਲਾਉਣ ਦਾ ਰਿਕਾਰਡ ਬਣਾ ਲਿਆ ਹੈ। ਦੁਨੀਆ ’ਚ ਭਾਰਤ ਤੇਜ਼ੀ ਨਾਲ ਟੀਕਾਕਰਨ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅਮਰੀਕਾ ਨੇ 31 ਦਿਨਾਂ ’ਚ ਅਜਿਹਾ ਕੀਤਾ ਸੀ। ਜਦਕਿ ਬਰਤਾਨੀਆ ਨੂੰ 56 ਦਿਨ ਲੱਗੇ ਸਨ।
ਦੱਸ ਦਈਏ ਕਿ ਪਹਿਲਾਂ ਸਿਹਤ ਵਰਕਰਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾ ਰਹੀ ਹੈ। ਦੂਜੀ ਖੁਰਾਕ ਪਹਿਲਾ ਟੀਕਾ ਲੱਗਣ ਤੋਂ 28 ਦਿਨ ਬਾਅਦ ਦਿੱਤੀ ਜਾਵੇਗੀ। ਟੀਕਾਕਰਨ ਸ਼ੁਰੂ ਹੋਏ ਨੂੰ 34 ਦਿਨ ਹੋ ਗਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਟੀਕਾਕਰਨ ਦੇ ਮਾਮਲੇ ’ਚ ਨਿੱਤ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। 57.47 ਪ੍ਰਤੀਸ਼ਤ ਟੀਕਾਕਰਨ 8 ਰਾਜਾਂ ’ਚ ਹੋਇਆ ਹੈ। 16 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਨਾਲ ਇਕ ਵੀ ਮੌਤ ਨਹੀਂ ਹੋਈ ਹੈ। ਇਨ੍ਹਾਂ ’ਚ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਲੱਦਾਖ ਤੇ ਹੋਰ ਸ਼ਾਮਲ ਹਨ। 15 ਰਾਜਾਂ ਤੇ ਯੂਟੀਜ਼ ’ਚ ਇਕ ਤੋਂ ਪੰਜ ਤੱਕ ਮੌਤਾਂ ਹੋਈਆਂ ਹਨ। ਐਕਟਿਵ ਕੇਸ ਇਸ ਵੇਲੇ 1,39,542 ਹਨ ਤੇ 1.06 ਕਰੋੜ ਲੋਕ ਸਿਹਤਯਾਬ ਹੋ ਚੁੱਕੇ ਹਨ।