ਫਿਰੋਜ਼ਪੁਰ: ਪੰਜਾਬ ਅੰਦਰ ਚੱਲ ਰਹੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਸਬੰਧ ਵਿੱਚ ਚੱਲ ਰਹੇ ਪ੍ਰੋਗਰਾਮ ਸੰਬੰਧੀ ਅਕਾਲੀ ਉਮੀਦਵਾਰਾਂ ਦਾ ਹੌਸਲਾ ਵਧਾਉਣ ਲਈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਪੰਜਾਬ ਦੇ ਦੌਰਿਆਂ ਦੌਰਾਨ ਅੱਜ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿਖੇ ਸੁਖਬੀਰ ਸਿੰਘ ਬਾਦਲ ਦੀ ਆਮਦ ਤੇ ਅਕਾਲੀ ਵਰਕਰਾਂ ਆਗੂਆਂ ਦੇ ਇਕੱਠ ਵਿੱਚ ਉਹਨਾਂ ਸਪੱਸ਼ਟ ਤੌਰ ਤੇ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਹਿੰਦੇ ਹੋਣ ਪਰ ਕਿਸਾਨ ਜਾਣਦੇ ਹਨ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਕਿਹੜੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਲਏ ਗਏ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਨੂੰ ਟੈਕਸ ਮੁਕਤ ਕਰਨ ਤੋਂ ਇਲਾਵਾ ਕਿਰਸਾਨੀ ਲਈ ਮੁਫ਼ਤ ਬਿਜਲੀ ਦੇਣ , ਬੰਜਰ ਪੈਲੀ ਨੂੰ ਅਬਾਦ ਕਰਨ ਵਾਲੀ ਸਰਕਾਰੀ ਜਮੀਨਾਂ ਦੇ ਕਾਸ਼ਤਕਾਰਾਂ ਨੂੰ ਕਿਸ ਸਰਕਾਰ ਨੇ ਮਾਲਕ ਬਣਾਇਆ ਅਤੇ ਕਰੋੜਾਂ ਰੁਪਏ ਦੇ ਬਿਜਲੀ ਬਿਲ ਮਾਫ ਕਰਨ ਦਾ ਫੈਸਲਾ ਕਿਸ ਸਰਕਾਰ ਨੇ ਲਿਆ।ਨਹਿਰੀ ਪਾਣੀ ਕਰ ਮੁਕਤ ਕਰਨ ਦੀ ਮਿਸਾਲ ਕੇਵਲ ਪੰਜਾਬ ਅੰਦਰ ਹੈ।
ਉਨ੍ਹਾਂ ਕਿਹਾ ਕਿ ਅੱਜ ਚਾਹੇ ਕੋਈ ਵੀ ਸਰਕਾਰੀ ਰਿਕਾਰਡ ਦੇਖ ਲਵੇ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 16 ਲੱਖ ਟਿਊਬਵੈੱਲ ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 85 ਪ੍ਰਤੀਸ਼ਤ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਦੌਰਾਨ ਜਾਰੀ ਹੋਏ।
ਪੰਜਾਬ ਅੰਦਰ ਮੰਡੀਆਂ ਅਤੇ ਫੋਕਲ ਪੁਆਇੰਟ ਬਣਾਉਣ ਦੀ ਪ੍ਰਕਿਰਿਆ ਵਿੱਚ 80 ਪ੍ਰਸੈਂਟ ਮੰਡੀਆਂ ਅਕਾਲੀ ਰਾਜ ਦੌਰਾਨ ਬਣੀਆਂ।ਉਨ੍ਹਾਂ ਕਿਹਾ ਕਿ ਅੱਜ ਵੀ ਚੱਲ ਰਹੇ ਸੰਘਰਸ਼ ਦੌਰਾਨ ਵੱਡੀ ਪੱਧਰ ਤੇ ਅਕਾਲੀ ਦਲ ਨਾਲ ਸਬੰਧਤ ਕਿਸਾਨ ਦਿੱਲੀ ਦੇ ਮੋਰਚਿਆਂ ਉੱਪਰ ਡਟੇ ਹੋਏ ਹਨ।
ਉਹਨਾਂ ਕਿਹਾ ਕਿਹਾ ਕਿ ਪੰਜਾਬ ਅੰਦਰ ਬਿਜਲੀ ਦੀ ਚੰਗੀ ਸਪਲਾਈ , ਚੋਹ ਮਾਰਗੀ ਸੜਕਾਂ ਦਾ ਨਿਰਮਾਣ ਅਕਾਲੀ ਰਾਜ ਸਮੇਂ ਹੀ ਹੋਇਆ। ਉਹਨਾਂ ਸਮੂਹ ਵਰਕਰਾਂ ਆਗੂਆਂ ਨੂੰ ਲਾਮਬੱਧ ਕਰਦਿਆਂ ਅਪੀਲ ਕੀਤੀ ਕਿ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਦੇ ਨਾਲ – ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵੱਲ ਵੀ ਸੁਚੇਤ ਰਹਿਣ ਦੀ ਜਰੂਰਤ ਹੈ।
ਇਸ ਮੌਕੇ ਉਹਨਾਂ ਹਲਕਾ ਇੰਚਾਰਜ ਗੁਰੂਹਰਸਹਾਏ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਰਦੇਵ ਸਿੰਘ ਨੋਨੀ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਅਤੇ ਹੋਰ ਕੰਮਾਂ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਆਗੂਆਂ ਨੂੰ ਸਨਮਾਨ ਪੱਤਰ ਵੀ ਸੌਂਪੇ ਗਏ।
ਇਸ ਤੋਂ ਪਹਿਲਾਂ ਨਗਰ ਕੌਂਸਲ ਗੁਰੂਹਰਸਹਾਏ ਦੇ ਸਾਬਕਾ ਪ੍ਰਧਾਨ ਰੋਹਿਤ ਕੁਮਾਰ ਮੋਂਟੂ ਵੋਹਰਾ ਦੇ ਘਰ ਵਿਖੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ।