ਟੋਕਿਓ ਓਲੰਪਿਕ : ਭਾਰਤੀ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਲਵਲੀਨਾ ਨੇ ਜਿੱਤਿਆ ਦੇਸ਼ ਦਾ ਦਿਲ

TeamGlobalPunjab
3 Min Read

ਨਵੀਂ ਦਿੱਲੀ/ ਟੋਕਿਓ : ਭਾਰਤੀ ਖਿਡਾਰੀਆਂ ਲਈ ਟੋਕਿਓ ਓਲੰਪਿਕ ਵਿੱਚ ਸ਼ੁੱਕਰਵਾਰ ਦਾ ਦਿਨ ਜੋਸ਼ ਅਤੇ ਹੌਸਲਾ ਵਧਾਉਣ ਵਾਲਾ ਰਿਹਾ।

ਪਹਿਲਾਂ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਹਿਲਾਵਾਂ ਦੇ 69 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਉਨ੍ਹਾਂ  ਭਾਰਤ ਦਾ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ । ਇਸ ਤੋਂ ਬਾਅਦ ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਆਪਣੀ ਸਰਵਸ਼੍ਰੇਸ਼ਠ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਦਿਆਂ ਉੱਚ ਦਰਜੇ ਦੀ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਹੁਣ ਇਕ ਮੈਚ ਜਿੱਤਣ ਤੋਂ ਬਾਅਦ ਸਿੰਧੂ ਦਾ ਤਗਮਾ ਪੱਕਾ ਹੋ ਜਾਵੇਗਾ।

ਉਧਰ ਭਾਰਤ ਦੀ ਮਹਿਲਾ ਅਤੇ ਪੁਰਸ਼ ਵਰਗ ਦੀ ਹਾਕੀ ਟੀਮਾਂ ਨੇ ਆਪਣੇ ਮੁਕਾਬਲਿਆਂ ਵਿੱਚ ਵਿਰੋਧੀ ਟੀਮਾਂ ਨੂੰ ਸ਼ਿਕਸਤ ਦੇ ਕੇ ਮੈਡਲਾਂ ਦੀ ਉਮੀਦ ਨੂੰ ਹੋਰ ਵੀ ਪੱਕਾ ਕਰ ਦਿੱਤਾ।

ਪੀ.ਵੀ. ਸਿੰਧੂ ਦਾ ਜਲਵਾ ਬਰਕਰਾਰ

- Advertisement -

ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਨੇ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਇਕ ਹੋਰ ਮੈਚ ਜਿੱਤਣ ਤੋਂ ਬਾਅਦ ਸਿੰਧੂ ਦਾ ਤਗਮਾ ਪੱਕਾ ਹੋ ਜਾਵੇਗਾ ।

 

 

 

 

ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਆਪਣੇ ਜੇਤੂ ਸਫ਼ਰ ਨੂੰ ਜਾਰੀ ਰੱਖਿਆ। ਭਾਰਤ ਲਈ ਗੁਰਜੰਟ ਸਿੰਘ ਨੇ ਦੋ ਅਤੇ ਹਰਮਪ੍ਰੀਤ ਸਿੰਘ, ਨੀਲਕੰਤਾ ਅਤੇ ਸ਼ਮਸ਼ੇਰ ਨੇ ਇਕ-ਇਕ ਗੋਲ ਕੀਤਾ। ਭਾਰਤੀ ਟੀਮ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕੀ ਹੈ।

ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ

ਮਹਿਲਾ ਹਾਕੀ ਟੀਮ ਨੇ ਵੀ ਆਇਰਲੈਂਡ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।

ਬਾਕਸਿੰਗ ਵਿੱਚ ਲਵਲੀਨਾ ਨੇ ਕੀਤਾ ਕਮਾਲ

ਲਵਲੀਨਾ ਬੋਰਗੋਹੇਨ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ ਚਿਨ ਨੀਨ ਚੇਨ ਨੂੰ ਹਰਾਇਆ। ਤਿੰਨੇ ਦੌਰ ਵਿੱਚ, ਲਵਲੀਨਾ ਨੇ ਵਿਰੋਧੀ ਮੁੱਕੇਬਾਜ਼ ਨੂੰ ਟਿਕਣ ਨਹੀਂ ਦਿੱਤਾ। ਪਹਿਲੇ ਦੌਰ ਵਿੱਚ 5 ਵਿੱਚੋਂ 3 ਜੱਜਾਂ ਨੇ ਲਵਲੀਨਾ ਦੇ ਹੱਕ ਵਿੱਚ ਫੈਸਲਾ ਸੁਣਾਇਆ ।

ਦੂਜੇ ਗੇੜ ਵਿੱਚ, ਸਾਰੇ 5 ਜੱਜਾਂ ਨੇ ਲਵਲੀਨਾ ਨੂੰ ਜੇਤੂ ਪਾਇਆ। ਤੀਜੇ ਦੌਰ ਵਿੱਚ, 4 ਜੱਜਾਂ ਨੇ ਲਵਲੀਨਾ ਨੂੰ ਬਿਹਤਰ ਵੋਟ ਦਿੱਤਾ। ਇਸ ਤਰ੍ਹਾਂ, ਲਵਲੀਨਾ ਨੇ ਮੈਚ 4-1 ਨਾਲ ਜਿੱਤ ਲਿਆ। ਦੱਸ ਦਈਏ ਕਿ ਇੱਕ ਵਾਰ ਜਦੋਂ ਤੁਸੀਂ ਮੁੱਕੇਬਾਜ਼ੀ ਦੇ ਸੈਮੀਫਾਈਨਲ ਵਿੱਚ ਪਹੁੰਚ ਜਾਂਦੇ ਹੋ, ਮੈਡਲ ਪੱਕਾ ਹੋ ​​ਜਾਂਦਾ ਹੈ। ਲਵਲੀਨਾ ਸੈਮੀਫਾਈਨਲ ਵਿੱਚ 2019 ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਨਾਲ ਭਿੜੇਗੀ।

ਲਵਲੀਨਾ ਕਹਿ ਚੁੱਕੀ ਹੈ ਕਿ ਉਸਦਾ ਸੁਪਨਾ ਗੋਲਡ ਮੈਡਲ ਹੈ ਅਤੇ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਪੂਰੀ ਵਾਹ ਲਗਾ ਦੇਵੇਗੀ।

Share this Article
Leave a comment