ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਭਾਰਤ-ਪਾਕਿਸਤਾਨ ਤਣਾਅ ਸਬੰਧੀ ਆਪਣੇ ਪਹਿਲੇ ਦਾਅਵੇ ਤੋਂ ਪਿੱਛੇ ਹਟਦਿਆਂ ਬਿਆਨ ਬਦਲ ਲਿਆ ਹੈ। ਦੋਹਾ ਵਿੱਚ ਅਮਰੀਕੀ ਫੌਜੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਚੋਲਗੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਸੁਲਝਾਉਣ ਵਿੱਚ ਮਦਦ ਜ਼ਰੂਰ ਕੀਤੀ। ਦੂਜੇ ਪਾਸੇ, ਭਾਰਤ ਨੇ ਟਰੰਪ ਦੇ ਦਾਅਵੇ ਨੂੰ ਅਹਿਮੀਅਤ ਨਾ ਦਿੰਦਿਆਂ ਸਪੱਸ਼ਟ ਕਿਹਾ ਸੀ ਕਿ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦੋਵਾਂ ਦੇਸ਼ਾਂ ਦੀ ਆਪਸੀ ਗੱਲਬਾਤ ਨਾਲ ਹੋਈ ਹੈ।
ਹੁਣ ਟਰੰਪ ਨੇ ਕੀ ਕਿਹਾ?
ਟਰੰਪ ਨੇ ਕਿਹਾ, “ਮੈਂ ਇਹ ਨਹੀਂ ਕਹਾਂਗਾ ਕਿ ਮੈਂ ਸਭ ਕੁਝ ਕੀਤਾ, ਪਰ ਮੈਂ ਪਿਛਲੇ ਹਫਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਸੁਲਝਾਉਣ ਵਿੱਚ ਜ਼ਰੂਰ ਮਦਦ ਕੀਤੀ।” ਉਨ੍ਹਾਂ ਕਿਹਾ, “ਹਾਲਾਤ ਬਹੁਤ ਤਣਾਅਪੂਰਨ ਹੋ ਰਹੇ ਸਨ ਅਤੇ ਅਚਾਨਕ ਤੁਸੀਂ ਵੱਖ-ਵੱਖ ਕਿਸਮ ਦੀਆਂ ਮਿਜ਼ਾਈਲਾਂ ਦੇਖਣ ਲੱਗ ਪਏ, ਪਰ ਅਸੀਂ ਇਸ ਨੂੰ ਸੁਲਝਾ ਲਿਆ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਮਸਲਾ ਹੱਲ ਹੋ ਗਿਆ ਹੈ। ਅਸੀਂ ਉਨ੍ਹਾਂ (ਭਾਰਤ ਅਤੇ ਪਾਕਿਸਤਾਨ) ਨਾਲ ਵਪਾਰ ਬਾਰੇ ਵੀ ਗੱਲ ਕੀਤੀ। ਮੈਂ ਕਿਹਾ- ਆਓ ਵਪਾਰ ਕਰੀਏ, ਜੰਗ ਨਹੀਂ। ਪਾਕਿਸਤਾਨ ਇਸ ਨਾਲ ਬਹੁਤ ਖੁਸ਼ ਸੀ, ਭਾਰਤ ਵੀ ਇਸ ਨਾਲ ਬਹੁਤ ਖੁਸ਼ ਸੀ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਉਹ ਸਹੀ ਦਿਸ਼ਾ ਵਿੱਚ ਵਧ ਰਹੇ ਹਨ।”
ਟਰੰਪ ਨੇ ਪਹਿਲਾਂ ਕੀ ਕਿਹਾ ਸੀ?
ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਵਪਾਰ ਵਿੱਚ ਕਟੌਤੀ ਦਾ ਮੁੱਦਾ ਉਠਾ ਕੇ ਦੋਵਾਂ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਲਈ ਮਜਬੂਰ ਕੀਤਾ। ਵ੍ਹਾਈਟ ਹਾਊਸ ਵਿੱਚ ਪੱਤਰਕਾਰ ਸੰਮੇਲਨ ਵਿੱਚ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਕਿ ਜੇਕਰ ਉਹ ਤਣਾਅ ਰੋਕਦੇ ਹਨ, ਤਾਂ ਅਮਰੀਕਾ ਉਨ੍ਹਾਂ ਨਾਲ ‘ਬਹੁਤ ਸਾਰਾ ਵਪਾਰ’ ਕਰੇਗਾ। ਉਨ੍ਹਾਂ ਕਿਹਾ, “ਅਸੀਂ ਤੁਹਾਡੇ ਨਾਲ ਬਹੁਤ ਸਾਰਾ ਵਪਾਰ ਕਰਾਂਗੇ। ਆਓ, ਇਸ ਨੂੰ ਰੋਕੀਏ। ਜੇਕਰ ਤੁਸੀਂ ਇਸ ਨੂੰ ਰੋਕਦੇ ਹੋ, ਤਾਂ ਅਸੀਂ ਵਪਾਰ ਕਰਾਂਗੇ। ਜੇਕਰ ਤੁਸੀਂ ਨਹੀਂ ਰੋਕਦੇ, ਤਾਂ ਅਸੀਂ ਕੋਈ ਵਪਾਰ ਨਹੀਂ ਕਰਨ ਜਾ ਰਹੇ।”
ਟਰੰਪ ਨੇ ਖੁਦ ਦੀ ਪਿੱਠ ਥਾਪੀ
ਟਰੰਪ ਨੇ ਕਿਹਾ, “ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਲੋਕਾਂ ਨੇ ਕਦੇ ਵੀ ਵਪਾਰ ਦੀ ਵਰਤੋਂ ਉਸ ਤਰ੍ਹਾਂ ਨਹੀਂ ਕੀਤੀ, ਜਿਵੇਂ ਮੈਂ ਕੀਤੀ। ਅਤੇ ਅਚਾਨਕ ਉਨ੍ਹਾਂ (ਭਾਰਤ ਅਤੇ ਪਾਕਿਸਤਾਨ) ਨੇ ਕਿਹਾ, ‘ਸਾਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਰੋਕਣ ਜਾ ਰਹੇ ਹਾਂ।’” ਟਰੰਪ ਨੇ ਦਾਅਵਾ ਕੀਤਾ, “ਉਨ੍ਹਾਂ ਨੇ ਅਜਿਹਾ ਕੀਤਾ ਅਤੇ ਉਨ੍ਹਾਂ ਨੇ ਇਹ ਕਈ ਕਾਰਨਾਂ ਕਰਕੇ ਕੀਤਾ, ਪਰ ਵਪਾਰ ਇੱਕ ਵੱਡਾ ਕਾਰਨ ਹੈ। ਅਸੀਂ ਪਾਕਿਸਤਾਨ ਨਾਲ ਬਹੁਤ ਸਾਰਾ ਵਪਾਰ ਕਰਨ ਜਾ ਰਹੇ ਹਾਂ। ਅਸੀਂ ਭਾਰਤ ਨਾਲ ਬਹੁਤ ਸਾਰਾ ਵਪਾਰ ਕਰਨ ਜਾ ਰਹੇ ਹਾਂ। ਅਸੀਂ ਹੁਣੇ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਜਲਦੀ ਹੀ ਪਾਕਿਸਤਾਨ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਅਤੇ ਅਸੀਂ ਇੱਕ ਪ੍ਰਮਾਣੂ ਸੰਘਰਸ਼ ਨੂੰ ਰੋਕਿਆ ਹੈ।”