ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ 8ਵੀਂ ਵਾਰ ਅਸਥਾਈ ਮੈਂਬਰ ਬਣਿਆ ਭਾਰਤ, 192 ‘ਚੋਂ ਮਿਲੇ 184 ਵੋਟ

TeamGlobalPunjab
3 Min Read

ਨਿਊਯਾਰਕ : ਭਾਰਤ ਨੂੰ ਬੁੱਧਵਾਰ ਨੂੰ 8ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। 192 ਵੋਟਾਂ ‘ਚੋਂ ਭਾਰਤ ਦੇ ਪੱਖ ‘ਚ 184 ਵੋਟਾਂ ਪਈਆਂ। ਜਿੱਤ ਤੋਂ ਬਾਅਦ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤ੍ਰਿਮੂਰਤੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰ ਦੇਸ਼ਾਂ ਨੇ ਭਾਰੀ ਸਮਰੱਥਨ ਨਾਲ 2021-22 ਦੇ ਕਾਰਜਕਾਲ ਲਈ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸਰਬੋਤਮ ਸੰਸਥਾ ਦਾ ਅਸਥਾਈ ਮੈਂਬਰ ਚੁਣਿਆ ਹੈ। ਉਨ੍ਹਾਂ ਕਿਹਾ, “ਭਾਰਤ ਇਕ ਅਹਿਮ ਸਮੇਂ ‘ਤੇ ਸੁਰੱਖਿਆ ਪਰਿਸ਼ਦ ਦਾ ਮੈਂਬਰ ਬਣਿਆ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕੋਵਿਡ ਦੇ ਦੌਰਾਨ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆਂ ‘ਚ ਭਾਰਤ ਅਗਵਾਈ ਪ੍ਰਦਾਨ ਕਰੇਗਾ ਅਤੇ ਇਕ ਬਿਹਤਰ ਬਹੁਪੱਖੀ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਵੇਗਾ।”

ਦੱਸ ਦੇਈਏ ਕਿ ਭਾਰਤ ਨੂੰ ਅਸਥਾਈ ਮੈਂਬਰ ਚੁਣੇ ਜਾਣ ਲਈ ਸਿਰਫ 128 ਵੋਟਾਂ ਦੀ ਜ਼ਰੂਰਤ ਸੀ। ਭਾਰਤ ਪਹਿਲੀ ਵਾਰ 1950 ਵਿਚ ਅਸਥਾਈ ਮੈਂਬਰ ਵਜੋਂ ਚੁਣਿਆ ਗਿਆ ਸੀ ਅਤੇ ਅੱਜ 8ਵੀਂ ਵਾਰ ਅਸਥਾਈ ਮੈਂਬਰ ਦੇ ਰੂਪ ‘ਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਭਾਰਤ ਸੁਰੱਖਿਆ ਪ੍ਰੀਸ਼ਦ ਦਾ 1951, 1967–1968, 1972–1973, 1977–1978, 1984–1985, 1991–1992 ਅਤੇ ਹਾਲ ਹੀ ਵਿੱਚ 2011–2012 ਵਿੱਚ ਅਸਥਾਈ ਮੈਂਬਰ ਚੁਣਿਆ ਗਿਆ ਸੀ। ਭਾਰਤ 2021-22 ਦੇ ਕਾਰਜਕਾਲ ਲਈ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਤੋਂ ਅਸਥਾਈ ਸੀਟ ਲਈ ਭਾਰਤ ਇਕਲੌਤਾ ਉਮੀਦਵਾਰ ਸੀ।

ਅਮਰੀਕਾ ਨੇ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਫਲ ਚੋਣ ਲਈ ਭਾਰਤ ਨੂੰ ਵਧਾਈ ਦਿੱਤੀ ਹੈ। ਅਮਰੀਕਾ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ ਜੋ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਭਾਈਵਾਲੀ ਦੀ ਇੱਕ ਵਿਸ਼ਵਵਿਆਪੀ ਰਣਨੀਤੀ ਹੈ।

ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਕੋਰੋਨਾ ਮਹਾਮਾਰੀ ਕਾਰਨ 15 ਮਾਰਚ ਤੋਂ ਬੰਦ ਸੀ।  193 ਮੈਂਬਰੀ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਆਪਣੇ 75ਵੇਂ ਸੈਸ਼ਨ ਦੇ ਲਈ ਪ੍ਰਧਾਨ, ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਅਤੇ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਮੈਂਬਰਾਂ ਲਈ ਚੋਣਾਂ ਕਰਵਾਈਆਂ ਸਨ। ਭਾਰਤ ਦੇ ਨਾਲ-ਨਾਲ ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਨੂੰ ਵੀ ਸੁਰੱਖਿਆ ਪ੍ਰੀਸ਼ਦ ‘ਚ ਐਂਟਰੀ ਮਿਲ ਗਈ ਹੈ ਜਦੋਂਕਿ ਕਨੇਡਾ ਨੂੰ ਬਾਹਰ ਹੀ ਰਹਿਣਾ ਪਿਆ।

- Advertisement -

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਸੰਘ ਦੇ 6 ਪ੍ਰਮੁੱਖ ਹਿੱਸਿਆਂ ਵਿਚੋਂ ਇੱਕ ਹੈ। ਇਸਦਾ ਮੁੱਖ ਕੰਮ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਕੌਂਸਲ ਦੁਨੀਆ ਭਰ ਦੇ ਦੇਸ਼ਾਂ ‘ਚ ਸ਼ਾਂਤੀ ਮਿਸ਼ਨ ਵੀ ਭੇਜਦੀ ਹੈ ਅਤੇ ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੈਨਿਕ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਸੁਰੱਖਿਆ ਪ੍ਰੀਸ਼ਦ ਰੈਜੋਲੂਸ਼ਨ ਦੇ ਜ਼ਰੀਏ ਉਸ ਨੂੰ ਲਾਗੂ ਵੀ ਕਰਦਾ ਹੈ।

Share this Article
Leave a comment