-ਸੰਯੋਜਕ: ਅਮਰਜੀਤ ਸਿੰਘ
ਕਣਕ: ਨਵੰਬਰ ਵਿੱਚ ਬੀਜੀ ਕਣਕ ਨੂੰ ਇਸ ਮਹੀਨੇ ਦੂਸਰਾ ਪਾਣੀ ਦੇ ਦਿਓ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਛੇਤੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਦੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਤੇ ਮਂੈਗਨੀਜ਼ ਦੀ ਘਾਟ ਆ ਸਕਦੀ ਹੈ। ਇਸ ਘਾਟ ਵਿੱਚ ਬੂਟੇ ਦੇ ਵਿਚਕਾਰਲੇ ਪੱਤੇ ਪੀਲੇ ਹੋ ਜਾਂਦੇ ਹਨ, ਜਦ ਕਿ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ ਅਤੇ ਨਾੜੀਆਂ ਵਿਚਕਾਰ ਸਲੇਟੀ-ਗੁਲਾਬੀ ਰੰਗ ਦੇ ਧੱਬੇ ਜਾਂ ਧਾਰੀਆਂ ਪੈ ਜਾਂਦੀਆਂ ਹਨ। ਜੇਕਰ ਖੇਤ ਵਿੱਚ ਅਜਿਹੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 0.5 ਪ੍ਰਤੀਸ਼ਤ ਮੈਂਗਨੀਜ਼ ਸਲਫੇਟ ਦੇ ਘੋਲ ਦਾ ਛਿੜਕਾਅ ਕਰੋ। ਇਸ ਲਈ 1 ਕਿਲੋ ਮਂੈਗਨੀਜ਼ ਸਲਫੇਟ ਪ੍ਰਤੀ 200 ਲਿਟਰ ਪਾਣੀੇ ਪ੍ਰਤੀ ਏਕੜ ਵਰਤੋ। ਹਫਤੇ- ਹਫਤੇ ਦੇ ਵਕਫ਼ੇ ਤੇ ਤਿੰਨ ਛਿੜਕਾਅ ਕਰੋ। ਜੇਕਰ ਮੈਂਗਨੀਜ਼ ਦੀ ਘਾਟ ਵਾਲੀ ਜ਼ਮੀਨ ਵਿੱਚ ਫ਼ਸਲ ਤੇ ਇੱਕ ਛਿੜਕਾਅ ਪਹਿਲੇ ਪਾਣੀ ਤੋਂ ਪਹਿਲਾਂ ਕਰੀਏ ਤਾਂ ਨਤੀਜੇ ਬਹੁਤ ਵਧੀਆ ਆਉਂਦੇ ਹਨ।ਰੇਤਲੀਆਂ ਜ਼ਮੀਨਾਂ ਵਿਚ ਬੀਜੀ ਕਣਕ ਵਿਚ ਗੰਧਕ ਦੀ ਘਾਟ ਆ ਸਕਦੀ ਹੈ। ਇਸ ਦੀ ਘਾਟ ਵਿਚ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ ਜਿਹਨਾਂ ਦੀਆਂ ਨੋਕਾਂ ਕੱੁੱਝ ਹੱਦ ਤੱਕ ਹਰੀਆਂ ਰਹਿੰਦੀਆਂ ਹਨ। ਸਰਦੀਆਂ ਦੀ ਲੰਬੀ ਬਰਸਾਤ ਦੌਰਾਨ ਇਹ ਘਾਟ ਜ਼ਿਆਦਾ ਆਉਂਦੀ ਹੈ। ਘਾਟ ਆਉਣ ਤੇ 100 ਕਿਲੋਗ੍ਰਾਮ ਜਿਪਸਮ ਪ੍ਰਤੀ ਏਕੜ ਦਾ ਛਿੱਟਾ ਦਿਉ। ਪਛੇਤੀ ਬੀਜੀ ਕਣਕ ਵਿੱਚੋਂ ਗੁੱਲੀ-ਡੰਡਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਦੇ 30 ਤੋਂ 35 ਦਿਨਾਂ ਬਾਅਦ ਵਰਤੋ ਜਦੋਂ ਕਿ ਪਹਿਲਾ ਪਾਣੀ ਦਿੱਤਾ ਹੋਵੇ ਅਤੇ ਖੇਤ ਵਿੱਚ ਤੁਰ-ਫਿਰ ਸਕੋ। ਗੁੱਲੀ ਡੰਡਾ ਅਤੇ ਕੁਝ ਸਖ਼ਤ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਦੇ 30 ਤੋਂ 35 ਦਿਨਾਂ ਬਾਅਦ ਵਰਤੋ ਜਦੋਂ ਕਿ ਪਹਿਲਾ ਪਾਣੀ ਦਿੱਤਾ ਹੋਵੇ ਅਤੇ ਖੇਤ ਵਿੱਚ ਤੁਰ-ਫਿਰ ਸਕੋ। ਗੁੱਲੀ ਡੰਡਾ ਅਤੇ ਕੁਝ ਸਖ਼ਤ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-ਡੀ 250 ਗ੍ਰਾਮ ਪ੍ਰਤੀ ਏਕੜ ਨੂੰ ਆਈਸੋਪ੍ਰੋਟਯੂਰਾਨ ਜਾਂ ਕਲੋਡੀਨਾਫੋਪ ਗਰੁੱਪ ਦੀਆਂ ਨਦੀਨ ਨਾਸ਼ਕ ਦਵਾਈਆਂ ਨਾਲ ਮਿਲਾ ਕੇ ਵਰਤੋ। ਗੁੱਲੀ ਡੰਡਾ ਅਤੇ ਜੰਗਲੀ ਜਵੀਂ ਦੀ ਰੋਕਥਾਮ ਲਈ ਪਹਿਲੀ ਸਿੰਜਾਈ ਦੇ ਦੋ ਤੋਂ ਚਾਰ ਦਿਨ ਪਹਿਲਾਂ ਆਈਸੋਪ੍ਰੋਟਯੂਰਾਨ ਨਦੀਨ ਨਾਸ਼ਕ ਦਵਾਈ ਵਰਤੋ। ਭਾਰੀਆਂ ਜ਼ਮੀਨਾਂ ਲਈ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 500 ਗ੍ਰਾਮ, ਦਰਮਿਆਨੀਆਂ ਜ਼ਮੀਨਾਂ ਲਈ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਲਈ 300 ਗ੍ਰਾਮ ਪ੍ਰਤੀ ਏਕੜ ਵਰਤੋ। ਜੌਂਧਰ ਦੀ ਰੋਕਥਾਮ ਲਈ ਕਲੋਡੀਨਾਫਾਪ ਜਾਂ ਫੈਨੋਕਸਾਪ੍ਰੋਪੀਥਾਈਲ ਵੀ ਵਰਤ ਸਕਦੇ ਹਾਂ। ਜਿੱਥੇ ਗੁੱਲੀ ਡੰਡਾ ਆਈਸੋਪ੍ਰੋਟਯੂਰਾਨ ਲਗਾਤਾਰ ਵਰਤਣ ਨਾਲ ਖ਼ਤਮ ਨਾ ਹੋਵੇ ਤਾਂ ਉਥੇ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਜੈ ਵਿਜੈ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਘੁਲਣਸ਼ੀਲ (ਕਲੋਡੀਨਾਫਾਪ) ਜਾਂ ਐਕਸੀਅਲ 5 ਤਾਕਤ (ਪਿਨੋਕਸਾਡਿਨ) 400 ਗ੍ਰਾਮ ਜਾਂ ਪਿਊਮਾ ਪਾਵਰ 10 ਤਾਕਤ (ਫੈਨੋਕਸਾਪ੍ਰੋਪ ਈਥਾਈਲ) 400 ਮਿ.ਲਿ. ਜਾਂ ਲੀਡਰ/ਐਸ ਐਫ਼ 10, ਸਫਲ 75 ਡਬਲਯੂ ਜੀ/ਮਾਰਕਸਲਫੋ (ਸਲਫੋਸਲਫੂਰਾਨ) 13 ਗ੍ਰਾਮ ਜਾਂ ਅਕੋਰਡ ਪਲੱਸ 500 ਮਿ: ਲਿ: ਜਾਂ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) 200 ਗ੍ਰਾਮ ਜਾਂ ਏ ਸੀ ਐਮ-9 (ਕਲੋਡੀਨਾਫੌਪ+ਮੈਟਰੀਬਿਊਜ਼ਿਨ) 240 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 30-35 ਦਿਨਾਂ ਵਿੱਚ ਵਰਤੋ। ਮੌਲਾਹ/ਰਕਸ਼ਕ ਪਲੱਸ/ਟੌਪਿਕ/ਪੁਆਇੰਟ, ਪਿਊਮਾ ਪਾਵਰ, ਲੀਡਰ/ ਐਸ ਐਫ਼ 10, ਸਫਲ, ਮਾਰਕਸਲਫੋ ਵਰਤਣ ਲਈ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਵਰਤੋ ਅਤੇ ਛਿੜਕਾਅ ਲਈ ਫਲੈਟ ਫੈਨ ਨੋਜ਼ਲ ਵਰਤੋ। ਨਦੀਨ ਨਾਸ਼ਕ ਐਟਲਾਂਟਿਸ 36 ਤਾਕਤ 160 ਗ੍ਰਾਮ ਜਾਂ ਟੋਟਲ/ਮਾਰਕਪਾਵਰ 75 ਡਬਲਯੂ ਜੀ 16 ਗ੍ਰਾਮ ਪ੍ਰਤੀ ਏਕੜ ਵਰਤਣ ਨਾਲ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹੋ। ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਏਮ/ਅਫਿਨਟੀ 40 ਤਾਕਤ (ਕਾਰਫੈਨਟਰਾਜੋਨ ਈਥਾਈਲ) 20 ਗ੍ਰਾਮ ਜਾਂ ਲਾਂਫਿਡਾ 50 ਤਾਕਤ (ਮੈਟਸਲਫੂਰਾਨ+ ਕਾਰਫੈਂਨਟਰਾਜ਼ੋਲ) 200 ਗ੍ਰਾਮ 25-30 ਦਿਨਾਂ ਪਿਛੋਂ ਜਾਂ 2, 4-ਡੀ ਦੀ ਵਰਤੋੋਂ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 45-55 ਦਿਨਾਂ ਬਾਅਦ ਪਿਛੇਤੀ ਬੀਜੀ ਕਣਕ ਤੇ ਵਰਤੋ ਜਾਂ ਕੰਡਿਆਲੀ ਪਾਲਕ ਅਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਐਲਗਰਿਪ/ਐਲਗਰਿਪ ਰਾਇਲ 20 ਘੁਲਣਸ਼ੀਲ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ 30 ਤੋਂ 35 ਦਿਨਾਂ ਵਿਚਕਾਰ ਛਿੜਕੋ। ਜੇਕਰ ਕਣਕ ਵਿੱਚ ਸਰੋ੍ਹਂ ਦੀਆਂ ਆੜਾਂ ਕੱਢੀਆਂ ਹੋਣ ਤਾਂ 2, 4-ਡੀ ਜਾਂ ਲੀਡਰ/ਐਸ ਐਫ਼ 10 ਸਫਲ/ਮਾਰਕਸਲਫੋ, ਐਟਲਾਂਟਿਸ, ਟੋਟਲ/ਮਾਰਕਪਾਵਰ ਨਦੀਨ ਨਾਸ਼ਕ ਨਾ ਵਰਤੋ। ਪਰ ਆਈਸੋਪ੍ਰੋਟਯੂਰਾਨ / ਟੌਪਿਕ / ਪੁਆਇੰਟ / ਮੌਲਾਹ / ਰਕਸ਼ਕ / ਪਲੱੱਸ / ਜੈ ਵਿਜੈ / ਟੌਪਲ / ਮਾਰਕਕਲੋਡੀਨਾ / ਕੋਲੰਬਸ, ਪਿਊਮਾ ਪਾਵਰ ਨਦੀਨ ਨਾਸ਼ਕ ਵਰਤ ਸਕਦੇ ਹੋ। ਏਮ/ਅਫਿਨਟੀ ਨਦੀਨ ਨਾਸ਼ਕ ’ਬਟਨ ਬੂਟੀ’ ਨੂੰ ਮਾਰਦਾ ਹੈ।ਅਕੋਰਡ ਪਲੱਸ ਅਤੇ ਸ਼ਗਨ 21-11 ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਕਿਸਮ ਉੱਤੇ ਨਾ ਛਿੜਕੋ। ਸਮੇਂ-2 ਸਿਰ ਖੇਤਾਂ ਦਾ ਸਰਵੇਖਣ (ਖਾਸ ਤੌਰ ਤੇ ਪਹਾੜੀ ਇਲਾਕਿਆਂ ਵਿੱਚ) ਕਰਦੇ ਰਹੋ। ਜੇਕਰ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਫਸਲ ਤੇ ਨਜ਼ਰ ਆਉਣ ਤਾਂ 200 ਗ੍ਰਾਮ ਕੈਵੀਅਟ ਜਾਂ 120 ਗ੍ਰਾਮ ਨਟੀਵੋ ਜਾਂ ਕਸਟੋਡੀਆ ਜਾਂ ਓਪੇਰਾ ਜਾਂ ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜੋਲ ਜਾਂ ਸਟਿਲਟ ਦਾ ਛਿੜਕਾਅ 200 ਮਿ: ਲਿ: 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।
ਤੇਲ ਬੀਜ ਅਤੇ ਸਰ੍ਹੋ: ਕੋਰੇ ਤੋਂ ਬਚਾਉਣ ਲਈ ਸਰੋ੍ਹਂ, ਰਾਇਆ ਅਤੇ ਗੋਭੀ ਸਰੋਂ ਨੂੰ ਪਾਣੀ ਦਿਓ।ਸਰੋ੍ਹਂ ਅਤੇ ਰਾਇਆ ਦੀ ਫ਼ਸਲ ਨੂੰ ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਜਾਂ 600 ਮਿਲੀਲਿਟਰ ਡਰਸਬਾਨ/ਕੋਰੇਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ । ਰੋਗਰ ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ।ਚਿੱਟੀ ਕੁੰਗੀ ਤੋਂ ਬਚਾਅ ਲਈ 250 ਗ੍ਰਾਮ ਰਿਡੋਮਿਲ ਗੋਲਡ-45 ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੀ ਬਿਜਾਈ ਦੇ 60 ਅਤੇ ਦਿਨਾਂ ਬਾਅਦ ਛਿੜਕੋ । ਤਣੇ ਦੇ ਗਾਲੇ ਨੂੰ ਕਾਬੂ ਹੇਠ ਰੱਖਣ ਲਈ 25 ਦਸੰਬਰ ਤੋਂ ਲੈ ਕੇ 15 ਜਨਵਰੀ ਤੱੱਕ ਫਸਲ ਨੂੰ ਪਾਣੀ ਨਾ ਲਗਾਓ।
ਸੂਰਜਮੁੱਖੀ: ਸੂਰਜਮੁੱਖੀ ਖਾਸ ਕਰਕੇ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਬਿਜਾਈ ਵੱਟਾਂ ਤੇ ਕਰੋ ਅਤੇ ਵੱਟਾਂ ਵਿਚਕਾਰ ਫਾਸਲਾ 2 ਫੁੱਟ ਅਤੇ ਬੂਟਿਆ ਦਰਮਿਆਨ ਫਾਸਲਾ ਇੱਕ ਫੁੱਟ ਰੱਖੋ। ਬੀਜ ਵੱਟ ਦੇ ਦੱਖਣ ਵਾਲੇ ਪਾਸੇ ਬੀਜੋ। ਸੂਰਜਮੁੱਖੀ ਵਿੱਚ 24 ਕਿਲੋ ਨਾਈਟ੍ਰੋਜਨ (50 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਓ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਨੂੰ ਤਰਜ਼ੀਹ ਦਿਓ ਕਿਉਕਿ ਇਸ ਵਿੱਚ ਗੰਧਕ ਵੀ ਹੁੰਦੀ ਹੈ ਜਿਹੜੀ ਸੂਰਜਮੁੱਖੀ ਲਈ ਬਹੁਤ ਜਰੂਰੀ ਹੈ। ਰੇਤਲੀਆ ਜਮੀਨਾਂ ਵਿੱਚ ਅੱਧਾ ਯੂਰੀਆ ਬਿਜਾਈ ਵੇਲੇ ਅਤੇ ਅੱਧਾ ਪਹਿਲਾ ਪਾਣੀ ਲਾਉਣ ਵੇਲੇ ਪਾਓ। ਜੇ ਆਲੂਆਂ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਹੈ ਤਾਂ ਸੂਰਜਮੁੱਖੀ ਨੂੰ 12 ਕਿਲੋ ਨਾਈਟ੍ਰੋਜਨ (25 ਕਿਲੋ ਯੂਰੀਆ) ਪਾਓ। ਜੇ ਸੂਰਜਮੁੱਖੀ ਤੋਰੀਏ ਤਂੋ ਬਾਅਦ ਬੀਜਣਾ ਹੋਵੇ ਤਾਂ ਖੇਤ ਵਿੱਚ 10 ਟਨ ਰੂੜੀ ਪ੍ਰਤੀ ਏਕੜ ਸਿਫਾਰਸ਼ ਕੀਤੀਆਂ ਖਾਦਾਂ ਨਾਲ ਵਰਤੋ ਕਰੋ। ਹਲਕੀਆਂ ਅਤੇ ਪੋਟਾਸ਼ ਦੀ ਘਾਟ ਵਾਲੀਆ ਜਮੀਨਾਂ ਨੂੰ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪਾ ਦਿਓ ਪਰ ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਜਿਲਿ੍ਹਆਂ ਵਿੱਚ ਪੋਟਾਸ਼ ਦੀ ਮਾਤਰਾ ਦੁੱਗਣੀ ਪਾਓ। ਜੇਕਰ ਬਿਜਾਈ ਫਰਵਰੀ ਤੱਕ ਪਛੇਤੀ ਹੁੰਦੀ ਜਾਪੇ ਤਾਂ ਸੂਰਜਮੁੱਖੀ ਦੀ ਪਨੀਰੀ ਰਾਹੀਂ ਕਾਸਤ ਕੀਤੀ ਜਾ ਸਕਦੀ ਹੈ। ਫਸਲ ਨੂੰ ਚਿੱਟੀ ਉੱਲੀ ਦੇ ਹਮਲੇ ਤੋਂ ਬਚਾਉਣ ਲਈ ਬੀਜ ਨੂੰ 6 ਗ੍ਰਾਮ ਟੈਗਰਨ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸੋਧ ਕੇ ਬਿਜਾਈ ਕਰੋ।
ਕਮਾਦ : ਕਮਾਦ ਦੀਆਂ ਦਰਮਿਆਨੀਆਂ ਅਤੇ ਪਿਛੇਤੀਆਂ ਕਿਸਮਾਂ ਜੋ ਕਿ ਜਨਵਰੀ ਦੇ ਅਖ਼ੀਰ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ ਦੀ ਪੀੜਾਈ ਅਤੇ ਕਟਾਈ (ਮਿੱਲਾਂ ਲਈ) ਸ਼ੁਰੂ ਕਰ ਦਿਓ। ਬੀਜ ਲਈ ਰੱਖੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਲਗਾਤਾਰ ਪਾਣੀ ਦਿੰਦੇ ਰਹੋ। ਕੋਰੇ ਤੋਂ ਪ੍ਰਭਾਵਿਤ ਬੀਜ ਘੱਟ ਉਗਦਾ ਹੈ। ਮੁੱਢੇ ਰੱਖਣ ਵਾਲੇ ਕਮਾਦ ਦੀ ਕਟਾਈ ਜ਼ਮੀਨ ਦੀ ਪੱਧਰ ਤੇ ਕਰੋ ਜਿਸ ਨਾਲ ਫੁਟਾਰਾ ਚੰਗਾ ਹੁੰਦਾ ਹੈ। ਖੋਰੀ ਤੁਰੰਤ ਸਾੜ ਦਿਓ। ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਦੇ ਦਿਓ ਅਤੇ ਗੰਨੇ ਦੀਆਂ ਕਤਾਰਾਂ ਵਿਚਕਾਰ ਹਲ ਵਾਹ ਦਿਓ ਤਾਂ ਜੋ ਨਦੀਨਾਂ ਦੀ ਰੋਕਥਾਮ ਹੋ ਸਕੇ। ਤਰਾਈ ਗੜੂੰਏਂ ਦੀਆਂ ਸੁੰਡੀਆਂ ਮੁੱਢਾਂ ਜਾਂ ਸ਼ਾਖਾਂ ਤੇ ਦਿਖਾਈ ਦੇਣ ਤਾਂ ਪ੍ਰਭਾਵਿਤ ਬੂਟੇ ਇਕੱਠੇ ਕਰਕੇ ਨਸ਼ਟ ਕਰ ਦਿਓ।
ਮੈਂਥਾ (ਜਪਾਨੀ ਪੁਦੀਨਾ) : ਇਸ ਫਸਲ ਦੀ ਬਿਜਾਈ ਲਈ ਜਨਵਰੀ ਦਾ ਦੂਸਰਾ ਪੰਦਰਵਾੜਾ ਬਹੁਤ ਹੀ ਢੱਕਵਾਂ ਸਮਾਂ ਹੈ। ਇੱਕ ਏਕੜ ਲਈ ਦੋ ਕੁਇੰਟਲ ਤਾਜ਼ੀਆਂ ਪੁੱਟੀਆਂ 5-8 ਸੈਂਟੀਮੀਟਰ ਲੰਬੀਆਂ ਜੜ੍ਹਾਂ ਚਾਹੀਦੀਆਂ ਹਨ।ਇਨ੍ਹਾਂ ਜੜ੍ਹਾਂ ਨੂੰ 45 ਸੈਂਟੀਮੀਟਰ ਦੀ ਦੂਰੀ ਤੇ ਕਤਾਰਾਂ ਵਿੱਚ ਬੀਜੋ। ਬੀਜਣ ਤੋਂ ਬਾਅਦ ਹਲਕਾ ਪਾਣੀ ਦੇ ਦਿਉ। ਬਿਜਾਈ ਵੇਲੇ 10-15 ਟਨ ਦੇਸੀ ਰੂੜੀ, 33 ਕਿਲੋ ਯੂਰੀਆ ਅਤੇ 100 ਕਿੱਲੋ ਸਿੰਗਲ ਸੁਪਰਫਾਸਫੇਟ ਵੀ ਪਾਉ। 33 ਕਿਲੋ ਯੂਰੀਆ ਦੀ ਦੂਸਰੀ ਕਿਸ਼ਤ ਬਿਜਾਈ ਤੋਂ 40 ਦਿਨਾਂ ਬਾਅਦ ਪਾਓ।
ਚਾਰੇ ਦੀ ਕਾਸ਼ਤ : ਜੇਕਰ ਜਵੀਂ ਦੀਆਂ ਦੋ ਕਟਾਈਆਂ ਲੈਣੀਆਂ ਹੋਣ ਤਾਂ ਇੱਕ ਕਟਾਈ ਜਨਵਰੀ ਵਿਚ ਲਵੋ। ਜਿਸ ਖੇਤ ਵਿੱਚ ਬੂੰਈਂ (ਪੋਆ ਘਾਹ) ਨਦੀਨ ਬਹੁਤ ਹੋਵੇ ਉਥੋਂ ਦੋ ਕਟਾਈਆਂ ਨਾ ਲਵੋ। ਬਰਸੀਮ/ਸ਼ਫਤਲ ਦਾ ਬੀਜ ਬਣਾਉਣ ਲਈ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਬਿਜਾਈ ਕਰ ਸਕਦੇ ਹੋ। ਜੇਕਰ ਲੂਸਣ ਬੀਜਿਆ ਹੋਵੇ ਤਾਂ ਉਸ ਦੀ ਸੰਭਾਲ ਇਸ ਤਰ੍ਹਾਂ ਕਰੋ ਕਿ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿੱਚ ਇਹ ਚਾਰਾ ਦੇਵੇ। ਬਰਸੀਮ ਦੇ ਤਣੇ ਦਾ ਗਲਣਾ ਕਈ ਵਾਰ ਜ਼ਿਆਦਾ ਨਮੀ ਹੋਣ ਕਰਕੇ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬਰਸੀਮ ਦੀ ਕਟਾਈ ਮਗਰੋਂ ਖੇਤ ਨੂੰ ਧੁੱਪ ਲੱਗਣ ਦਿਉ। ਗਲੇ-ਸੜੇ ਬੂਟੇ ਨਸ਼ਟ ਕਰ ਦਿਉ।
ਸਬਜ਼ੀਆਂ
ਆਲੂ: ਬਹਾਰ ਰੁੱਤ ਦੇ ਆਲੂਆਂ ਦੀ ਬਿਜਾਈ ਇਸ ਮਹੀਨੇ ਦੇ ਦੂਜੇੇ ਪੰਦਰਵਾੜੇ ਵਿੱਚ ਖ਼ਤਮ ਕਰ ਦੇਣੀ ਚਾਹੀਦੀ ਹੈ। ਜੇਕਰ ਪੱਤਝੜ ਵਾਲੀ ਫ਼ਸਲ ਤੋਂ ਤਿਆਰ ਕੀਤਾ ਬੀਜ ਬਹਾਰ ਦੇ ਮੌਸਮ ਵਾਲੀ ਫ਼ਸਲ ਲਈ ਵਰਤਣਾ ਹੋਵੇ ਤਾਂ ਬੀਜ ਦਾ ਸੁੱਤਾਪਣ ਜਗਾਉਣ ਜਾਂ ਆਲੂ ਵਿੱਚ ਨਾ ਉਗਣ ਦੀ ਸ਼ਕਤੀ ਖ਼ਤਮ ਕਰਨ ਲਈ ਆਲੂਆਂ ਦੇ ਛੋਟੇ ਟੁਕੜੇ (ਹਰ ਇੱਕ ਟੁਕੜੇ ਤੇ ਦੋ ਅੱਖਾਂ ਜ਼ਰੂਰ ਹੋਣ) ਬਣਾ ਕੇ ਉਨ੍ਹਾਂ ਨੂੰ ਇੱਕ ਪ੍ਰਤੀਸ਼ਤ ਥਾਇਓ ਯੂਰੀਆ ਘੋਲ ਅਤੇ ਇੱਕ ਪੀ ਪੀ ਐਮ ਜ਼ਿਬਰੈਲਿਕ ਐਸਿਡ ਵਿੱਚ ਇੱਕ ਘੰਟਾ ਡੋਬੋ। ਇਸ ਸੋਧੇ ਹੋਏ ਬੀਜ ਨੂੰ 24 ਘੰਟਿਆਂ ਲਈ ਛਾਵੇਂ ਪਤਲੀਆਂ ਤਹਿਆਂ ਵਿੱਚ ਵਿਛਾ ਕੇ ਸੁਕਾਉ।ਖਰੀਂਂਢ ਰੋਗ ਤੋਂ ਬਚਾਅ ਲਈ ਬਹਾਰ ਰੁੱਤੇ ਆਲੂ ਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ ਲਈ 83 ਮਿ.ਲਿ. ਇਮਿਸਟੋ ਪ੍ਰਾਇਮ ਜਾਂ 250 ਮਿ.ਲਿ. ਮੋਨਸਰਨ 100 ਲਿਟਰ ਪਾਣੀ ਵਿੱਚ 10 ਮਿੰਟ ਲਈ ਡੋਬੋ। 20 ਟਨ ਦੇਸੀ ਰੂੜੀ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫਾਸਫੋਰਸ (155 ਕਿਲੋ ਸਿੰਗਲ ਸੁਪਰਫਾਸਫੇਟ) ਅਤੇ 25 ਕਿਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਆਲੂਆਂ ਦੀ ਫ਼ਸਲ ਤੇ ਅਗੇਤੇ ਅਤੇ ਪਿਛੇਤੇ ਝੁਲਸ ਰੋਗ ਤੋਂ ਰੋਕਥਾਮ ਲਈ 500-700 ਗ੍ਰਾਮ ਇੰਡੋਫਿਲ ਐਮ-45/ਕਵਚ/ਮਾਸ ਐਮ-45/ਮਾਰਕਜ਼ੈਬ ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਤੇਲੇ ਦੇ ਹਮਲੇ ਨੂੰ ਘਟਾਉਣ ਲਈ 300 ਮਿਲੀਲਿਟਰ ਮੈਟਾਸਿਸਟਾਕਸ 25 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ।
ਪਿਆਜ਼: ਜਨਵਰੀ ਦੇ ਪਹਿਲੇ ਪੰਦਰਵਾੜੇ 7-8 ਹਫ਼ਤੇ ਪੁਰਾਣੀ ਪਨੀਰੀ ਖੇਤ ਵਿੱਚ ਲਾ ਦਿਉ। ਬਿਜਾਈ ਤੋਂ ਪਹਿਲਾਂ 20 ਟਨ ਗਲੀ ਸੜੀ ਦੇਸੀ ਰੂੜੀ, 45 ਕਿਲੋ ਯੂਰੀਆ ਖਾਦ, 125 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਉ।ਜਾਮਨੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਤੇ 300ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਨੂੰ 200 ਮਿਲੀਲਿਟਰ ਟ੍ਰੀਟੇਨ ਜਾਂ ਅਲਸੀ ਦੇ ਤੇਲ ਵਿੱਚ ਮਿਲਾਉ।ਇਸ ਘੋਲ ਨੂੂੰ 200 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਉ। ਦਸ ਦਿਨਾਂ ਦੇ ਵਕਫ਼ੇ ਤੇ ਇਹ ਛਿੜਕਾਅ ਦੁਹਰਾਉ।
ਅਗੇਤੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ: ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਅਗੇਤੀ ਫ਼ਸਲ ਲੈਣ ਲਈ 5 ਕਿਲੋ 100 ਗੇਜ ਮੋਟੇ ਚਿੱਟੇ ਲਿਫ਼ਾਫੇ 1510 ਸੈਂਟੀਮੀਟਰ ਆਕਾਰ ਦੇ ਲਉ।ਇਨ੍ਹਾਂ ਨੂੰ ਰੂੜੀ ਦੀ ਖਾਦ ਅਤੇ ਭੱਲ ਦੀ ਬਰਾਬਰ ਮਾਤਰਾ ਨਾਲ ਭਰ ਲਓ।ਲਿਫ਼ਾਫ਼ੇ ਦੇ ਹੇਠਾਂ ਮੋਰੀ ਕਰ ਦਿਉ ਅਤੇ ਇਹ ਰਲੀ ਹੋਈ ਮਿੱਟੀ ਨਾਲ ਭਰ ਦਿਉ। ਇਹ ਲਿਫ਼ਾਫ਼ੇ ਠੰਢ ਤੋਂ ਬਚਾ ਕੇ ਰੱਖੋ। ਜਨਵਰੀ ਦੇ ਅਖੀਰਲੇ ਹਫ਼ਤੇ ਹਰ ਲਿਫ਼ਾਫ਼ੇ ਵਿੱਚ ਦੋ ਬੀਜ ਦਬਾ ਦਿਉ ਅਤੇ ਫੁਆਰੇ ਨਾਲ ਪਾਣੀ ਪਾ ਦਿਉ। ਇਸ ਤਰ੍ਹਾਂ ਸਾਰੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਅਗੇਤੀ ਬਿਜਾਈ ਕੀਤੀ ਜਾ ਸਕਦੀ ਹੈ। ਇੱਕ ਏਕੜ ਪਨੀਰੀ ਤਿਆਰ ਕਰਨ ਲਈ 200-500 ਗ੍ਰਾਮ ਬੀਜ ਕਾਫ਼ੀ ਹੈ।
ਬਾਗਬਾਨੀ:
1. ਜਨਵਰੀ ਦੇ ਦੂਜੇ ਪੰਦਰਵਾੜੇ ਤੱਕ ਨਾਖ, ਆੜੂ ਅਤੇ ਅਲੂਚੇ ਦੇ ਨਵੇਂ ਬੂਟੇ ਲਗਾ ਦੇਣੇ ਚਾਹੀਦੇ ਹਨ। ਜਨਵਰੀ ਵਿੱਚ ਬਿਨਾਂ ਗਾਚੀ ਤੋਂ ਬੇਰ ਵੀ ਲੱਗ ਸਕਦੇ ਹਨ।
2. ਇਹ ਮਹੀਨਾ ਆੜੂ, ਅਲੂਚੇ ਅਤੇ ਨਾਖਾਂ ਆਦਿ ਦੀ ਕਟਾ-ਛਾਂਟ ਲਈ ਬਹੁਤ ਢੁੱਕਵਾਂ ਸਮਾਂ ਹੈ। ਇਨ੍ਹਾਂ ਬੂਟਿਆਂ ਦੀ ਕਾਟ-ਛਾਂਟ ਸਿਫ਼ਾਰਸ਼ਾਂ ਮੁਤਾਬਿਕ ਹੀ ਕੀਤੀ ਜਾਣੀ ਚਾਹੀਦੀ ਹੈ, ਅੰਗੂਰਾਂ ਅਤੇ ਨਾਖਾਂ ਦੀ ਕਾਂਟ-ਛਾਂਟ 15 ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ।
3. ਇਸ ਮਹੀਨੇ ਹਰ ਬੂਟੇ ਕੋਲ ਜਾ ਕੇ ਧਿਆਨ ਨਾਲ ਦੇਖੋ ਕਿ ਠੰਢ ਤੋਂ ਬਚਾਉਣ ਲਈ ਜੋ ਕੁੱਲੀ ਬੰਨ੍ਹੀ ਸੀ ਉਹ ਠੀਕ ਹੈ। ਜੇਕਰ ਠੀਕ ਕਰਨ ਦੀ ਲੋੜ ਹੈ ਤਾਂ ਠੀਕ ਕਰ ਦਿਉ।
4. ਫ਼ਲਦਾਰ ਬੂਟਿਆਂ ਨੂੰ ਹੁਣ ਤੱਕ ਦੇਸੀ ਰੂੜੀ ਪਾ ਦਿਓ। ਜੇਕਰ ਨਹੀਂ ਪਾਈ ਤਾਂ ਇਹ ਜ਼ਰੂਰੀ ਕੰਮ ਜਲਦੀ ਪੂਰਾ ਕਰ ਦਿਉ।
5. ਬੇਰਾਂ ਨੂੰ ਇਸ ਮਹੀਨੇ ਪਾਣੀ ਦਿਉ ਕਿਉਂਕਿ ਇਸ ਮਹੀਨੇ ਫ਼ਲਾਂ ਦੇ ਵਾਧੇ ਦੀ ਅਵਸਥਾ ਹੁੰਦੀ ਹੈ।
6. ਇਹ ਮਹੀਨਾ ਨਿੰਬੂ ਜਾਤੀ ਦੇ ਬੂਟਿਆਂ ਤੋਂ ਸੁੱਕੀਆਂ ਟਹਿਣੀਆਂ ਕੱਟਣ ਦਾ ਵੀ ਸਹੀ ਸਮਾਂ ਹੈ ਕਿਉਂਕਿ ਫਿਰ ਨਵਾਂ ਫੁਟਾਰਾ ਸ਼ੁਰੂ ਹੋ ਜਾਂਦਾ ਹੈ। ਕੱਟ ਵਾਲੇ ਟੱਕਾਂ ਤੇ ਬੋਰਡੋ ਪੇਂਟ ਲਗਾਉ। ਜੇ ਮੁੱਢਾਂ ਤੇ ਗੂੰਦ ਵਗਦੀ ਹੋਵੇ ਤਾਂ ਗੂੰਦ ਨੂੰ ਚਾਕੂ ਨਾਲ ਸਾਫ਼ ਕਰਕੇ ਬੋਰਡੋ ਪੇਂਟ ਲਗਾਉ। ਬੂਟਿਆਂ ਉਪਰ 2 : 2: 250 ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।
7. ਨਿੰਬੂ ਜਾਤੀ ਦੇ ਮੁੱਢ ਦੇ ਗਾਲੇ ਗਮੋਸਿਸ ਅਤੇ ਕੈਂਕਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਕੱਟ ਦਿਉ ਅਤੇ ਫਿਰ ਕੱਟੀ ਹੋਈ ਥਾਂ ਤੇ ਬੋਰਡੋ ਪੇਸਟ ਦਾ ਘੋਲ ਲਗਾਉ।
8. ਅੰਬਾਂ ਦੇ ਪੁਰਾਣੇ ਦਰੱਖਤਾਂ ਦਾ ਨਵੀਨੀਕਰਨ ਕਰਨ ਲਈ ਜਨਵਰੀ ਦੇ ਪਹਿਲੇ ਹਫਤੇ ਦਰੱਖਤਾਂ ਨੂੰ ਜ਼ਮੀਨ ਦੇ ਪੱਧਰ ਤੋਂ ਤਿੰਨ ਮੀਟਰ ਦੀ ਉਚਾਈ ਤੋਂ ਕੱਟ ਦਿਉ ਅਤੇ ਕੱਟੇ ਹੋਏ ਭਾਗਾਂ ਤੇ ਬੋਰਡੋ ਪੇਸਟ ਲਗਾ ਦਿਉ। ਧਿਆਨ ਰੱਖੋ ਕਿ ਕੱਟੇ ਹੋਏ ਦਰੱਖਤਾਂ ਦੀਆ 4-5 ਬਾਹਰ ਵੱਲ ਜਾਂਦੀਆਂ ਸਾਂਖਵਾ ਬਚ ਜਾਣ।
9. ਅੰਬਾਂ ਦੀ ਗਦੈਹੜੀ ਦੀ ਰੋਕਥਾਮ ਲਈ ਦਰਖ਼ਤਾਂ ਦੇ ਤਣਿਆਂ ਦੁਆਲੇ 15-20 ਸੈਂਟੀਮੀਟਰ ਚੌੜੀ ਤਿਲਕਵੀਂ ਪੱਟੀ ਬੰਨ੍ਹ ਦਿਉ। ਇਹ ਜ਼ਮੀਨ ਦੀ ਪੱਧਰ ਤੋਂ ਇੱਕ ਮੀਟਰ ਉਚੀ ਹੋਵੇ।
10. ਕਿੰਨੋ ਅਤੇ ਬਲੱਡ ਰੈੱਡ ਮਾਲਟੇ ਦੀ ਤੁੜਾਈ ਲਈ ਇਹ ਢੁੱਕਵਾਂ ਸਮਾਂ ਹੈ। ਫ਼ਲ ਤੋੜਨ ਸਮੇਂ ਧਿਆਨ ਰੱਖੋ ਕਿ ਫ਼ਲ ਡੰਡੀ ਬਟਨ ਦੀ ਤਰ੍ਹਾਂ ਕੱਟੀ ਹੋਵੇ, ਨਹੀਂ ਤਾਂ ਲੰਬੀ ਡੰਡੀ ਦੂਜੇ ਫ਼ਲਾਂ ਨੂੰ ਜ਼ਖ਼ਮੀ ਕਰ ਸਕਦੀ ਹੈ ਅਤੇ ਫ਼ਲ ਗਲ ਸਕਦੇ ਹਨ।
ਸਜਾਵਟੀ ਬੂਟੇ
ਮੌਸਮੀ ਫ਼ੁੱਲ: ਮੌਸਮੀ ਫੁੱਲਾਂ ਦੀਆਂ ਜ਼ਿਆਦਾਤਰ ਕਿਸਮਾਂ ਇਸ ਮਹੀਨੇ ਦੇ ਅਖੀਰ ਵਿੱਚ ਫੁੱਲ ਦੇਣਾ ਸ਼ੁਰੂ ਕਰ ਦੇਣਗੀਆਂ। ਉਚੀਆਂ ਜਾਣ ਵਾਲੀਆਂ ਕਿਸਮਾਂ ਨੂੰ ਸਹਾਰਾ ਦਿਉ। ਗਮਲਿਆਂ ਵਿੱਚ ਲੱਗੇ ਹੋਏ ਮੌਸਮੀ ਫੁੱਲਾਂ ਨੂੰ ਕੋਰੇ ਤੋਂ ਬਚਾਉਣ ਲਈ ਢੁੱੱਕਵਾਂ ਉਪਰਾਲਾ ਕਰੋ।
ਗੁਲਦਾਉਦੀ: ਲਗਭਗ ਸਾਰੀਆਂ ਹੀ ਕਿਸਮਾਂ ਇਸ ਮਹੀਨੇ ਦੇ ਅਖ਼ੀਰ ਤੱਕ ਫੁੱਲ ਦੇਣਾ ਬੰਦ ਕਰ ਦਿੰਦੀਆਂ ਹਨ। ਸੁੱੱਕੇ ਹੋਏ ਫੁੱਲਾਂ ਨੂੰ ਜ਼ਮੀਨ ਤੋਂ 4-5 ਸੈਂਟੀਮੀਟਰ ਛੱੱਡ ਕੇ ਕੱਟ ਦਿਉ ਤਾਂ ਜੋ ਇਸ ਨਾਲ ਜੜੂੰਂਏ ਦੇ ਵਾਧੇ ਵਿੱਚ ਮੱਦਦ ਮਿਲੇਗੀ ਤੇ ਪੌਦ ਦਾ ਵਾਧਾ ਵੀ ਵਧੀਆ ਹੋਵੇਗਾ ।
ਗਮਲਿਆਂ ਵਾਲੇ ਬੂਟੇ: ਗਮਲਿਆਂ ਵਾਲੇ ਬੂਟਿਆਂ ਨੂੰ ਕੋਰੇ ਤੋਂ ਬਚਾਉ, ਬੂਟਿਆਂ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਕੁਝ ਬੂਟੇ ਜਿਵੇ ਕਰੋਟੋਨ ਆਦਿ ਨੂੰ ਠੰਡ ਤੋਂ ਜਰੂਰ ਬਚਾਓ ਨਹੀ ਤਾਂ ਇਹਨਾਂ ਦੇ ਪੱਤੇ ਝੜ ਜਾਂਦੇ ਹਨ।
ਪੱਕੇ ਬੂਟੇ : ਪਹਿਲਾਂ ਲੱਗੇ ਪੱਤਝੜੀ ਬੂਟਿਆਂ ਦੀ ਕਾਂਟ-ਛਾਂਟ ਕਰ ਦਿਉ।ਕੁਝ ਪਤਝੜੀ ਬੂਟੇ ਤੇ ਝਾੜੀਆਂ ਆਦਿ ਦਾ ਕਲਮਾਂ ਦੁਆਰਾ ਵਾਧਾ ਵੀ ਇਸ ਮਹੀਨੇ ਕੀਤਾ ਜਾ ਸਕਦਾ ਹੈ ਜਿਵੇਂ, ਪਗੋਡਾ, ਯੂਫੋਰਬੀਆ, ਲੈਜਰਸਟਰੋਮੀਆ (ਸਾਵਣੀ) ਆਦਿ।
ਗੇਂਦਾ : ਇਹ ਸਮਾਂ ਗਰਮੀ ਰੁੱਤ ਵਿੱਚ ਫੁੱਲ ਪੈਦਾ ਕਰਨ ਵਾਲੀ ਪੰਜਾਬ ਗੇਂਦਾ ਨੰ.1 ਦੀ ਪਨੀਰੀ ਲਗਾਉਣ ਲਈ ਢੁੱਕਵਾਂ ਹੈ।
ਗਲੈਡਿਊਲਸ: ਜੋ ਫੁੱਲ ਡੰਡੀਆਂ ਪੱਕ ਕੇ ਵੇਚਣਯੋਗ ਹੋ ਜਾਣ ਉਨ੍ਹਾਂ ਨੂੰ 4 ਤੋਂ 5 ਪੱਤੇ ਛੱਡ ਕੇ ਕੱਟ ਲਵੋ ਅਤੇ ਵੇਚ ਦਿਓ। ਇੱਕ ਫੁੱਲ ਡੰਡੀ ਉੱਪਰ ਜਦੋਂ ਹੇਠਲੀਆਂ 5-7 ਫੁੱਲ ਡੰਡੀਆਂ ਰੰਗ ਦਿਖਾਉਣ ਲੱਗ ਜਾਣ ਉਹ ਸਮਾਂ ਫੁੱਲ ਡੰਡੀਆਂ ਕੱਟਣ ਲਈ ਢੁੱਕਵਾਂ ਹੁੰਦਾ ਹੈ ।
ਵਣ ਖੇਤੀ
ਪਾਪਲਰ: ਪਾਪਲਰ ਦੀ ਨਰਸਰੀ ਜਾਂ ਖੇਤਾਂ ਵਿੱਚ ਲਗਾਉਣ ਲਈ ਪੂਰੀ ਵਿਉਂਤਬੰਦੀ ਪਹਿਲੇ ਹਫਤੇ ਵਿੱਚ ਕਰ ਲਵੋ। ਪਾਪਲਰ ਲਗਾਉਣ ਦਾ ਸਹੀ ਸਮਾਂ ਅੱਧ ਜਨਵਰੀ ਤੋਂ ਫਰਵਰੀ ਦੇ ਅਖੀਰ ਤੱਕ ਹੈ। ਕਲਮਾਂ ਜਾਂ ਬੂਟੇ ਪੀ ਏ ਯੂ ਜਾਂ ਕਿਸੇ ਹੋਰ ਪੰਜੀਕ੍ਰਤ ਨਰਸਰੀ ਤੋਂ ਹੀ ਲਵੋ। ਇੱਕ ਸਾਲ ਪੁਰਾਣੇ ਬੂਟੇ ਖੇਤ ਵਿੱਚ ਲਗਾਉਣ ਲਈੇ ਸਹੀ ਫਾਸਲਾ 54 ਮੀਟਰ ਜਾਂ 82.5 ਮੀਟਰ ਰੱਖੋ। ਬੰਨਿਆਂ ਤੇ ਬੂਟੇ 3 ਮੀਟਰ ਫਾਸਲੇ ਤੇ ਲਗਾਓ। ਦਿਸ਼ਾ ਉੱਤਰ-ਦੱਖਣ ਰੱਖੋ। ਟੋਏ 15-20 ਸੈਂਟੀਮੀਟਰ ਵਿਆਸ ਅਤੇ 100 ਸੈਟੀਂਮੀਟਰ ਡੂੰਘੇ ਪੁੱਟੋ। ਭਾਰੀਆਂ ਜ਼ਮੀਨਾਂ ਵਿੱਚ 75 ਸੈਂਟੀਮੀਟਰ ਡੂੰਘਾਈ ਠੀਕ ਹੈ। ਹਰ ਟੋਏ ਵਿੱਚ 50 ਗ੍ਰਾਮ ਯੂਰੀਆ ਤੇ 85 ਗ੍ਰਾਮ ਡੀ ਏ ਪੀ ਖਾਦ ਉਪਰਲੀ ਮਿੱੱਟੀ ਵਿੱਚ ਰਲਾ ਕੇ ਪਾਓ। ਬੂਟੇ ਦੁਆਲੇ ਮਿੱਟੀ ਚੰਗੀ ਤਰ੍ਹਾਂ ਕੁੱਟ ਦਿਓ ਅਤੇ ਪਾਣੀ ਲਗਾ ਦਿਓ।ਅਗਲੇ ਤਿੰਨ ਮਹੀਨੇ ਹਰ ਹਫਤੇ ਪਾਣੀ ਦਿੰਦੇ ਰਹੋ। ਨਰਸਰੀ ਲਗਾਉਣ ਲਈ 20-25 ਸੈਂਟੀਮੀਟਰ ਲੰਬੀਆਂ ਤੇ 2-3 ਸੈਂਟੀਮੀਟਰ ਵਿਆਸ ਵਾਲੀਆਂ ਕਲਮਾਂ ਤਿਆਰ ਕਰੋ। ਚੰਗੀ ਤਰ੍ਹਾਂ ਤਿਆਰ ਖੇਤ ਵਿੱਚ 6060 ਸੈਂਟੀਮੀਟਰ ਫਾਸਲੇ ਤੇ ਕਲਮਾਂ ਲਗਾਓ। ਇੱਕ ਅੱਖ ਜ਼ਮੀਨ ਤੋਂ ਉੱਪਰ ਰੱਖੋ ਤੇ ਬਾਕੀ ਕਲਮ ਜ਼ਮੀਨ ਵਿੱਚ ਧੱਕ ਦਿਓ। 7-10 ਦਿਨ ਦੇ ਵਕਫੇ ਨਾਲ ਪਾਣੀ ਦਿੰਦੇ ਰਹੋ।
ਸਫ਼ੈਦਾ: ਲੱਕੜ ਦੇ ਚੰਗੇ ਮੰਡੀਕਰਨ ਵਾਸਤੇ ਸਫ਼ੈਦੇ ਦੇ ਰੁੱਖਾਂ ਨੂੰ ਲੱਕੜ ਲਈ 10-12 ਸਾਲ ਦੀ ਉਮਰ ਤੇ ਕੱਟਣਾ ਚਾਹੀਦਾ ਹੈ, ਜਦੋਂ ਰੁੱਖਾਂ ਦੀ ਲਪੇਟ 1.0 ਤੋਂ 1.5 ਮੀਟਰ (ਛਾਤੀ ਦੀ ਉਚਾਈ ਜਾਂ 1.40 ਮੀਟਰ ਧਰਤੀ ਤੋਂ ਉਤੇ) ਹੋ ਜਾਵੇ। ਸਫ਼ੈਦੇ ਦੀ ਲੱਕੜ ਪੇਪਰ, ਪੱਲਪ ਅਤੇ ਬੱਲੀਆਂ ਲਈ ਵਰਤਣੀ ਹੋਵੇ ਤਾਂ ਰੁੱਖਾਂ ਨੂੰ 5 ਸਾਲ ਦੀ ਉਮਰ ਤੋਂ ਬਾਅਦ ਕੱਟਣਾ ਚਾਹੀਦਾ ਹੈ। ਜਦੋਂ ਰੁੱਖਾਂ ਦੀ ਲਪੇਟ 40 ਸੈਂਟੀਮੀਟਰ (ਛਾਤੀ ਦੀ ਉਚਾਈ ਜਾਂ 1.40 ਮੀਟਰ ਧਰਤੀ ਤੋਂ ਉਤੇ) ਤੋਂ ਜ਼ਿਆਦਾ ਹੋ ਜਾਵੇ।
ਰੁੱਖਾਂ ਦੀ ਕਟਾਈ ਸਰਦੀਆਂ ਵਿੱਚ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੇ ਮੋਛੇ ਛਾਂ ਹੇਠ ਸੁਕਾਉਣੇ ਚਾਹੀਦੇ ਹਨ ਤਾਂ ਜੋ ਲੱਕੜ ਨੂੰ ਘੁੰਮਣ ਤੇ ਫਟਣ ਤੋਂ ਬਚਾਇਆ ਜਾ ਸਕੇ।
ਟਾਹਲੀ: ਟਾਹਲੀ ਦੀ ਨਰਸਰੀ ਉਗਾਉਣ ਵਾਸਤੇ ਸਿਹਤਮੰਦ ਅਤੇ ਸਿੱਧੇ ਦਰੱਖਤਾਂ ਤੋਂ ਫ਼ਲੀਆਂ ਇਕੱਠੀਆਂ ਕਰਕੇ, ਸੁਕਾ ਕੇ ਅਤੇ ਫਿਰ ਹਵਾਂ ਬੰਦ ਬਰਤਨ ਵਿੱਚ ਸਾਂਭ ਲਵੋ ਅਤੇ ਫਰਵਰੀ-ਮਾਰਚ ਵਿੱਚ ਬੀਜ ਦਿਓ।
