ਜੇਕਰ ਗਿਆਨੀ ਹਰਪ੍ਰੀਤ ਸਿੰਘ ਜਾਂ ਪਰਿਵਾਰਕ ਮੈਂਬਰ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਕੌਮ ਨਹੀਂ ਕਰੇਗੀ ਬਰਦਾਸ਼ਤ : ਜਥੇ: ਵਡਾਲਾ

Global Team
3 Min Read

ਚੰਡੀਗੜ : ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਜਿਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜੰਗੀਰ ਕੌਰ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ,  ਸੁਰਜੀਤ ਸਿੰਘ ਰੱਖੜਾ ਅਤੇ  ਸੁੱਚਾ ਸਿੰਘ ਛੋਟੇਪੁੱਰ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕੀਤਾ ਹੈ।ਉਨ੍ਹਾਂ ਕਿਹਾ ਕਿ  ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਸਿੱਖ ਕੌਮ ਲਈ ਵੱਡਾ ਘਾਟਾ  ਹੈ । ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਜੱਥੇਦਾਰ ਸਾਹਿਬ ਆਪਣੇ ਅਸਤੀਫੇ ਦੇ ਮੁੜ ਗੌਰ ਫ਼ੁਰਮਾਉਣਗੇ ਇਸ ਦੀ ਸਿੱਖ ਕੌਮ ਉਮੀਦ ਕਰਦੀ ਹੈ। ਇਸ ਦੇ ਨਾਲ ਆਗੂਆਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਕਿਸੇ ਵੀ ਹਾਲਤ ਵਿੱਚ ਸਵੀਕਾਰ ਕਰਨਾ ਸਿੱਖ ਕੌਮ ਨਾਲ ਬੇਇਨਸਾਫ਼ੀ ਹੋਵੇਗੀ।

ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਿਛਲੇ ਹਫਤੇ ਤੋਂ ਲਗਾਤਾਰ ਕਹਿ ਰਿਹਾ ਸੀ ਕਿ ਕੌਮ ਨੂੰ ਅੱਗ ਵੱਲ ਧਕਿਆ ਜਾ ਰਿਹਾ ਹੈ। ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਤਨਖਾਹੀਆ ਪ੍ਰਧਾਨ ਗਿਣੀ ਮਿਥੀ ਸ਼ਾਜਿਸ ਨੂੰ ਅੱਗੇ ਵਧਾ ਰਿਹਾ ਹੈ। ਕੌਮ ਦੇ ਖਿਲਾਫ ਰਚੀ ਗਈ ਸਾਜਿਸ਼ ਪਿੱਛੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਨਹੀਂ ਸਗੋਂ ਵਿਰਸਾ ਸਿੰਘ ਵਲਟੋਹਾ ਸਮੇਤ ਤਮਾਮ ਓਹ ਲੀਡਰ ਸ਼ਾਮਿਲ ਨੇ ਜਿਹੜੇ ਇਸ ਸਾਜਿਸ਼ ਦਾ ਵਿਰੋਧ ਕਰਨ ਦੀ ਬਜਾਏ ਉਨ੍ਹਾਂ ਦੀ ਪਿੱਠ ਥਾਪੜ ਰਹੇ ਹਨ।ਉਨ੍ਹਾਂ ਕਿਹਾ ਸਿੰਘ ਸਾਹਿਬਾਨਾਂ ਨੇ ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ ਸੀ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਬੁਖਲਾ ਚੁੱਕਾ ਸੀ ਤੇ ਸ਼ਾਮ ਨੂੰ ਫਿਰ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਸਿੰਘ ਸਾਹਿਬਾਨ ਦੀਆਂ ਬੇਟੀਆਂ ਤੱਕ ਦੀਆਂ ਧਮਕੀਆਂ ਸਾਬਿਤ ਕਰਦੀਆਂ ਹਨ ਕਿ ਸੁਖਬੀਰ ਸਿੰਘ ਬਾਦਲ ਇਸ ਖੇਡ ਦਾ ਰਚਣਹਾਰਾ ਹੈ ਜਿਸ ਦੇ ਇਸ਼ਾਰੇ ਉਤੇ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਵਿੰਗ ਸੋਸ਼ਲ ਮੀਡੀਆ ਉਤੇ ਧੱਕੇਸ਼ਾਹੀ ਵਾਲਾ ਰੋਲ ਅਦਾ ਕਰ ਰਿਹਾ ਸੀ।

ਇਹ ਵੀ ਪੜ੍ਹੋ: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਪ੍ਰਧਾਨ ਨੂੰ ਦਿੱਤੇ ਅਸਤੀਫ਼ਾ ਰੱਦ ਕਰਨ ਦੇ ਹੁਕਮ

ਸਿੱਖ ਕੌਮ ਨੂੰ ਸਿੰਘ ਸਾਹਿਬਾਨ ਦੀ ਹਿਫਾਜਤ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦੀਆਂ ਧੱਕੇਸ਼ਾਹੀਆਂ ਖਿਲਾਫ ਇਕੱਠੇ ਹੋਕੇ ਜਵਾਬ ਦੇਈਏ। ਆਗੂਆਂ ਨੇ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਕਿਸੇ ਤਰੀਕੇ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਕੌਮ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment