‘ਰੱਬ ਭਲੀ ਕਰੇ ਜੇ ਡੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਨਾ ਰਹੇ’

Global Team
3 Min Read

ਚੰਡੀਗੜ੍ਹ: ਪੰਜਾਬ ਦੇ ਕਿਸਾਨ ਆਗੂਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਪਿਛਲੇ ਸਵਾ ਮਹੀਨੇ ਤੋਂ ਮਰਨ ਵਰਤ ਉੱਤੇ ਬੈਠੇ ਹਨ, ਨੂੰ ਕੁਝ ਹੋ ਗਿਆ ਤਾਂ ਸ਼ਾਇਦ ਕੇਂਦਰ ਸਰਕਾਰ ਤੋਂ ਸਥਿਤੀ ਨਾ ਸੰਭਾਲੀ ਜਾਵੇ। ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਸੰਜੀਦਗੀ ਨਾਲ ਹੱਲ ਕਰੇ। ਕਿਸਾਨਾਂ ਮੁਤਾਬਕ ਡੱਲੇਵਾਲ ਦੀ ਹਾਲਤ ਲਗਾਤਾਰ ‘ਨਿੱਘਰਦੀ’ ਜਾ ਰਹੀ ਹੈ ਤੇ ਉਨ੍ਹਾਂ ਨੂੰ ਕਿਸੇ ਵੇਲੇ ਵੀ ‘ਕੁਝ ਵੀ ਹੋ ਸਕਦਾ ਹੈ।’ ਇਸ ਦੌਰਾਨ ਕਿਸਾਨ ਆਗੂਆਂ ਨੇ ਅਗਲੇ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਲੈ ਕੇ 10 ਜਨਵਰੀ ਨੂੰ ਪੂਰੇ ਦੇਸ਼ ਵਿਚ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਆਗੂ ਨੇ ਕਿਹਾ, ‘ਡੱਲੇਵਾਲ ਦੇਸ਼ ਦੇ ਕਿਸਾਨਾਂ ਦਾ ਭਵਿੱਖ ਬਚਾਉਣ ਲਈ ਲੜ ਰਹੇ ਹਨ।’’ ਇਸ ਮਗਰੋਂ 13 ਜਨਵਰੀ ਨੂੰ ਲੋਹੜੀ ਮੌਕੇ ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਜਦੋਂਕਿ 26 ਜਨਵਰੀ ਨੂੰ ਪੂਰੇ ਦੇਸ਼ ਵਿਚ ਟਰੈਕਟਰ ਮਾਰਚ ਕੀਤੇ ਜਾਣਗੇ।

ਡੱਲੇਵਾਲ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਹਨ। ਡੱਲੇਵਾਲ ਦੀ ਸਿਹਤ ਜਾਂਚ ਵਿਚ ਲੱਗੀ ਐੱਨਜੀਓ ‘5 ਰੀਵਰਜ਼ ਹਾਰਟ ਐਸੋਸੀਏਸ਼ਨ’ ਦੀ ਟੀਮ ਵਿਚ ਸ਼ਾਮਲ ਡਾ.ਅਵਤਾਰ ਸਿੰਘ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ। ਡਾਕਟਰ ਨੇ ਕਿਹਾ ਕਿ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਡਿੱਗ ਗਿਆ ਸੀ ਤੇ ਉਨ੍ਹਾਂ ਮੰਜੇ ਉੱਤੇ ਪਿਆਂ ਉਲਟੀ ਵੀ ਕੀਤੀ। ਉਨ੍ਹਾਂ ਕਿਹਾ ਕਿ ਹਰ ਲੰਘਦੇ ਦਿਨ ਨਾਲ ਉਨ੍ਹਾਂ ਦੀ ਸਿਹਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਕੁਝ ਵੀ ਹੋ ਸਕਦਾ ਹੈ। ਇਸ ਦੌਰਾਨ ਡਾਕਟਰਾਂ ਦੀ ਟੀਮ ਨੇ ਵੀ ਖਨੌਰੀ ਬਾਰਡਰ ਉੱਤੇ ਡੱਲੇਵਾਲ ਦਾ ਮੁਆਇਨਾ ਕੀਤਾ। ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਮੰਗਲਵਾਰ ਨੂੰ ਗੰਭੀਰ ਸੀ ਤੇ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਕਰ ਸਕੇ।

ਕਿਸਾਨ ਆਗੂ ਕੋਹਾੜ ਨੇ ਕਿਹਾ, ‘‘ਰੱਬ ਭਲੀ ਕਰੇ ਜੇ ਡੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ’ਤੇ ਕੇਂਦਰ ਸਰਕਾਰ ਦਾ ਕੰਟਰੋਲ ਨਾ ਰਹੇ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਹਾਲਾਤ ਨਾ ਬਣਨ ਦੇਵੇ। ਕੋਹਾੜ ਨੇ ਕਿਹਾ, ‘‘ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਇਹ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਉੱਤੇ ‘ਦਾਗ਼’ ਹੋਵੇਗਾ, ਜੋ ਕਦੇ ਸਾਫ਼ ਨਹੀਂ ਹੋਵੇਗਾ।’’ ਕੇਂਦਰ ਸਰਕਾਰ ਉੱਤੇ ਵਰ੍ਹਦਿਆਂ ਕਿਸਾਨ ਆਗੂ ਨੇ ਕਿਹਾ ਕਿ ਬਰਤਾਨਵੀ ਰਾਜ ਦੌਰਾਨ ਵੀ ਅਜਿਹਾ ਨਹੀਂ ਹੋਇਆ ਕਿ ਕੋਈ ਵਿਅਕਤੀ ਮਰਨ ਵਰਤ ਉੱਤੇ ਬੈਠਾ ਹੋਵੇ ਤੇ ਸਰਕਾਰ ਉੁਸ ਵੱਲ ਕੋਈ ਧਿਆਨ ਨਾ ਦੇਵੇ।

 

 

Share This Article
Leave a Comment