ਸ਼ਹਿਦ ਦੀਆਂ ਮੱਖੀਆਂ ਪਾਲਣਾ: ਸ਼ਹਿਦ ਮੱਖੀਆਂ ਦੇ ਕਟੁੰਬਾਂ ਨੂੰ ਇਸ ਮਹੀਨੇ ਦੌਰਾਨ ਜ਼ਿਆਦਾ ਖੋਲ੍ਹਣਾ ਨਹੀਂ ਚਾਹੀਦਾ। ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਕਿਸੇ ਬੰਦ ਹਵਾ ਅਤੇ ਧੁੱਪ ਵਾਲੇ ਦਿਨ ਦੁਪਹਿਰ ਵੇਲੇ ਇਨ੍ਹਾਂ ਨੂੰ ਖੋਲ੍ਹ ਕੇ ਝਟਪਟ ਨਿਰੀਖਣ ਕਰ ਲਵੋ। ਹਾਈਵ ਦੀਆਂ ਤਰੇੜਾਂ/ਝੀਥਾਂ ਆਦਿ ਪਲਾਸਟਰ ਆਫ ਪੈਰਿਸ ਜਾਂ ਗਾਰੇ ਨਾਲ ਚੰਗੀ ਤਰ੍ਹਾਂ ਲਿੱਪੀਆਂ ਹੋਣੀਆਂ ਚਾਹੀਦੀਆਂ ਹਨ। ਜੇਕਰ ਕਟੁੰਬ ਹਾਲੇ ਵੀ ਛਾਵੇਂ ਪਏ ਹਨ ਤਾਂ ਹਰ ਰੋਜ਼ 3 ਫੁੱਟ ਤੋਂ ਘੱਟ-ਘੱਟ ਹਿਲਾ ਕੇ ਧੁੱਪੇ ਕਰ ਦਿਉ।ਕਟੰੁਬ ਚਾਰੇ ਪਾਸਿਂਓ ਖੁੱਲੇ ਮੈਦਾਨ ਵਿੱਚ ਨਾ ਰੱਖੇ ਹੋਣ ਬਲਕਿ ਕਟੁੰਬਾਂ ਨੂੰ ਕਿਸੇ ਉਹਲੇ ਵਾਲੀ ਥਾਂ ਤੇ ਜਾਂ ਕੰਧਾਂ ਦੇ ਨੇੜੇ ਟਿਕਾਓ ਤਾਂ ਕਿ ਕਟੁੰਬ ਠੰਢੀਆਂ ਹਵਾਵਾਂ ਤੋਂ ਬਚੇ ਰਹਿਣ। ਕਟੁੰਬਾਂ ਦੇ ਗੇਟ ਤਰਜ਼ੀਹ ਦੇ ਤੋਰ ਤੇ ਦੱਖਣ-ਪੂਰਬ ਵੱਲ ਹੋਣੇ ਚਾਹੀਦੇ ਹਨ। ਕਟੁੰਬਾਂ ਦੇ ਹੇਠੋਂ ਅਤੇ ਆਸੇ-ਪਾਸਿਉਂ ਘਾਹ ਫੂਸ/ਨਦੀਨ ਕੱਟ ਕੇ ਸਫ਼ਾਈ ਕਰਦੇ ਰਹੋ। ਲੰਮਂੇ ਸਮੇਂ ਬੱਦਲਵਾਈ/ਧੁੰਦ/ਬਰਸਾਤ ਰਹਿਣ ਨਾਲ ਕਟੁੰਬਾਂ ਵਿੱਚ ਖ਼ੁਰਾਕ ਦੀ ਕਮੀ ਆ ਸਕਦੀ ਹੈ। ਅਜਿਹੀ ਹਾਲਤ ਵਿੱਚ ਕਟੁੰਬਾਂ ਨੂੰ ਲੋੜ ਅਨੁਸਾਰ ਖੰਡ ਦੇ ਗਾੜ੍ਹੇ ਘੋਲ (ਦੋ ਹਿੱਸੇ ਖੰਡ, ਇੱਕ ਹਿੱਸਾ ਪਾਣੀ) ਦੀ ਖ਼ੁਰਾਕ ਦੇਣੀ ਚਾਹੀਦੀ ਹੈ। ਇਹ ਖੁਰਾਕ ਤਰਜ਼ੀਹ ਦੇ ਤੋਰ ਤੇ ਪੂਰੇ ਬਣੇ ਹੋਏ ਛੱਤਿਆਂ ਵਿੱਚ ਭਰ ਕੇ ਦਿਉ, ਨਹੀਂ ਤਾਂ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿੱਚ ਦਿਉ। ਦਸੰਬਰ ਵਿੱਚ ਦਿੱਤੀ ਸਰਦੀ ਦੀ ਪੈਕਿੰਗ ਜਨਵਰੀ ਮਹੀਨੇ ਵੀ ਜਾਰੀ ਰਹਿਣ ਦੇਣੀ ਹੈ।
ਖੁੰਬਾਂ ਦੀ ਕਾਸ਼ਤ: ਬਟਨ ਖੁੰਬ ਦੀ ਦੂਜੀ ਫ਼ਸਲ ਦੀ ਬਿਜਾਈ ਇਸ ਮਹੀਨੇ ਦੇ ਸ਼ੂਰੂ ਵਿੱਚ ਕਮਰਿਆਂ ਵਿੱਚ ਕਰੋ। ਜੇਕਰ ਬਿਜਾਈ ਸ਼ੈਲਫਾਂ/ਪੇਟੀਆਂ ਵਿੱਚ ਕਰਨੀ ਹੋਵੇ ਤਾਂ ਬੀਜੀ ਹੋਈ ਖਾਦ ਅਖ਼ਬਾਰ ਨਾਲ ਢਕੋ ਅਤੇ ਪਾਣੀ ਦਾ ਛਿੜਕਾਅ ਹਰ ਰੋਜ਼ ਇੱਕ ਤੋਂ ਦੋ ਵਾਰ ਅਖ਼ਬਾਰ ਉਪਰ ਕਰੋ। ਜੇਕਰ ਮੋਮੀ ਲਿਫ਼ਾਫ਼ਿਆਂ ਵਿੱਚ ਬਿਜਾਈ ਕੀਤੀ ਹੋਵੇ ਤਾਂ ਅਖ਼ਬਾਰਾਂ ਨਾਲ ਢੱਕਣ ਅਤੇ ਪਾਣੀ ਦੇ ਛਿੜਕਾਅ ਦੀ ਲੋੜ ਨਹੀਂ। ਬੀਜ ਕੰਪੋਸਟ ਵਿੱਚ ਫ਼ੈਲਣ ਦੇ ਸਮੇਂ ਤਾਜ਼ੀ ਹਵਾ ਦੇਣ ਦੀ ਲੋੜ ਨਹੀਂ। ਬਿਜਾਈ ਤੋਂ 2 ਹਫਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਰੂੜੀ ਖਾਦ ਨੂੰ 4-5% ਫਾਰਮਾਲੀਨ ਦੇ ਘੋਲ ਨਾਲ ਕੀਟਾਣੂੰ-ਰਹਿਤ ਕਰੋ। ਅਖ਼ਬਾਰ ਉਤਾਰ ਕੇ ਤਿਆਰ ਕੇਸਿੰਗ ਮਿੱਟੀ ਦੀ ਸਵਾ ਤੋ ਡੇਢ ਇੰਚ ਮੋਟੀ ਤਹਿ ਨਾਲ ਢਕੋ। ਕੇਸਿੰਗ ਮਿੱਟੀ ਉਪਰ ਹਰ ਰੋਜ਼ ਪਾਣੀ ਦਾ ਛਿੜਕਾਅ ਕਰੋ। ਇਸ ਤੋਂ ਇੱਕ ਹਫ਼ਤੇ ਬਾਅਦ 4-6 ਘੰਟੇ ਤਾਜ਼ੀ ਹਵਾ ਦੀ ਆਵਾਜਾਈ ਕਰ ਦਿਉ। ਢੀਂਗਰੀ ਦੀ ਬਿਜਾਈ ਇਸ ਮਹੀਨੇ ਕੀਤੀ ਜਾਵੇ ਅਤੇ ਚੱਲ ਰਹੀ ਫ਼ਸਲ ਦੀ ਤੁੜਾਈ ਜਾਰੀ ਰੱਖੋ।
ਪਸ਼ੂ ਪਾਲਣਾ: ਪਸ਼ੂਆਂ ਹੇਠਾਂ ਪਰਾਲੀ ਦੀ ਵਰਤੋਂ ਹੇਠਾਂ ਸੁੱਕ ਵਿਛਾਉਣ ਲਈ ਕਰੋ। ਸ਼ੈਡ ਅੰਦਰ ਠੰਡੀ ਹਵਾ ਦਾ ਦਾਖਲਾ ਬੰਦ ਰੱਖੋ। ਰਾਤ ਸਮੇ ਪਸ਼ੂਆਂ ਨੂੰ ਛੱਤ ਹੇਠਾਂ ਅਤੇ ਦਿਨ ਸਮੇ ਧੁੱਪੇ ਰੱਖੋ। ਜੇ ਲੋੜ ਪਵੇ ਤਾਂ ਸ਼ੈਡ ਦੇ ਪਾਸਿਆਂ ਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਢ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ। ਪਸ਼ੂਆਂ ਨੂੰ ਦੁੱਧ ਦੀ ਪੈਦਾਵਾਰ, ਗੱਭਣ, ਵਹਿੜੀਆਂ, ਵੱਛੀਆਂ/ਕੱਟੀਆਂ ਭਾਵ ਉਮਰ ਅਤੇ ਖੁਰਾਕੀ ਲੋੜਾਂ ਅਨੁਸਾਰ ਵੱਖ-ਵੱਖ ਗਰੁੱਪਾਂ ਵਿੱਚ ਰੱਖੋ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਆਇਉਡੀਨ (1:3) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਨਵਜੰਮੇ ਕੱਟੜੂ-ਵੱਛੜੂ ਠੰਢ ਵਿੱਚ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ਼ ਸੁਥਰੀ ਸੁੱਕੀ ਜਗ੍ਹਾ ਉਤੇ ਬੰਨ੍ਹੋ। ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੇ ਹੋਏ ਬਰਸੀਮ ਵਿੱਚ ਤੂੜੀ (ਘੱਟੋ ਘੱਟ 3 ਕਿਲੋ) ਮਿਲਾ ਕੇ ਖੁਆਉਣਾ ਚਾਹੀਦੀ ਹੈ। ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਉ। ਸੂਣ ਦੇ ਨੇੜੇ ਪਹੁੰਚੇ ਪਸ਼ੂਆਂ ਨੂੰ ਇਕੱਲਾ ਬਰਸੀਮ ਨਾ ਚਾਰੋ ਤਾਂ ਜੋ ਸੂਤਕੀ ਬੁਖਾਰ ਨਾ ਹੋਵੇ। ਵੰਡ ਵਿੱਚ ਦਾਣਾ 5-10% ਤੱਕ ਵਧਾ ਦਿਓ ਅਤੇ ਖਲਾਂ ਦੀ ਮਾਤਰਾ 2-3% ਤੱਕ ਘਟਾਈ ਜਾ ਸਕਦੀ ਹੈ ਕਿਉਂਕਿ ਫਲੀਦਾਰ ਚਾਰਿਆਂ ਵਿੱਚ 19-21% ਤੱਕ ਪ੍ਰੋਟੀਨ ਹੁੰਦੀ ਹੈ।
