ਕਾਠਮਾਂਡੂ : ਭਾਰਤ ਅਤੇ ਨੇਪਾਲ ਦਰਮਿਆਨ ਹਾਲ ਹੀ ‘ਚ ਨਕਸਾ ਵਿਵਾਦ ਨੂੰ ਲੈ ਕੇ ਸਥਿਤੀ ਤਣਾਪੂਰਨ ਬਣੀ ਹੋਈ ਹੈ। ਜਿਸ ਤੋਂ ਬਾਅਦ ਹੁਣ ਆਪਸੀ ਸਬੰਧ ਸੁਧਾਰਨ ਦੀ ਦਿਸ਼ਾ ਵਿੱਚ ਕਦਮ ਵਧਾਉਂਦੇ ਹੋਏ ਦੋਵਾਂ ਮੁਲਕਾਂ ਦੇ ਅਧਿਕਾਰੀ ਨੇਪਾਲ ਵਿੱਚ ਭਾਰਤ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਲੈ ਕੇ 17 ਅਗਸਤ ਨੂੰ ਸਮੀਖਿਆ ਬੈਠਕ ਕਰਨਗੇ।
ਨੇਪਾਲ ਵੱਲੋਂ ਬੈਠਕ ਦੀ ਅਗਵਾਈ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਕਰਨਗੇ। ਭਾਰਤੀ ਦਲ ਦੀ ਅਗਵਾਈ ਨੇਪਾਲ ਵਿੱਚ ਭਾਰਤ ਦੇ ਸਫ਼ੀਰ ਵਿਨੇ ਮੋਹਨ ਕਵਾਤਰਾ ਕਰਨਗੇ। ਇਹ ਬੈਠਕ ਹਾਲਾਂਕਿ ਭਾਰਤ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੀ ਸਮੀਖਿਆ ਲਈ ਹੋ ਰਹੀ ਹੈ, ਪਰ ਅਧਿਕਾਰੀਆਂ ਅਤੇ ਸਫ਼ੀਰਾਂ ਦਾ ਕਹਿਣਾ ਹੈ ਕਿ ਇਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਫਿਰ ਤੋਂ ਗੱਲਬਾਤ ਸ਼ੁਰੂ ਹੋਣ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਨੌ ਮਹੀਨੇ ਬਾਅਦ ਹੋ ਰਹੀ ਬੈਠਕ 17 ਅਗਸਤ ਨੂੰ ਕਾਠਮਾਂਡੂ ਵਿੱਚ ਪ੍ਰਸਤਾਵਿਤ ਹੈ। ਕਾਠਮਾਂਡੂ ਪੋਸਟ ਮੁਤਾਬਕ ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਇਸ ਬੈਠਕ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨੇ ਕਿਹਾ ਕਿ ਸਾਡੇ ਕੋਲ ਗੱਲਬਾਤ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ। ਸਰਹੱਦੀ ਵਿਵਾਦ ਨੂੰ ਲੈ ਕੇ ਅਸੀਂ ਆਪਣੇ ਸਾਰੇ ਸਬੰਧਾਂ ਨੂੰ ਬੰਧਕ ਬਣਾ ਕੇ ਨਹੀਂ ਰੱਖ ਸਕਦੇ।
ਨਿਰੀਖਣ ਤੰਤਰ ਦੀ ਬੈਠਕ ਦਾ ਦੌਰ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਦੀ 2016 ਵਿੱਚ ਭਾਰਤ ਯਾਤਰਾ ਮਗਰੋਂ ਸਥਾਪਤ ਹੋਇਆ ਸੀ। ਇਸ ਦਾ ਮਕਸਦ ਆਪਸੀ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਸਮਾਂ ਸੀਮਾ ‘ਚ ਇਨਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕਣਾ ਸੀ।