ਲੁਧਿਆਣਾ: ਮੁੱਲਾਂਪੁਰ ਦਾਖ਼ਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਆਲੀ ਦੇ ਘਰ ਆਮਦਨ ਕਰ ਦਾ ਛਾਪਾ ਪੈਣ ਦੀ ਖ਼ਬਰ ਹੈ।
ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ ਆਮਦਨ ਕਰ ਦੀ ਟੀਮ ਸ: ਇਆਲੀ ਦੇ ਘਰ ਪੁੱਜੀ ਅਤੇ ਖ਼ਬਰ ਲਿਖ਼ੇ ਜਾਣ ਤਕ ਛਾਪੇਮਾਰੀ ਦਾ ਕੰਮ ਜਾਰੀ ਹੈ।
ਸਵੇਰੇ 6 ਵਜੇ ਸ਼ੁਰੂ ਹੋਈ ਇਸ ਰੇਡ ਤਹਿਤ ਸ: ਇਆਲੀ ਦੇ 7 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸ: ਇਆਲੀ ਦੇ ਨਿੱਜੀ ਸਕੱਤਰ ਸ੍ਰੀ ਮਨੀ ਸ਼ਰਮਾ ਅਨੁਸਾਰ ਸ: ਇਆਲੀ ਦੇ ਇਆਲੀ ਖ਼ੁਰਦ ਸਥਿਤ ਘਰ, ਫ਼ਾਰਮ ਹਾਊਸ, ਦਫ਼ਤਰਾਂ, ਰਾਜਸੀ ਦਫ਼ਤਰਾਂ ਆਦਿ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਰ ਜਗ੍ਹਾ 50-60 ਆਮਦਨ ਕਰ ਅਧਿਕਾਰੀ ਅਤੇ ਪੈਰਾ ਮਿਲਟਰੀ ਫੋਰਸਿਜ਼ ਸ਼ਾਮਲ ਹਨ।

ਸ੍ਰੀ ਮਨੀ ਸ਼ਰਮਾ ਨੇ ਇਹ ਵੀ ਦੱਸਿਆ ਕਿ 1999 ਵਿੱਚ ਵੀ ਕੌਮੀ ਪੱਧਰ ’ਤੇ ਸ: ਇਆਲੀ ਦੇ ਆਮਦਨ ਕਰ ਛਾਪਾ ਪਿਆ ਸੀ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਰੇਸ਼ਾਨੀ ਤਾਂ ਝੱਲਣੀ ਪਈ ਸੀ ਪਰ ਇਸ ਰੇਡ ਦਾ ਵੀ ਜ਼ੀਰੋ ਟੈਕਸ ਨਾਲ ਹੀ ਨਿਪਟਾਰਾ ਹੋਇਆ ਸੀ ਅਤੇ ਇਸ ਵਾਰ ਵੀ ਜੋ ਵੀ ਆਮਦਨ ਕਰ ਵਿਭਾਗ ਮੰਗ ਰਿਹਾ ਹੈ, ਉਹ ਦਿੱਤਾ ਜਾਵੇਗਾ।
ਚੋਣਾਂ ਤੋਂ ਪਹਿਲਾਂ ਕਿਸੇ ਵਿਧਾਇਕ ’ਤੇ ਆਮਦਨ ਕਰ ਜਾਂ ਈ.ਡੀ.ਦੀ ਛਾਪੇਮਾਰੀ ਦਾ ਇਹ ਦੂਜਾ ਮਾਮਲਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ.ਡੀ. ਨੇ ਪੰਜਾਬ ਦੇ ‘ਆਪ’ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਬਾਅਦ ਵਿੱਚ ਸ: ਖ਼ਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਦਾ ਪੈਂਡਿੰਗ ਪਿਆ ਅਸਤੀਫ਼ਾ ਸਪੀਕਰ ਰਾਣਾ ਕੇ.ਪੀ.ਸਿੰਘ ਵੱਲੋਂ ਸਵੀਕਾਰ ਕਰ ਲਏ ਜਾਣ ਕਰਕੇ ਉਹ ਸਾਬਕਾ ਵਿਧਾਇਕ ਹੋ ਗਏ। ਇਸ ਮਗਰੋਂ ਬੀਤੇ ਦਿਨੀਂ ਈ.ਡੀ. ਨੇ ਉਨ੍ਹਾਂਨੂੰ ਪੁੱਛ ਗਿੱਛ ਲਈ ਚੰਡੀਗੜ੍ਹ ਸਥਿਤ ਈ.ਡੀ.ਦਫ਼ਤਰ ਵਿੱਚ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਵੇਲੇ ਉਹ 7 ਦਿਨਾਂ ਦੇ ਰਿਮਾਂਡ ’ਤੇ ਹਨ।