ਨਿਊਜ਼ ਡੈਸਕ: ਸ਼੍ਰੀਲੰਕਾ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੂੰ 2019 ਵਿੱਚ ਈਸਟਰ ਦਿਵਸ ਦੇ ਧਮਾਕਿਆਂ ਦੇ ਸਬੰਧ ਵਿੱਚ ਇੱਕ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਹਮਲਿਆਂ ਵਿੱਚ 11 ਭਾਰਤੀਆਂ ਸਮੇਤ ਕੁੱਲ 270 ਲੋਕ ਮਾਰੇ ਗਏ ਸਨ। ਕੋਲੰਬੋ ਫੋਰਟ ਦੀ ਮੈਜਿਸਟ੍ਰੇਟ ਅਦਾਲਤ ਨੇ ਆਪਣੇ ਫੈਸਲੇ ‘ਚ ਸਿਰੀਸੇਨਾ ‘ਤੇ ਹਮਲਿਆਂ ਅਤੇ ਬੰਬ ਧਮਾਕਿਆਂ ਬਾਰੇ ਖੁਫੀਆ ਰਿਪੋਰਟਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ 71 ਸਾਲਾ ਸਿਰੀਸੇਨਾ ਨੂੰ 14 ਅਕਤੂਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਸਿਰੀਸੇਨਾ ‘ਤੇ ਆਪਣੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨਾਲ ਸਿਆਸੀ ਮਤਭੇਦਾਂ ਕਾਰਨ ਹਮਲਿਆਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸਾਵਧਾਨੀ ਦੇ ਉਪਾਅ ਨਾ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਇੱਕ ਜਾਂਚ ਪੈਨਲ ਨੇ ਵੀ ਸਾਬਕਾ ਰਾਸ਼ਟਰਪਤੀ ਨੂੰ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਹ ਜਾਂਚ ਪੈਨਲ ਕੈਥੋਲਿਕ ਚਰਚ ਅਤੇ ਮ੍ਰਿਤਕਾਂ/ਪੀੜਤਾਂ ਦੇ ਰਿਸ਼ਤੇਦਾਰਾਂ ਦੇ ਦਬਾਅ ਹੇਠ ਬਣਾਇਆ ਗਿਆ ਸੀ।
ਸਿਰੀਸੇਨਾ ਦੇ ਉੱਤਰਾਧਿਕਾਰੀ ਅਤੇ ਬਰਖਾਸਤ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ‘ਤੇ ਪੈਨਲ ਦੀ ਜਾਂਚ ਰਿਪੋਰਟ ਨੂੰ ਲਾਗੂ ਕਰਨ ਦਾ ਦਬਾਅ ਸੀ। ਪਰ ਉਨ੍ਹਾਂ ਨੇ ਸਿਰੀਸੇਨਾ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਸਮੇਂ ਤੱਕ ਉਹ (ਸਿਰੀਸੇਨਾ) ਸੱਤਾਧਾਰੀ ਐਸਐਲਪੀਪੀ ਦੇ ਪ੍ਰਧਾਨ ਬਣ ਚੁੱਕੇ ਸਨ।
ISIS ਨਾਲ ਸਬੰਧਿਤ ਇੱਕ ਸਥਾਨਕ ਇਸਲਾਮੀ ਅੱਤਵਾਦੀ ਸਮੂਹ, ਨੈਸ਼ਨਲ ਤਵਾਹੀਦ ਜਮਾਤ (ਐਨਟੀਜ਼ੈਡ) ਦੇ ਨੌਂ ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ, 2019 ਨੂੰ ਤਿੰਨ ਚਰਚਾਂ ਅਤੇ ਪ੍ਰਮੁੱਖ ਹੋਟਲਾਂ ਵਿੱਚ ਲੜੀਵਾਰ ਬੰਬ ਧਮਾਕੇ ਕੀਤੇ, ਜਿਸ ਵਿੱਚ 270 ਲੋਕ ਮਾਰੇ ਗਏ ਸਨ।