ਬੁਲਡੋਜ਼ਰ ਕਾਰਵਾਈ ਵਾਲੇ ਬਿਆਨ ‘ਤੇ ਭੱਜੀ ਦਾ ਸਪਸ਼ਟੀਕਰਨ, ਕਿਹਾ ‘ਕਾਰਵਾਈ ਕਰਨ ਵਾਲੀ ਪਹਿਲੀ ਸਰਕਾਰ’

Global Team
3 Min Read

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਏ ਜਾ ਰਹੇ ਬੁਲਡੋਜ਼ਰ ਐਕਸ਼ਨ ‘ਤੇ ਆਪ ਦੇ ਰਾਜ ਸਭਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਕਿਸੇ ਵੀ ਵਿਅਕਤੀ ਦਾ ਘਰ ਢਾਹ ਦੇਣਾ ਗਲਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਪਕੜਨਾ ਤਾਂ ਜ਼ਰੂਰੀ ਹੈ, ਪਰ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ‘ਚ ਘਸੀਟਣਾ ਠੀਕ ਨਹੀਂ। ਹਰਭਜਨ ਸਿੰਘ ਨੇ ਆਪਣੀ ਪਹਿਲੀ ਟਿੱਪਣੀ ਤੋਂ ਬਾਅਦ ਹੁਣ X   ‘ਤੇ ਇੱਕ ਨਵਾਂ ਬਿਆਨ ਜਾਰੀ ਕਰਦੇ ਹੋਏ ਆਪਣੀ ਪੂਰੀ ਸਥਿਤੀ ਸਪੱਸ਼ਟ ਕੀਤੀ ਹੈ।

ਟਵੀਟ ‘ਚ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਪੂਰੇ ਸਮਰਥਨ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰਨ ਵਾਲੀ ਪਹਿਲੀ ਸਰਕਾਰ ਹੈ ਅਤੇ ਇਹ ਸੁਨੇਹਾ ਸਾਫ਼ ਹੈ ਕਿ ਸਾਡੇ ਕੋਲ ਹੁਣ ਇੱਕ ਐਸੀ ਸਰਕਾਰ ਹੈ, ਜੋ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸੰਕਲਪਬੱਧ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਭ ਇਕੱਠੇ ਹੋਇਏ ਅਤੇ ਨਸ਼ਿਆਂ ਵਿਰੁੱਧ ਲੜਾਈ ਲੜ ਕੇ ਪੰਜਾਬ ਨੂੰ ਨਸ਼ਾ-ਮੁਕਤ ਬਣਾਈਏ।


ਹਰਭਜਨ ਨੇ ਆਪਣੇ ਪਹਿਲੇ ਬਿਆਨ ‘ਚ ਕਿਹਾ ਸੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਕਿਸੇ ਵਿਅਕਤੀ ਦਾ ਘਰ ਢਾਹ ਦੇਣਾ ਇੱਕ ਸਹੀ ਤਰੀਕਾ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਘਰ ਢਾਹਣ ਨਾਲ ਉਥੇ ਰਹਿੰਦੇ ਬੇਕਸੂਰ ਪਰਿਵਾਰਕ ਮੈਂਬਰਾਂ ‘ਤੇ ਵੀ ਅਸਰ ਪੈਂਦਾ ਹੈ, ਜੋ ਨਸ਼ਾ ਤਸਕਰੀ ‘ਚ ਸ਼ਾਮਲ ਨਹੀਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਨਸ਼ਾ ਵੇਚਣ ਦੇ ਹੱਕ ‘ਚ ਨਹੀਂ, ਪਰ ਕਿਸੇ ਪਰਿਵਾਰ ਨੂੰ ਬਿਨਾਂ ਕਿਸੇ ਦੋਸ਼ ਦੇ ਸਜ਼ਾ ਦੇਣ ਦੇ ਵੀ ਖਿਲਾਫ਼ ਹਨ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਸਾਫ਼ ਕੀਤਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਜਾਇਦਾਦ ਜਾਂ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਐਸੀ ਕਰਵਾਈ ਜਾਇਜ਼ ਹੈ। ਪਰ ਜੇਕਰ ਕਿਸੇ ਨੇ ਕਾਨੂੰਨੀ ਤਰੀਕੇ ਨਾਲ ਬਣਾਇਆ ਘਰ ਹੈ, ਤਾਂ ਉਸਨੂੰ ਤੋੜਨਾ ਗਲਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰੇ, ਪਰ ਉਨ੍ਹਾਂ ਦੇ ਘਰ ਢਾਹ ਕੇ ਪਰਿਵਾਰਾਂ ਨੂੰ ਸਜ਼ਾ ਨਾ ਦੇਵੇ।

Share This Article
Leave a Comment