ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਵੱਲੋਂ ਦੇਸ਼ ਦੀ ਪਹਿਲੀ ਅਤਿ ਆਧੁਨਿਕ ਟੀ.ਬੀ. ਲੀਕੁਐਡ ਕਲਚਰ ਐਂਡ ਡੀ.ਐੱਸ.ਟੀ. ਬਾਇਓਲੋਜ਼ੀ ਕੋਰੋਨਾ ਵਾਇਰਸ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ ਗਿਆ ਹੈ। ਇਸ ਲੈਬ ਵਿਚ ਰੋਜ਼ਾਨਾ 3 ਹਜ਼ਾਰ ਟੈਸਟ ਹੋਣ ਦੀ ਸਮਰੱਥਾ ਹੈ।
ਇਸ ਦੌਰਾਨ ਪੰਜਾਬ ਦੇ ਡਾਕਟਰੀ ਅਤੇ ਸਿੱਖਿਆ ਖੋਜ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਰੋਨਾ ਵਰਗੀ ਜਾਨਲੇਵਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਪਲਿੰਗ, ਟੈਸਟਿੰਗ ਅਤੇ ਮਰੀਜ਼ਾਂ ਦੇ ਇਲਾਜ ਲਈ ਵਿਆਪਕ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਅੰਮ੍ਰਿਤਸਰ ਅਤੇ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਵਿਖੇ ਅਤਿ ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਦੱਸਿਆ ਕਿ ਦੇਸ਼ ਦੀਆਂ ਪਹਿਲੀਆਂ ਅਜਿਹੀਆਂ ਆਧੁਨਿਕ ਕੋਰੋਨਾ ਲੈਬਜ਼ ਹਨ ਜਿਨ੍ਹਾਂ ‘ਚ ਕੋਰੋਨਾ ਬਿਮਾਰੀ ਦਾ ਟੈਸਟ ਕਰਨ ਲਈ ਅਤਿ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੈਬਜ਼ ‘ਚ ਕੰਮ ਕਰਨ ਵਾਲੇ ਸਟਾਫ ਕਰਮਚਾਰੀਆਂ ਨੂੰ ਵੀ ਸੰਕਰਮਣ ਦਾ ਖਤਰਾ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇੱਕ ਲੈਬ ‘ਚ 3 ਹਜ਼ਾਰ ਟੈਸਟ ਕਰਨ ਦੀ ਸਮੱਰਥਾ ਹੈ। ਜਿਸ ਨਾਲ ਤਿੰਨਾਂ ਲੈਬਾਂ ‘ਚ ਕੁਲ ਮਿਲਾ ਕੇ 9 ਹਜ਼ਾਰ ਟੈਸਟ ਕੀਤੇੇ ਜਾ ਸਕਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਟੈਸਟਿੰਗ ਦੇ ਮਾਮਲੇ ‘ਚ ਦੇਸ਼ ਦਾ ਪਹਿਲਾਂ ਮੋਹਰੀ ਸੂਬਾ ਬਣ ਗਿਆ ਹੈ। ਓ.ਪੀ. ਸੋਨੀ ਨੇ ਕਿਹਾ ਕਿ ਸੂਬੇ ਨੂੰ ਪਹਿਲਾਂ ਕੋਰੋਨਾ ਟੈਸਟਿੰਗ ਲਈ ਜਾਂਚ ਨਮੂਨੇ ਪੂਨੇ ਲੈਬ ‘ਚ ਭੇਜਣੇ ਪੈਂਦੇ ਸੀ ਜਿਸ ਦੀ ਰਿਪੋਰਟ ਲਈ ਘੱਟੋ ਘੱਟ 14 ਦਿਨ ਲੱਗ ਜਾਂਦੇ ਸਨ।