ਵਾਸ਼ਿੰਗਟਨ – ਭਾਰਤ ਦੇ 74ਵੇਂ ਸੁਤੰਤਰਤਾ ਦਿਵਸ ‘ਤੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ ਵਿਚ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸੁਤੰਤਰਤਾ ਦਿਵਸ ‘ਤੇ ਅਮਰੀਕਾ ‘ਚ ਰਹਿੰਦੇ ਭਾਰਤੀਆਂ ਵੱਲੋਂ ਵੀ ਸੁਤੰਤਰਤਾ ਦਿਵਸ ਮਨਾਇਆ ਗਿਆ। ਇਥੇ ਨਿਊਯਾਰਕ ਟਾਈਮ ਸਕੁਆਇਰ ‘ਤੇ ਤਿਰੰਗਾ ਲਹਿਰਾਇਆ ਗਿਆ। ਦੱਸ ਦਈਏ ਕਿ ਇਤਿਹਾਸ ‘ਚ ਪਹਿਲੀ ਵਾਰ ਨਿਊਯਾਰਕ ਦੇ ਟਾਈਮਸ ਸਕੁਆਇਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਦੂਤ ਰਣਧੀਰ ਜਾਯਸਵਾਲ ਨੇ ਟਾਈਮਸ ਸਕੁਆਇਰ ‘ਤੇ ਝੰਡਾ ਲਹਿਰਾਇਆ। ਪ੍ਰੋਗਰਾਮ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ (ਐੱਫ. ਆਈ. ਏ.) ਵੱਲੋਂ ਕੀਤਾ ਗਿਆ ਸੀ।
ਅਮਰੀਕਾ ਤੋਂ ਇਲਾਵਾ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਡੋਨੇਸ਼ੀਆ, ਸਿੰਗਾਪੁਰ, ਚੀਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ, ਇਜ਼ਰਾਇਲ ਅਤੇ ਹੋਰ ਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵੱਲੋਂ ਭਾਰਤ ਦਾ 74ਵਾਂ ਆਜ਼ਾਦੀ ਦਿਵਸ ਤਿੰਰਗਾ ਲਹਿਰਾ ਕੇ, ਰਾਸ਼ਟਰ ਗੀਤ ਅਤੇ ਦੇਸ਼ ਭਗਤੀ ਭਰੇ ਗੀਤ ਗਾ ਕੇ ਮਨਾਇਆ ਗਿਆ। ਹਾਲਾਂਕਿ, ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦਾ ਇਸ ਦੌਰਾਨ ਦਾ ਪਾਲਣ ਕੀਤਾ ਗਿਆ।
ਆਜ਼ਾਦੀ ਦਿਵਸ ਮੌਕੇ ਦੁਬਈ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਵੀ ਤਿਰੰਗੇ ਦੇ ਰੰਗ ‘ਚ ਰੰਗੀ ਨਜ਼ਰ ਆਈ। ਸੰਯੁਕਤ ਅਰਬ ਅਮੀਰਾਤ ਨੇ ਭਾਰਤ ਦੇ ਨਾਲ ਆਪਣੀ ਦੋਸਤੀ ਦਾ ਇਜ਼ਹਾਰ ਕਰਦੇ ਹੋਏ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੰਗ ਦਿੱਤਾ।