ਨਿਊਜ਼ ਡੈਸਕ: ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਮੌਕ ਡ੍ਰਿਲ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ, ਇਹ ਮੌਕ ਡ੍ਰਿਲ ਵੀਰਵਾਰ ਸ਼ਾਮ ਨੂੰ ਹੋਵੇਗੀ। ਇਹ ਡ੍ਰਿਲ ਗੁਜਰਾਤ, ਪੰਜਾਬ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਕੀਤੀ ਜਾਵੇਗੀ। ਲੋਕਾਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਮੌਕ ਡ੍ਰਿਲ ਦੌਰਾਨ ਨਾਂ ਘਬਰਾਉਣ ਦੀ ਸਲਾਹ ਦਿੱਤੀ ਗਈ।
ਜਾਣਕਾਰੀ ਅਨੁਸਾਰ, 29 ਮਈ ਨੂੰ ਪੰਜਾਬ ਵਿੱਚ ਵੀ ਮੌਕ ਡ੍ਰਿਲ ਮੁੜ ਕੀਤੀ ਜਾਵੇਗੀ, ਕਿਉਂਕਿ ਪੰਜਾਬ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਸੂਬਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਸਕੱਤਰ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ, ਅਤੇ ਸਰਕਾਰ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਭਾਰਤ ਨੇ ਹੁਣ ਤੱਕ ਨੌਂ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਕੀਤੇ ਹਨ। ਸੂਤਰਾਂ ਮੁਤਾਬਕ, ਅਜਿਹੀ ਸਥਿਤੀ ਵਿੱਚ ਪਾਕਿਸਤਾਨ ਵਿੱਚ 12 ਹੋਰ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ, ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਕੈਂਪਾਂ ’ਤੇ ਸਟੀਕ ਹਮਲੇ ਕੀਤੇ ਸਨ, ਜਿਸ ਵਿੱਚ ਕਈ ਅੱਤਵਾਦੀ ਮਾਰੇ ਗਏ ਸਨ। ਪਰ ਪਾਕਿਸਤਾਨ ਵਿੱਚ 12 ਹੋਰ ਅੱਤਵਾਦੀ ਕੈਂਪਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਅੱਤਵਾਦ ਦੀਆਂ ਜੜ੍ਹਾਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਪੀਓਕੇ ਤੋਂ ਲੈ ਕੇ ਪਾਕਿਸਤਾਨ ਦੇ ਅੰਦਰ ਤੱਕ ਜਾਰੀ ਹੈ। ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਭਾਰਤ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਅੱਤਵਾਦ ਦੇ ਬਾਕੀ ਰਹਿੰਦੇ ਟਿਕਾਣਿਆਂ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਇਸ ਲਈ ਭਾਰਤ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਹਵਾਈ ਰੱਖਿਆ ਪ੍ਰਣਾਲੀ ਅਲਰਟ ’ਤੇ ਹੈ। ਪਾਕਿਸਤਾਨ ਦੀ ਘਬਰਾਹਟ ਅਤੇ ਕੰਟਰੋਲ ਰੇਖਾ ’ਤੇ ਉਸ ਦੀ ਗੋਲੀਬਾਰੀ ਨੂੰ ਵੇਖਦੇ ਹੋਏ, ਫੌਜ ਨੇ ਕਸ਼ਮੀਰ ਦੇ 10 ਜ਼ਿਲ੍ਹਿਆਂ ਵਿੱਚ ਕੰਟਰੋਲ ਸੈਂਟਰ ਸਥਾਪਤ ਕੀਤੇ ਹਨ।
ਦੱਸ ਦੇਈਏ ਕਿ ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਸਨ। ਭਾਰਤੀ ਫੌਜ, ਹਵਾਈ ਫੌਜ ਅਤੇ ਜਲ ਸੈਨਾ ਦੇ ਸਾਂਝੇ ਆਪ੍ਰੇਸ਼ਨ ਤਹਿਤ ਜਿਨ੍ਹਾਂ ਨੌਂ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਕੀਤੇ ਗਏ, ਉਹ ਹਨ ਬਹਾਵਲਪੁਰ, ਮੁਰੀਦਕੇ, ਗੁਲਪੁਰ, ਭਿੰਬਰ, ਚੱਕ ਅਮਰੂ, ਬਾਗ, ਕੋਟਲੀ, ਸਿਆਲਕੋਟ ਅਤੇ ਮੁਜ਼ੱਫਰਾਬਾਦ। ਬਹਾਵਲਪੁਰ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਦਫਤਰ ਅਤੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਮੁੱਖ ਦਫਤਰ ਨੂੰ ਨਿਸ਼ਾਨਾ ਬਣਾਇਆ ਗਿਆ।