ਵਾਸ਼ਿੰਗਟਨ :– ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਬੀਤੇ ਸ਼ਨੀਵਾਰ ਨੂੰ ਭਾਰਤ ਨੂੰ ਰੂਸ ਤੋਂ ਐਸ 400 ਮਿਜ਼ਾਈਲ ਖਰੀਦਣ ਤੋਂ ਮਨ੍ਹਾ ਕਰ ਦਿੱਤਾ। ਵਿਗਿਆਨ ਭਵਨ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ, ਆੱਸਟਿਨ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਦੇ ਸਾਰੇ ਸਹਿਯੋਗੀ ਦੇਸ਼ ਰੂਸ ਨਾਲ ਕਿਸੇ ਵੀ ਕਿਸਮ ਦੇ ਹਥਿਆਰਾਂ ਦਾ ਸੌਦਾ ਨਾ ਕਰੇ।” ਭਾਰਤ ਨਾਲ ਰੱਖਿਆ ਸਹਿਯੋਗ ਵਧਾਉਣਾ ਬਾਇਡਨ ਸਰਕਾਰ ਦੀ ਇਕ ਪ੍ਰਮੁੱਖ ਪ੍ਰਾਥਮਿਕਤਾ ਹੈ।
ਆਸਟਿਨ ਨੇ ਕਿਹਾ, ਅਮਰੀਕਾ ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ‘ਤੇ ਪਾਬੰਦੀਆਂ ਲਗਾਉਂਦਾ ਹੈ ਤੇ ਭਾਰਤ ਨੂੰ ਇਨ੍ਹਾਂ ਪਾਬੰਦੀਆਂ ਤੋਂ ਬਚਣ ਲਈ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਮੁਲਾਕਾਤ ਤੋਂ ਬਾਅਦ ਆਸਟਿਨ ਨੇ ਕਿਹਾ, ਕਿਉਕਿ ਰੂਸ ਨੇ ਅਜੇ ਤੱਕ S400 ਮਿਜ਼ਾਈਲਾਂ ਭਾਰਤ ਨੂੰ ਨਹੀਂ ਦਿੱਤੀਆਂ ਹਨ, ਇਸ ਲਈ ਸਾਡੀ ਭਾਰਤ ‘ਤੇ ਪਾਬੰਦੀਆਂ ਬਾਰੇ ਕੋਈ ਗੱਲਬਾਤ ਨਹੀਂ ਹੋਈ। ਅਮਰੀਕਾ ਭਾਰਤ ਲਈ ਹਥਿਆਰਾਂ ਦਾ ਵੱਡਾ ਵਿਕਰੇਤਾ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ 3 ਅਰਬ ਡਾਲਰ ਦੀ ਰੱਖਿਆ ਖਰੀਦ ਨੂੰ ਲੈ ਕੇ ਵਿਚਾਰ ਵਟਾਂਦਰੇ ਚੱਲ ਰਹੇ ਹਨ। ਇਸ ‘ਚ 30 ਬਹੁ-ਉਦੇਸ਼ ਵਾਲਾ ਹਥਿਆਰਬੰਦ ਪ੍ਰੈਡੀਟਰ ਡ੍ਰੋਨ ਏਅਰਕ੍ਰਾਫਟ ਸ਼ਾਮਲ ਹੈ। ਅਮਰੀਕਾ ਦੀ ਪ੍ਰਮੁੱਖ ਰੱਖਿਆ ਕੰਪਨੀ ਜਨਰਲ ਐਟੋਮਿਕਸ ਦਾ ਪ੍ਰੀਡੇਟਰ-ਬੀ ਡਰੋਨ ਜਹਾਜ਼ ਲਗਭਗ 35 ਘੰਟਿਆਂ ਲਈ ਨਿਰੰਤਰ ਉਡਾਣ ਭਰਨ ਤੇ ਧਰਤੀ ਤੋਂ ਸਮੁੰਦਰ ਤਕ ਕਿਤੇ ਵੀ ਨਿਸ਼ਾਨੇ ਪਾਰ ਕਰਨ ਦੇ ਸਮਰੱਥ ਹੈ।
ਇਸ ਤੋਂ ਇਲਾਵਾ 150 ਲੜਾਕੂ ਜਹਾਜ਼ਾਂ ਦੀ ਖਰੀਦ ਦੀ ਵੀ ਗੱਲ ਕੀਤੀ ਜਾ ਰਹੀ ਹੈ। ਬੈਠਕ ਦੌਰਾਨ ਦੋਵਾਂ ਰੱਖਿਆ ਮੰਤਰੀਆਂ ਦਰਮਿਆਨ ਆਪਸੀ ਸਹਿਯੋਗ, ਚੀਨ ਦੀਆਂ ਚੁਣੌਤੀਆਂ ਅਤੇ ਅਜ਼ਾਦ ਅਤੇ ਖੁੱਲੇ ਇੰਡੋ-ਪ੍ਰਸ਼ਾਂਤ ਖੇਤਰ ਨੂੰ ਵਧਾਉਣ ਲਈ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਕੀਤੇ ਗਏ।
ਦਸ ਦਈਏ ਭਾਰਤ ਨੇ ਸਾਲ 2019 ‘ਚ ਰੂਸ ਤੋਂ ਐਸ 400 ਮਿਜ਼ਾਈਲ ਖਰੀਦਣ ਲਈ 800 ਮਿਲੀਅਨ ਡਾਲਰ ਦੀ ਮੁਢਲੀ ਅਦਾਇਗੀ ਕੀਤੀ ਹੈ। ਮਿਜ਼ਾਈਲ ਦੀ ਪਹਿਲੀ ਖੇਪ ਇਸ ਸਾਲ ਦੇ ਅੰਤ ਤੱਕ ਪ੍ਰਾਪਤ ਹੋਣ ਦੀ ਉਮੀਦ ਹੈ।