ਸਰਦੀਆਂ ਵਿੱਚ ਹੋਣ ਵਾਲੀ ਬਾਰਿਸ਼ ਦੌਰਾਨ ਗਲ-ਘੋਟੂ ਦੇ ਫੈਲਣ ਦਾ ਖੱਤਰਾ ਵੱਧ ਜਾਂਦਾ ਹੈ। ਇਸ ਲਈ ਪਸ਼ੂਆਂ ਨੂੰ ਗਲ-ਘੋਟੌ ਤੋ ਬਚਾਅ ਦੇ ਟੀਕੇ ਲਗਵਓ ਜੋ ਕਿ 10 ਜਨਵਰੀ ਤੋਂ ਲੇਟ ਨਹੀ ਕਰਨੇ ਚਾਹੀਦੇ। ਪਸ਼ੂਆਂ ਨੂੰ ਮੂੰਹ-ਖੁਰ ਦੇ ਟੀਕੇ ਲਗਵਾਓ ਜੋ ਸਾ ਵਿੱਚ ਦੋ ਵਾਰੀ ਲਗਵਾਉਣੇ ਚਾਹੀਦੇ ਹਨ। ਕੱਟੜੂ ਵੱਛੜੂ ਨੂੰ 15 ਦਿਨ ਦੀ ਉਮਰ ਤੇ ਪਿਪਰਾਜ਼ੀਨ 5 ਮਿਲੀਲਿਟਰ ਪ੍ਰਤੀ 10 ਕਿਲੋ ਸਰੀਰਕ ਭਾਰ ਦੇ ਮਲੱਪ ਰਹਿਤ ਕਰਨ ਲਈ ਦਿਓ ਅਤੇ ਹਫਤੇ-ਹਫਤੇ ਬਾਅਦ ਇੱਕ ਮਹੀਨੇ ਦੀ ਉਮਰ ਹੋਣ ਤੱਕ ਦੁਹਰਾਓ। ਕਟੜੂਆਂ/ਵਛੜੂਆਂ ਨੂੰ 6 ਮਹੀਨੇ ਦੀ ਉਮਰ ਤੱਕ ਦਵਾਈ ਬਦਲ-ਬਦਲ ਕੇ ਹਰ ਮਹੀਨੇ ਮਲੱਪ ਰਹਿਤ ਕਰਦੇ ਰਹੋ। 6 ਹਫਤੇ ਦੀ ਉਮਰ ਤੋਂ ਪਹਿਲਾਂ ਪਹਿਲਾਂ ਸਿੰਗ ਵੀ ਦਗਵਾ ਦਿਓ। ਨਵ-ਜਨਮੇ ਕਟੜੂਆਂ/ਵਛੜੂਆਂ ਦਾ ਸਰਦੀਆਂ ਵਿੱਚ ਵਿਸ਼ੇਸ਼ ਧਿਾਨ ਰੱਖੋ। ਇਹਨਾ ਨੂੰ ਨਿਮੋਨੀਆਂ ਛੇਤੀ ਹੋ ਜਾਂਦਾ ਹੈ ਜੋ ਇਹਨਾ ਦੀ ਵੱਡੀ ਮੌਤ ਦਰ ਦਾ ਕਾਰਨ ਬਣਦਾ ਹੈ। ਇਹਨਾ ਹੇਠਾਂ ਸੁੱਕ ਵਿਛਾਅ ਕੇ ਨਿੱਘੇ ਰੱਖੋ। ਦੁਧ ਵਿੱਚ 3 ਦਿਨ 1 ਮਿਲੀਲਿਟਰ ਵਿਟਾਮਿਨ ੲੈ ਦੁੱਧ ਵਿੱਚ ਮਿਲਾ ਕੇ ਦਿਓ ਜੋ ਮਹੀਨੇ ਬਾਅਦ ਦੁਹਰਾਇਆ ਜਾਵੇ। ਜਨਮ ਉਪਰੰਤ ਕਟੜੂਆਂ/ਵਛੜੂਆਂ ਨੂੰ ਪਹਿਲੇ ਘੰਟੇ ਅੰਦਰ ਹੀ ਬਹੁਲਾ ਚੁੰਘਾਅ ਦਿਓ ਜੋ ਕਿ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਈ ਹੁੰਦਾ ਹੈ।ਕਟੜੂਆਂ/ਵਛੜੂਆਂ ਨੂੰ 4 ਦਿਨ ਦੀ ਉਮਰ ਤੋਂ ਹੀ ਕਾਫ ਸਟਾਰਟਰ ਫੀਡ ਦੇਣੀ ਸ਼ੁਰੂ ਕਰ ਦਿਓ ਅਤੇ 3 ਮਹੀਨੇ ਦੀ ਉਮਰ ਤੱਕ ਦਿੰਦੇ ਰਹੋ ਜੋ ਕਿ ਇਹਨਾ ਦੇ ਵਾਧੇ ਅਤੇ ਜੁਆਨ ਹੋਣ Çੱਵਚ ਅਤਿਅੰਤ ਸਹਾਈ ਹੁੰਦੀ ਹੈ। 45 ਤੋਂ 60 ਦਿਨ ਦੀ ਉਮਰ ਹੋਣ ਤੇ ਦੁੱਧ ਦੇਣਾ ਬਿਲਕੁਲ ਬੰਦ ਕਰ ਦਿਓ। ਬਾਕੀ ਜਾਨਵਰਾਂ ਤੋਂ ਅਲੱਗ ਰੱਖੋ।
ਮੁਰਗੀ ਪਾਲਣਾ:
1. ਸ਼ੈਡਾਂ ਦੇ ਪਾਸਿਆਂ ਤੋਂ ਪਰਦੇ ਲਗਾਉ ਅਤੇ ਧੁੱਪ ਵਾਲਾ ਪਾਸਾ ਖੁੱਲਾ ਰੱਖੋ ਤਾਂ ਜੋ ਅਮੋਨੀਆ ਗੈਸ ਨਾ ਇਕੱਠੀ ਹੋਵੇ। ਸ਼ੈਡਾਂ ਅੰਦਰ ਤਾਪਮਾਨ ਆਂਡੇ ਦੇਣ ਵਾਲੀਆਂ ਮੁਰਗੀਆਂ ਲਈ 75 ਡਿਗਰੀ ਫਾਰਨਹੀਟ (24 ਡਿਗਰੀ ਸੈਂਟੀਗਰੇਡ) ਤੋਂ ਥੱਲੇ ਨਹੀਂ ਜਾਣਾ ਚਾਹੀਦਾ। ਜੇ ਠੰਢ ਜ਼ਿਆਦਾ ਹੋਵੇ ਤਾਂ ਪਰਦੇ ਦੋਹਰੇ ਕਰ ਦੇਣੇ ਚਾਹੀਦੇ ਹਨ। ਚੂਚਿਆਂ ਨੂੰ ਉਮਰ ਮੁਤਾਬਕ ਗਰਮਾਇਸ਼ ਦੇਣੀ ਚਾਹੀਦੀ ਹੈ। ਪਹਿਲੇ ਹਫ਼ਤੇ ਬਰੂਡਰ ਥੱਲੇ ਤਾਪਮਾਨ 90-95 ਡਿਗਰੀ ਫ਼ਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ, ਜਦ ਤੱਕ ਤਾਪਮਾਨ 70 ਡਿਗਰੀ ਫਾਰਨਹੀਟ ਨਾ ਹੋ ਜਾਵੇ। ਬੁਖਾਰੀ ਆਦਿ ਦੇ ਨੇੜੇ ਪਾਣੀ ਵਾਲਾ ਬਰਤਨ ਰੱਖੋ ਥਾਂ ਜੋ ਵਾਸ਼ਪੀਕਰਨ ਨਾਲ ਸ਼ੈਡ ਅੰਦਰ ਨਮੀ ਦੀ ਮਾਤਰਾ ਬਰਕਰਾਰ ਰਹੇ। ਫੀਡ ਵਿੱਚ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਜਿਸ ਲਈ ਸੋਇਆਬੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ।
2. ਦਾਣੇ ਵਿੱਚ ਕੌਕਸੀਡੀਉਸਟੈਟ ਪਾਉ ਤਾਂ ਜੋ ਖੂਨੀ ਦਸਤ ਤੋਂ ਮੁਰਗੀਆਂ ਨੂੰ ਬਚਾਇਆ ਜਾ ਸਕੇ। ਫੀਡ 15 ਦਿਨ ਤੋਂ ਜ਼ਿਆਦਾ ਸਮੇ ਲਈ ਇੱਕਠੀ ਨਾ ਕਰੋ। ਆਂਡੇ ਦਿੰਦੀਆਂ ਮੁਰਗੀਆਂ ਨੂੰ 16 ਘੰਟੇ ਰੌਸ਼ਨੀ ਦਿਓ ਅਤੇ ਚੂਚਿਆਂ ਨੂੰ 20-24 ਘੰਟੇ ਰੌਸ਼ਨੀ ਦਿਓ ।
(ਸੰਗ੍ਰਹਿ ਕਰਤਾ: ਪ੍ਰਦੀਪ ਕੁਮਾਰ ਛੁਨੇਜਾ, ਆਰ ਕੇ ਗੁਪਤਾ, ਐਸ ਐਸ ਮਿਨਹਾਸ, ਕਮਲਜੀਤ ਸਿੰਘ ਸੂਰੀ, ਗੁਰਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਬਰਾੜ, ਰਣਜੀਤ ਸਿੰਘ, ਰੂਮਾ ਦੇਵੀ, ਤੇਜਵੀਰ ਸਿੰਘ ਅਤੇ ਸ਼ਿਵਾਨੀ ਸ਼ਰਮਾ।)