ਨਿਊਜ਼ ਡੈਸਕ: ਭਾਰਤੀ ਚੋਣਕਾਰਾਂ ਨੇ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਟੈਸਟ ਅਤੇ ਵਨਡੇ ਸੀਰੀਜ਼ ਲਈ ਨਵੇਂ ਖਿਡਾਰੀਆਂ ‘ਤੇ ਭਰੋਸਾ ਜਤਾਇਆ ਹੈ। ਪੰਜਾਬ ਦੇ ਲੰਮੇ ਕੱਦ ਵਾਲੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਅਤੇ ਰਾਜਸਥਾਨ ਦੇ ਸਪਿਨਰ ਮਨਵ ਸੁਥਾਰ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਅਤੇ ਵਿਦਰਭ ਦੇ ਸਪਿਨਰ ਹਰਸ਼ ਦੁਬੇ ਨੂੰ ਵੀ ਟੀਮ ਵਿੱਚ ਮੌਕਾ ਮਿਲਿਆ ਹੈ।
ਗੁਰਨੂਰ ਬਰਾੜ
ਗੁਰਨੂਰ ਬਰਾੜ ਨੂੰ ਇਕਮਾਤਰ ਟੈਸਟ ਮੈਚ ਦੇ ਨਾਲ-ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਵੀ ਟੀਮ ਵਿੱਚ ਜਗ੍ਹਾ ਦਿੱਤੀ ਗਈ ਹੈ। ਛੇ ਫੁੱਟ ਪੰਜ ਇੰਚ ਲੰਮੇ ਗੁਰਨੂਰ ਆਪਣੀ ਉਛਾਲ ਭਰੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ। ਉਹ ਕਾਫ਼ੀ ਸਮੇਂ ਤੋਂ ਭਾਰਤੀ ਟੀਮ ਦੇ ਨੈੱਟ ਗੇਂਦਬਾਜ਼ ਵਜੋਂ ਕੰਮ ਕਰ ਰਹੇ ਹਨ ਅਤੇ ਟੀਮ ਮੈਨੇਜਮੈਂਟ ਉਨ੍ਹਾਂ ਦੀ ਗੇਂਦ ਤੋਂ ਮਿਲਦੀ ਵਾਧੂ ਬਾਊਂਸ ਤੋਂ ਕਾਫ਼ੀ ਪ੍ਰਭਾਵਿਤ ਹੈ।
ਗੁਰਨੂਰ ਦਾ ਜਨਮ ਮਈ 2000 ਵਿੱਚ ਪੰਜਾਬ ਦੇ ਮੁਕਤਸਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਕ੍ਰਿਕਟ ਵੱਲ ਖਿੱਚੇ ਗਏ ਅਤੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਲੋਕਾਂ ਦਾ ਧਿਆਨ ਖਿੱਚਣ ਲੱਗੇ। ਪੰਜਾਬ ਲਈ ਖੇਡਦੇ ਹੋਏ ਉਨ੍ਹਾਂ ਨੇ ਕਈ ਵਾਰ ਵਿਰੋਧੀ ਬੱਲੇਬਾਜ਼ਾਂ ਨੂੰ ਮੁਸ਼ਕਲ ਵਿੱਚ ਪਾਇਆ।
ਭਾਰਤੀ ਕਪਤਾਨ ਸ਼ੁਭਮਨ ਗਿੱਲ ਵੀ ਗੁਰਨੂਰ ਨੂੰ ਕਾਫ਼ੀ ਸਮਰਥਨ ਦੇ ਰਹੇ ਹਨ। ਗਿੱਲ ਨੇ ਹੀ ਉਨ੍ਹਾਂ ਨੂੰ ਆਪਣੀ IPL ਟੀਮ ਗੁਜਰਾਤ ਟਾਈਟਨਜ਼ ਵਿੱਚ ਸ਼ਾਮਲ ਕਰਵਾਇਆ ਸੀ। ਗੁਰਨੂਰ 2025 ਤੋਂ ਫ੍ਰੈਂਚਾਈਜ਼ੀ ਨਾਲ ਜੁੜੇ ਹੋਏ ਹਨ, ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ IPL ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ।
ਭਾਰਤੀ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਵੀ ਗੁਰਨੂਰ ਦੀ ਖਾਸ ਲੈਂਥ ਅਤੇ ਉਛਾਲ ਬਣਾਉਣ ਦੀ ਸਮਰੱਥਾ ਦੀ ਤਾਰੀਫ਼ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਖ਼ਿਲਾਫ਼ ਟੈਸਟ ਮੈਚ ਵਿੱਚ ਉਹ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਣਾ ਦੇ ਨਾਲ ਨਜ਼ਰ ਆ ਸਕਦੇ ਹਨ। ਗੁਰਨੂਰ ਨੇ ਹੁਣ ਤੱਕ 18 ਫਰਸਟ ਕਲਾਸ ਮੈਚਾਂ ਵਿੱਚ 52 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਨ੍ਹਾਂ ਦੀ ਔਸਤ 27.30 ਰਹੀ ਹੈ।
ਪ੍ਰਿੰਸ ਯਾਦਵ
ਦਿੱਲੀ ਅਤੇ ਲਖਨਊ ਸੁਪਰਜਾਇੰਟਸ ਦੇ ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੇ IPL ਵਿੱਚ ਆਪਣੀ ਗਤੀ, ਸਵਿੰਗ ਅਤੇ ਯਾਰਕਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਗੇਂਦ ਪਿਚ ਤੋਂ ਤੇਜ਼ੀ ਨਾਲ ਉਛਲਦੀ ਹੈ। ਇਸ ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਨੂੰ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਪ੍ਰਿੰਸ ਨਜਫਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਰੇਲਵੇ ਸੁਰੱਖਿਆ ਬਲ ਵਿੱਚ ਏਐਸਆਈ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕ੍ਰਿਕਟ ਵਿੱਚ ਕਰੀਅਰ ਬਣਾਉਣ ਲਈ ਦਿੱਲੀ ਪੁਲਿਸ ਦੀ ਪ੍ਰੀਖਿਆ ਛੱਡ ਦਿੱਤੀ ਸੀ। ਹੁਣ ਭਾਰਤੀ ਟੀਮ ਵਿੱਚ ਚੋਣ ਨਾਲ ਉਨ੍ਹਾਂ ਦਾ ਇਹ ਫੈਸਲਾ ਸਹੀ ਸਾਬਤ ਹੋਇਆ ਹੈ।
ਮਾਨਵ ਸੁਥਾਰ
ਰਾਜਸਥਾਨ ਦੇ ਗੰਗਾਨਗਰ ਨਾਲ ਸੰਬੰਧਿਤ 23 ਸਾਲਾ ਮਾਨਵ ਸੁਥਾਰ ਨੂੰ ਵੀ ਪਹਿਲੀ ਵਾਰ ਭਾਰਤੀ ਟੈਸਟ ਟੀਮ ਵਿੱਚ ਮੌਕਾ ਮਿਲਿਆ ਹੈ। ਜਡੇਜਾ ਨੂੰ ਆਰਾਮ ਅਤੇ ਅਕਸ਼ਰ ਪਟੇਲ ਨੂੰ ਟੀਮ ਤੋਂ ਬਾਹਰ ਕਰਨ ਤੋਂ ਬਾਅਦ ਚੋਣਕਾਰਾਂ ਨੇ ਸੁਥਾਰ ‘ਤੇ ਭਰੋਸਾ ਜਤਾਇਆ ਹੈ।
ਸੁਥਾਰ ਨੇ 29 ਫਰਸਟ ਕਲਾਸ ਮੈਚਾਂ ਵਿੱਚ 129 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਇਕ ਮੈਚ ਵਿੱਚ 10 ਵਿਕਟਾਂ ਅਤੇ ਛੇ ਵਾਰ ਪੰਜ ਵਿਕਟਾਂ ਲਈਆਂ ਹਨ। ਉਹ ਖੱਬੇ ਹੱਥ ਦੇ ਐਸੇ ਸਪਿਨਰ ਹਨ ਜੋ ਗੇਂਦ ਨੂੰ ਹਵਾ ਵਿੱਚ ਉਛਾਲਣ ਤੋਂ ਨਹੀਂ ਡਰਦੇ।
ਹਰਸ਼ ਦੁਬੇ
ਵਿਦਰਭ ਦੇ ਹਰਸ਼ ਦੁਬੇ ਵੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਰਣਜੀ ਟਰਾਫੀ 2024-25 ਸੀਜ਼ਨ ਵਿੱਚ ਉਨ੍ਹਾਂ ਨੇ 69 ਵਿਕਟਾਂ ਲੈ ਕੇ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਲੇ ਨਾਲ 476 ਦੌੜਾਂ ਵੀ ਬਣਾਈਆਂ।
ਹਰਸ਼ ਦੁਬੇ ਨੇ 27 ਫਰਸਟ ਕਲਾਸ ਮੈਚਾਂ ਵਿੱਚ 133 ਵਿਕਟਾਂ ਲਈਆਂ ਹਨ ਅਤੇ ਨੌ ਵਾਰ ਪੰਜ ਵਿਕਟਾਂ ਹਾਸਲ ਕੀਤੀਆਂ ਹਨ। ਪਿਛਲੇ ਸਾਲ IPL ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦੇ ਹੋਏ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਮਹੱਤਵਪੂਰਨ ਵਿਕਟ ਵੀ ਲਈ ਸੀ। ਸਾਬਕਾ ਭਾਰਤੀ ਸਪਿਨਰ ਅਨਿਲ ਕੁੰਬਲੇ ਨੇ ਵੀ ਉਨ੍ਹਾਂ ਦੀ ਗੇਂਦਬਾਜ਼ੀ ਦੀ ਖੂਬ ਤਾਰੀਫ਼ ਕੀਤੀ ਸੀ।

