ਜਗਤਾਰ ਸਿੰਘ ਸਿੱਧੂ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਵਲੋਂ ਲਏ ਫੈਸਲਿਆਂ ਕਾਰਨ ਸਿੱਖ ਸੰਸਥਾਵਾਂ ਦਾ ਕੱਦ ਉੱਚਾ ਹੋਇਆ ਹੈ ਅਤੇ ਸਿੱਖ ਭਾਈਚਾਰੇ ਦੀ ਭਰੋਸੇਯੋਗਤਾ ਵੀ ਮਜਬੂਤ ਹੋਈ ਹੈ। ਇਸ ਕਾਰਨ ਪੰਥਕ ਹਲਕਿਆਂ ਵਿੱਚ ਵੱਡੀ ਹਲਚੱਲ ਹੈ। ਪਿਛਲੇ ਸਮਿਆਂ ਅੰਦਰ ਲਗਾਤਾਰ ਇਹ ਪ੍ਰਭਾਵ ਗਿਆ ਕਿ ਸਿੰਘ ਸਾਹਿਬਾਨ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਹੇ ਅਨੁਸਾਰ ਫੈਸਲੇ ਲੈਂਦੇ ਰਹੇ ਹਨ। ਖਾਸ ਤੌਰ ਤੇ ਡੇਰਾ ਸਿਰਸਾ ਮੁੱਖੀ ਦੀ ਫਿਲਮ ਅਤੇ ਡੇਰਾ ਮੁੱਖੀ ਨੂੰ ਮਾਫੀ ਦੇਣ ਵਰਗੇ ਵਿਵਾਦਤ ਮੁੱਦਿਆਂ ਨੂੰ ਲ਼ੈਕੇ ਉੱਠ ਰਹੇ ਸਵਾਲਾਂ ਨੇ ਬਹੁਤ ਵੱਡਾ ਖੋਰਾ ਭਰੋਸੇਯੋਗਤਾ ਨੂੰ ਲਾਇਆ। ਪਿਛਲੇ ਸਮੇਂ ਵਿੱਚ ਕਿਸਾਨੀ ਅਤੇ ਪੰਜਾਬ ਦੇ ਮੁੱਦਿਆਂ ਉਪਰ ਦ੍ਰਿੜਤਾ ਨਾਲ ਸਿੰਘ ਸਾਹਿਬਾਨ ਦੇ ਲਏ ਸਟੈਂਡ ਨੇ ਸਥਿਤੀ ਨੂੰ ਬਦਲਿਆ ਪਰ ਸ਼੍ਰੋਮਣੀ ਅਕਾਲੀ ਦਲ ਬਾਰੇ ਛਿੜੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦੇ ਮਾਮਲਿਆਂ ਬਾਰੇ ਲਏ ਜਾ ਰਹੇ ਫੈਸਲਿਆਂ ਦਾ ਪੰਥਕ ਹਲਕਿਆਂ ਵਿਚ ਚੰਗਾ ਸੁਨੇਹਾ ਗਿਆ ਹੈ ਅਤੇ ਇਹ ਤਬਦੀਲ਼ੀ ਕਈ ਦਹਾਕਿਆਂ ਬਾਦ ਉਭਰਕੇ ਸਾਹਮਣੇ ਆਈ ਹੈ।
ਮਿਸਾਲ ਵਜੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਪਾਰਟੀ ਅੰਦਰੋਂ ਹੀ ਕਈ ਸੀਨੀਅਰ ਆਗੂਆਂ ਨੇ ਅਵਾਜ ਉਠਾਈ ਅਤੇ ਸੁਖਬੀਰ ਬਾਦਲ ਵਿਰੁਧ ਦੋਸ਼ਾਂ ਵਾਲਾ ਇਕ ਪੱਤਰ ਵੀ ਸਿੰਘ ਸਾਹਿਬਾਨ ਨੂੰ ਸੌਂਪਿਆ। ਉਸ ਤੋਂ ਬਾਅਦ ਬਾਗੀ ਧੜੇ ਦੇ ਆਗੂਆਂ ਬਾਰੇ ਆਈਆਂ ਸ਼ਕਾਇਤਾਂ ਦੀ ਵੀ ਪੁੱਛਿਗੱਛ ਹੋਈ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਸੇ ਦੌਰਾਨ ਬੀਬੀ ਜਗੀਰ ਕੌਰ ਬਾਰੇ ਸ਼ਕਾਇਤ ਆਈ ਤਾਂ ਉਨਾਂ ਕੋਲੋਂ ਜਵਾਬ ਲਿਆ ਗਿਆ। ਹਾਲਾਂ ਕਿ ਬੀਬੀ ਜਗੀਰ ਕੌਰ ਦੇ ਮਾਮਲੇ ਵਿਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵਲੋਂ ਹੀ ਕਿਹਾ ਗਿਆ ਕਿ ਇਹ ਦੋਸ਼ ਬੇਬੁਨਿਆਦ ਹਨ। ਹੁਣ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲ ਵਾਸਤੇ ਅਕਾਲੀ ਦਲ ਤੋਂ ਬਾਹਰ ਦਾ ਰਾਹ ਵਿਖਾਉਣ ਬਾਰੇ ਸਿੰਘ ਸਾਹਿਬਾਨ ਦੇ ਲਏ ਫੈਸਲੇ ਨੇ ਤਾਂ ਪਿਛਲੀ ਸਾਰੀ ਤਸਵੀਰ ਹੀ ਬਦਲਕੇ ਰੱਖ ਦਿੱਤੀ। ਸਿੰਘ ਸਾਹਿਬਾਨ ਵਲੋਂ ਪੰਥ ਨਾਲ ਜੁੜੇ ਮਾਮਲਿਆਂ ਵਿਚ ਵਿਦਿਵਾਨਾਂ ਦੀ ਰਾਇ ਲੈਣ ਦੇ ਫੈਸਲੇ ਨੇ ਸਿੱਖ ਵਿਦਿਵਾਨਾ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਅਜਿਹਾ ਲੱਗ ਰਿਹਾ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉਠਕੇ ਸਿੰਘ ਸਾਹਿਬਾਨ ਨੂੰ ਹਮਾਇਤ ਮਿਲ ਰਹੀ ਹੈ ਅਤੇ ਅਜਿਹਾ ਲੰਮੇ ਸਮੇ ਬਾਦ ਵਰਤਾਰਾ ਵਾਪਰਿਆ ਹੈ। ਪ੍ਰਸਥਿਤੀਆਂ ਜੋ ਵੀ ਰਹੀਆਂ ਹੋਣ ਪਰ ਇਸ ਬਾਰੇ ਕੋਈ ਦੋ ਰਾਇ ਨਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਡੱਟਕੇ ਸਿੰਘ ਸਾਹਿਬਾਨ ਦੇ ਨਾਲ ਖੜੇ ਹਨ ਅਤੇ ਉਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦਾ ਅਸਤੀਫਾ ਵੀ ਰੱਦ ਕਰ ਦਿੱਤਾ ਹੈ। ਅੱਜ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਮੁਲਾਕਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਥੇਦਾਰ ਵਜੋਂ ਸੇਵਾਵਾਂ ਨਿਭਾਉੱਣ ਲਈ ਕਿਹਾ ਹੈ ਅਤੇ ਉਨਾਂ ਨੇ ਆਪਣਾ ਅਸਤੀਫਾ ਵੀ ਵਾਪਿਸ ਲੈ ਲਿਆ ਹੈ।
ਭਾਜਪਾ ਐਮ ਪੀ ਕੰਗਨਾ ਹਣੌਤ ਦੀ ਫਿਲਮ ਐਂਮਰਜੈਂਸੀ ਨੂੰ ਸਖਤੀ ਨਾਲ ਪੰਜਾਬ ਵਿਚ ਵਿਖਾਉਣ ਤੋਂ ਰੋਕਣ ਦੀ ਗੱਲ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਕੰਗਨਾ ਪੰਜਾਬ , ਕਿਸਾਨਾਂ ਅਤੇ ਸਿਖਾਂ ਵਿਰੁੱਧ ਬੋਲ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨਾ ਕਿਹਾ ਕਿ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਉੱਪਰ ਸੈਂਸਰ ਬੋਰਡ ਨੇ ਜਾਣਕੇ ਕਟ ਲਾਏ ਹਨ ਤਾਂ ਜੋ ਝੂਠੇ ਪੁਲਿਸ ਮੁਕਾਬਲਿਆਂ ਦੀ ਸਹੀ ਤਸਵੀਰ ਸਾਹਮਣੇ ਨਾ ਆਏ ਪਰ ਕੰਗਣਾ ਦੀ ਸਿਖਾਂ ਵਿਰੁਧ ਫਿਲਮ ਨੂੰ ਬੋਰਡ ਨੇ ਵਿਰੋਧ ਦੇ ਬਾਵਜੂਦ ਪ੍ਰਵਾਨਗੀ ਦੇ ਦਿਤੀ ਹੈ।
ਸੰਪਰਕਃ 9814002186