ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀ ਬੈਠੇ ਧਰਨੇ ‘ਤੇ , ਕਿਹਾ – “ਵੁਈ ਵਾਂਟ -PR”, “ਵੁਈ ਵਾਂਟ, ਜਸਟਿਸ”

Global Team
3 Min Read

ਬਰੈਂਪਟਨ : ਕੈਨੇਡਾ ਆਪਣੀ ਕਿਸਮਤ ਅਜਮਾਉਣ ਗਏ  ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ ਇਕ ਮਹੀਨੇ ਤੋਂ ਧਰਨੇ ‘ਤੇ ਬੈਠੇ ਹੋਏ ਹਨ। ਉਹ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣੀਆਂ ਚਾਹੁੰਦੇ ਹਨ। ਜਿਸ ‘ਚ ਉਨ੍ਹਾਂ ਦਾ ਸਾਥ ਕਈ ਪੰਜਾਬੀ ਕਮਿਊਨਿਟੀਜ਼ ਵੀ ਦੇ ਰਹੀਆਂ ਹਨ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੁਈਨ ਸਟਰੀਟ ਤੇ ਰੱਦਰਫ਼ਰਡ ਰੋਡ ਇੰਟਰਸੈੱਕਸ਼ਨ ਦੇ ਨੇੜਲੇ ਪਲਾਜ਼ੇ ਦੀ ਪਾਰਕਿੰਗ ‘ਚ ਸੜਕ ਦੇ ਕਿਨਾਰੇ ਬੈਠੇ ਹਨ।

ਪੰਜਾਬੀ ਕਮਿਊਨਿਟੀ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ।  ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਉੱਥੇ ਆਪਣਾ ਟੈਂਟ ਲਗਾਇਆ ਹੋਇਆ ਹੈ। ਦਿਨ ਵੇਲੇ ਤਾਂ ਉਹ ਆਪਣੀਆਂ ਮੰਗਾਂ ਦੇ ਹੱਕ ਵਿਚ ਬੋਲਦੇ ਹਨ ਤੇ ਨਾਅਰੇਬਾਜ਼ੀ ਕਰਦੇ ਹਨ ਅਤੇ ਰਾਤ ਉਸ ਟੈਂਟ ਵਿਚ ਹੀ ਗੁਜ਼ਾਰਦੇ ਹਨ। ਨੇੜਲੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਭੋਜਨ-ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪੜ੍ਹਾਈ ਲਈ ਕੈਨੇਡਾ ਸਰਕਾਰ ਵੱਲੋਂ ‘ਸਟੂਡੈਂਟ ਵੀਜ਼ੇ’ ਦਿੱਤੇ ਗਏ ਸਨ ਤਾਂ ਉਨ੍ਹਾਂ ‘ਚ ਇੱਥੇ ਦੋ ਤੋਂ ਤਿੰਨ ਸਾਲ ਲਈ ਵਰਕ-ਪਰਮਿਟ ਦੇਣਾ ਅਤੇ ਪੀ. ਆਰ. ਲਈ ਅਰਜ਼ੀਆਂ ਦਾਖ਼ਲ ਕਰਨਾ ਵੀ ਸ਼ਾਮਿਲ ਸੀ। ਪਰ ਹੁਣ ਉਨ੍ਹਾਂ ਨੂੰ ਪੀ. ਆਰ. ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਨ੍ਹਾਂ ਦੇ ਵਰਕ-ਪਰਮਿਟ ਵਿਚ ਵਾਧਾ ਕੀਤਾ ਜਾ ਰਿਹਾ ਹੈ । ਇਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਵਿਚ ਮੁੱਖ ਤੌਰ ‘ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਜਿਨ੍ਹਾਂ ਦੇ ਵਰਕ-ਪਰਮਿਟ ਮੁੱਕਣ ਕਿਨਾਰੇ ਹਨ, ਉਨ੍ਹਾਂ ਦੇ ਵਰਕ ਪਰਮਿਟਾਂ ਵਿਚ ਵਾਧਾ ਕਰਨਾ, ਪੁਆਇੰਟਾਂ ਦੇ ਆਧਾਰ ‘ਤੇ ਉਨ੍ਹਾਂ ਦੀਆਂ ਪੀ. ਆਰ. ਦੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਕੇ ਉਨ੍ਹਾਂ ਨੂੰ ਕੈਨੇਡਾ ਦੇ ‘ਪੱਕੇ ਵਾਸੀ’ (ਪੀ. ਆਰ.) ਬਨਾਉਣਾ, ‘ਐੱਲ.ਐੱਮ.ਆਈ.’ ਦੀ ਚੱਲ ਰਹੀ ਲੁੱਟ ਬੰਦ ਨੂੰ ਕਰਨਾ ਅਤੇ ਉਨ੍ਹਾਂ ਨੂੰ ਕੈਨੇਡਾ ਵਿਚੋਂ ਵਾਪਿਸ ਆਪਣੇ ਦੇਸਾਂ ਨੂੰ ਭੇਜਣ ਦੀ ਪ੍ਰਕਿਰਿਆ(ਡੀਪੋਰਟੇਸ਼ਨ) ਉੱਪਰ ਅਮਲ ਨੂੰ ਰੋਕਣਾ ਸ਼ਾਮਿਲ ਹਨ। ਵਿਦਿਆਰਥੀਆਂ ਦੀਆਂ ਇਹ ਮੰਗਾਂ ਉਨ੍ਹਾ ਦੇ ਨੇਤਾਵਾਂ ਅਮਰਦੀਪ, ਮਹਿਕ  ਵੱਲੋਂ ਬੜੇ ਵਧੀਆਂ ਤਰ੍ਹਾਂ ਉਭਾਰੀਆਂ ਜਾ ਰਹੀਆਂ ਹਨ।

ਇਸ ਦੌਰਾਨ 28 ਸਤੰਬਰ ਨੂੰ ‘ਰੋਡ ਮਾਰਚ’ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਪੰਜਾਬੀ ਕਮਿਉਨਿਟੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਇਸ ਧਰਨੇ ਵਿਚ ਸ਼ਾਮਿਲ ਹੋਏ।  ਇਸ ਰੋਡ ਮਾਰਚ ਦੇ ਪ੍ਰਬੰਧਕ ਵਿਦਿਆਰਥੀਆਂ ਵੱਲੋਂ ਇਕ ਪਿਕ-ਅੱਪ ਟਰੱਕ ਉੱਪਰ ਲਾਊਡ ਸਪੀਕਰ, ਵੱਡੇ ਸਾਰੇ ਬੈਨਰ ਅਤੇ ਵੱਖ-ਵੱਖ ਰੰਗਾਂ ਦੇ ‘ਪਲੇਅ-ਕਾਰਡਾਂ’ ਦਾ ਅਗਾਊਂ ਪ੍ਰਬੰਧ ਕੀਤਾ ਗਿਆ । ਇਸ ਪਿਕ-ਅੱਪ’ ਟਰੱਕ ਦੇ ਮਗਰ ਮਗਰ ਚੱਲਦਿਆਂ ਹੱਥਾਂ ਵਿਚ ਬੈਨਰ ਫੜ੍ਹੀ ਵਿਦਿਆਰਥੀ ਬੁਲੰਦ ਆਵਾਜ਼ ਵਿਚ ਨਾਅਰੇ ਲਗਾ ਰਹੇ ਸਨ । ਨਾਅਰਿਆਂ ਵਿਚ “ਵੁਈ ਵਾਂਟ -ਪੀ. ਆਰ”, “ਵੁਈ ਵਾਂਟ, ਜਸਟਿਸ”, “ਵੈੱਨ ਵੁਈ ਵਾਂਟ? – ਜਸਟ ਨਾਓ”, “ਡਾਊਨ ਵਿਦ ਡਿਸੀਜ਼ਨ ਆਫ਼ ਡੀਪੋਰਟੇਸ਼ਨ”, “ਹੂ ਪਰੌਮਿਜ਼ਡ ਅੱਸ ਪੀ. ਆਰ.? – ਇਮੀਗਰੇਸ਼ਨ ਮਨਿਸਟਰ”, ਆਦਿ ਸਨ।  

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment