ਪ੍ਰਵਾਸੀ ਅਤੇ ਸ਼ਰਨਾਰਥੀ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ, ਦੇਸ਼ ਮਾਨਵਤਾ ਦਾ ਰੱਖਣ ਪੂਰਾ ਧਿਆਨ : ਸੰਯੁਕਤ ਰਾਸ਼ਟਰ

TeamGlobalPunjab
3 Min Read

ਨਿਊਯਾਰਕ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰਸ ਨੇ ਕੋਵੀਡ -19 ਨਾਲ ਨਜਿੱਠਣ ਲਈ ਸਰਕਾਰਾਂ ਦੁਆਰਾ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਅਤੇ ਬਾਰਡਰ ਕੰਟਰੋਲ ਦੇ ਸੰਦਰਭ ਵਿੱਚ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ‘ਚ ਸ਼ਰਨਾਰਥੀ ਅਤੇ ਪ੍ਰਵਾਸੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਐਂਟੋਨੀਓ ਗੁਟਰੇਸ ਨੇ ਕਿਹਾ ਕਿ ਅਜਿਹੇ ਸਮੇਂ ਸਾਰੇ ਦੇਸ਼ਾਂ ਨੂੰ ਮਾਨਵਤਾ ਦੇ ਨਿਯਮਾਂ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

ਸਕੱਤਰ ਜਨਰਲ ਨੇ ਆਪਣੀ ਨਵੀਂ ਯੋਜਨਾ ‘ਕੋਵਿਡ -19 ਅਤੇ ਪੀਪਲ ਆਨ ਦਿ ਮੂਵ’ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ-ਵਿਆਪੀ ਮਹਾਮਾਰੀ ਦੁਨੀਆ ਭਰ ‘ਚ ਲੋਕਾਂ ਦੇ ਜੀਵਨ ਅਤੇ ਜੀਵਿਕਾ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਮਜ਼ੋਰ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ‘ਇਹ ਸੱਚ ਹੈ ਕਿ ਲੱਖਾਂ ਲੋਕ ਆਪਣੇ ਘਰਾਂ ਨੂੰ ਪਲਾਇਨ ਕਰ ਰਹੇ ਹਨ। ਸ਼ਰਨਾਰਥੀ ਅਤੇ ਪ੍ਰਵਾਸੀ ਲੋਕ ਇਸ ਹਿੰਸਾ ਜਾਂ ਤਬਾਹੀ ਕਾਰਨ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ। ਗੁਟੇਰਸ ਨੇ ਕਿਹਾ “ਪ੍ਰਵਾਸੀ ਲੋਕ ਇੱਕੋ ਸਮੇਂ ਤਿੰਨ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਸਿਹਤ, ਸਮਾਜਿਕ-ਆਰਥਿਕ ਅਤੇ ਸੁਰੱਖਿਆ ਸੰਕਟ ਸ਼ਾਮਲ ਹਨ।”

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਮਾਨਵਤਾ ਦੀ ਗਰਿਮਾ ਬਣਾਏ ਰੱਖਣ ਵਾਲੇ ਉਨ੍ਹਾਂ ਦੇਸ਼ਾਂ ਤੋਂ ਸਬਕ ਲਵੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਸ਼ਰਨਾਰਥੀ ਸੁਰੱਖਿਆ ਸਿਧਾਂਤਾ ਦਾ ਪੂਰਾ ਸਤਿਕਾਰ ਅਤੇ ਪਾਲਣ ਕਰਦਿਆਂ ਯਾਤਰਾ ਪਾਬੰਦੀਆਂ ਅਤੇ ਸਰਹੱਦ ਨਿਯੰਤਰਣ ਨੂੰ ਲਾਗੂ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਕੋਵਿਡ -19 ਮਨੁੱਖੀ ਗਤੀਸ਼ੀਲਤਾ ਦੀ ਦੁਬਾਰਾ ਕਲਪਨਾ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਕਿਹਾ ਕਿ ਕੋਵਿਡ -19 ਸਭ ਤੋਂ ਪਹਿਲਾਂ ਸਿਹਤ ਸੰਕਟ ਹੈ। ਇਸ ਲਈ ਪ੍ਰਵਾਸ ਕਰਨ ਵਾਲੇ ਲੋਕ ਭੀੜ ਵਾਲੀਆਂ ਥਾਵਾਂ ਤੋਂ ਦੂਰੀ ਬਣਾਏ ਰੱਖਣ। ਉਨ੍ਹਾਂ ਨੇ ਕਿਹਾ ਕਿ ਸਭ ਦੇ ਸੁਰੱਖਿਅਤ ਹੋਣ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ ਭਾਵ ਸਭ ਦੀ ਸੁਰੱਖਿਆ ‘ਚ ਹੀ ਆਪਣੀ ਸੁਰੱਖਿਆ ਹੈ। ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਕਿਹਾ ਕਿ ਨਿਦਾਨ, ਇਲਾਜ ਅਤੇ ਵੈਕਸੀਨ ਸਾਰਿਆਂ ਤੱਕ ਪਹੁੰਚਯੋਗ ਹੋਣੇ ਚਾਹੀਦੇ ਹਨ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਘਾਤਕ ਰੂਪ ਧਾਰਨ ਕਰਦੀ ਜਾ ਰਹੀ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 3 ਲੱਖ 92 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 66 ਲੱਖ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਹਨ।

- Advertisement -

Share this Article
Leave a comment