ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼: ਰੰਧਾਵਾ

TeamGlobalPunjab
2 Min Read

ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗਣਤੰਤਰ ਦਿਵਸ ਮੌਕੇ ਦਿੱਤੇ ਆਪਣੇ ਭਾਵੁਕ ਭਾਸ਼ਣ ਵਿਚ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕਰਦੇ ਕਿਹਾ ਕਿ ਅੱਜ ਇੰਨਾ ਸੂਰਮਿਆਂ ਦੀ ਬਦੌਲਤ ਅਸੀਂ ਸਾਰੇ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਤੇ ਭਾਰਤ ਦੁਨੀਆਂ ਵਿਚ ਵੱਡਾ ਲੋਕਤੰਤਰ ਦੇਸ਼ ਬਣ ਸਕਿਆ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਸੰਬੋਧਨ ਕਰਦੇ ਰੰਧਾਵਾ ਨੇ ਕਿਹਾ ਕਿ ਜਿੱਥੇ ਮੇਰੇ ਦੇਸ਼ ਦੇ ਜਵਾਨ, ਜਿਸ ਵਿਚ ਫੌਜ, ਪੈਰਾ ਮਿਲਟਰੀ ਫੋਰਸ ਤੇ ਪੁਲਿਸ ਦੇ ਜਵਾਨ ਸ਼ਾਮਿਲ ਹਨ, ਨੇ ਦੇਸ਼ ਉਤੇ ਅੰਦਰੋਂ ਤੇ ਬਾਹਰੋਂ ਆਏ ਹਰ ਦੁਸ਼ਮਣ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ, ਉਥੇ ਸਾਡੇ ਕਿਸਾਨਾਂ ਨੇ ਦੇਸ਼ ਦੇ ਅੰਨ-ਭੰਡਾਰ ਭਰੇ ਹਨ। ਉਨਾਂ ਕਿਹਾ ਕਿ ਕਿਸੇ ਸਮੇਂ ਦੇਸ਼ ਨੂੰ ਅੰਨ ਲਈ ਬਾਹਰ ਦੇ ਮੁਲਕਾਂ ਅੱਗੇ ਹੱਥ ਫੈਲਾਣਾ ਪੈਂਦਾ ਸੀ, ਪਰ ਸਾਡੇ ਕਿਸਾਨਾਂ ਨੇ ਜੋ ਕਿ ਗਿਣਤੀ ਵਿਚ ਸਿਰਫ 2 ਫੀਸਦੀ ਹੀ ਹਨ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਵਾਸੀਆਂ ਦਾ ਪੇਟ ਭਰਿਆ ਹੈ।

ਉਨਾਂ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਕਾਇਮੀ ਲਈ ਜਵਾਨਾਂ ਦੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ 26 ਜਨਵਰੀ 1950 ਨੂੰ ਅੱਜ ਦੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਵੱਡੀ ਜਮਹੂਰੀਅਤ ਬਣਨ ਦਾ ਮਾਣ ਪ੍ਰਾਪਤ ਹੋਇਆ। ਉਨਾਂ ਕਿਹਾ ਕਿ ਗੁਰੂ ਨਗਰੀ ਨੇ ਵੱਡੇ ਸਾਕੇ ਆਪਣੀ ਹਿੱਕ ਉਤੇ ਹਿੰਡਾਏ ਹਨ, ਜਿੰਨਾ ਦੀ ਬਦੌਲਤ ਅੱਜ ਦਾ ਦਿਨ ਵੇਖਣਾ ਨਸੀਬ ਹੋਇਆ ਹੈ। ਉਨਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਗੁਰੂ ਨਗਰੀ ਵਿਚ ਮੈਨੂੰ ਤਿਰੰਗਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ।

Share this Article
Leave a comment