ਮੈਂ ਪੰਜਾਬ ਹਾਂ

TeamGlobalPunjab
8 Min Read

-ਜਗਤਾਰ ਸਿੰਘ ਸਿੱਧੂ

 

ਮੈਂ ਪੰਜਾਬ ਹਾਂ। ਗੁਰੂਆਂ, ਪੀਰਾਂ, ਸੰਤਾਂ ਦੀ ਚਰਨ ਛੋਹ ਪ੍ਰਾਪਤ ਧਰਤ। ਜ਼ਬਰ ਅਤੇ ਜੁਲਮ ਦੇ ਵਿਰੁੱਧ ਲੜਨ ਵਾਲੇ ਸੂਰਵੀਰਾਂ, ਯੋਧਿਆਂ ਦੀ ਧਰਤ। ਇਸ ਧਰਤ ਤੋਂ ਚੱਲ ਕੇ ਗੁਰੂਆਂ ਨੇ ਦੇਸ਼ ਦੀ ਖਾਤਰ ਰਾਜਧਾਨੀ ਦਿੱਲੀ ਦੇ ਚਾਂਦਨੀ ਚੌਕ ਜਾ ਕੇ ਸੀਸ ਦਿੱਤਾ। ਅਜ਼ਾਦੀ ਦੀ ਲਹਿਰ ਚਲੀ ਤਾਂ ਕਾਲੇ ਪਾਣੀਆਂ ਦੀਆਂ ਕਾਲ ਕੋਠੜੀਆਂ ‘ਚ ਪਤਾ ਨਹੀਂ ਕਿੰਨੇ ਅਗਿਆਤ ਯੋਧਿਆਂ ਨੇ ਜਾਨਾਂ ਕੁਰਬਾਨ ਕੀਤੀਆਂ। ਭਗਤ ਸਿੰਘ, ਊਧਮ ਸਿੰਘ ਸਮੇਤ ਉਨ੍ਹਾਂ ਦੇ ਕਿੰਨੇ ਸਾਥੀਆਂ ਨੇ ਹੱਸਦੇ-ਹੱਸਦੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਸਮਾਂ ਕਿਵੇਂ ਬਦਲ ਗਿਆ? ਇਸ ਦੇਸ਼ ਦੀ ਆਪਣੀ ਹਕੂਮਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫੌਜੀ ਟੈਂਕ ਚੜਾਏ ਅਤੇ ਤੋਪਾਂ ਦੇ ਗੋਲੇ ਛੱਡੇ। ਪੰਜਾਬ ਵਿੱਚ ਵਗਦੀ ਕਾਲੀ ਹਨ੍ਹੇਰੀ ਵਿੱਚ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਨਹਿਰਾਂ ਅਤੇ ਸੂਇਆਂ ਦੇ ਪੁਲਾਂ ‘ਤੇ ਰਾਤ ਦੇ ਹਨ੍ਹੇਰੇ ਵਿੱਚ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾਏ। ਇਸ ਕਾਲੀ ਬੋਲੀ ਹਨ੍ਹੇਰੀ ‘ਚ ਪਤਾ ਨਹੀਂ ਕਿੰਨੇ ਬੇਕਸੂਰ ਪਰਿਵਾਰਾਂ ਨੇ ਪਹੁਫੁਟਾਲੇ ਦਾ ਸੂਰਜ ਨਹੀਂ ਵੇਖਿਆ। ਕਿੰਨਿਆਂ ਲਈ ਪਿੰਡਾਂ ਦੇ ਗੁਰਦੁਆਰਾ ਸਾਹਿਬ ‘ਚ ਅਮ੍ਰਿਤ ਵੇਲੇ ਗੁਰਬਾਣੀ ਦਾ ਵਾਕ ਲੈਣ ਤੋਂ ਪਹਿਲਾਂ ਹੀ ਚੁੱਕੇ ਗਏ ਗ੍ਰੰਥੀ ਸਿੰਘਾਂ ਦੀ ਅਵਾਜ਼ ਮੁੜ ਕਦੇ ਪਿੰਡ ਦੇ ਲੋਕਾਂ ਨੂੰ ਸੁਨਣੀ ਨਸੀਬ ਨਹੀਂ ਹੋਈ। ਮੈਨੂੰ ਬੇਗਾਨਿਆਂ ਦੇ ਘੋੜੇ ਦੀਆਂ ਟਾਪਾਂ ਨੇ ਰੌਂਦਿਆ ਤਾਂ ਆਪਣਿਆਂ ਦੇ ਹੱਥੋਂ ਵੀ ਲਹੂ ਲੁਹਾਨ ਹੋਇਆ। ਫਰਕ ਕੇਵਲ ਐਨਾ ਪਿਆ ਕਿ ਮੈਂ ਚੇਹਰੇ ਬਦਲਦੇ ਵੇਖੇ ਹਨ। ਫਰਕ ਕੇਵਲ ਐਨਾ ਪਿਆ ਕਿ ਮੈਂ ਛੋਟੇ ਅਤੇ ਵੱਡੇ ਘੱਲੂਘਾਰਿਆਂ ‘ਚ ਜਾਬਰਾਂ ਹੱਥੋਂ ਆਪਣਿਆਂ ਦੀਆਂ ਖੋਪੜੀਆਂ ਲੱਥ ਦੀਆਂ ਵੇਖੀਆਂ ਹਨ ਅਤੇ ਨੇਜਿਆਂ ‘ਤੇ ਖੋਪੜੀਆਂ ਟੰਗਣ ਵਾਲਿਆਂ ਦਾ ਤਾਂਡਵ ਨਾਚ ਵੇਖਿਆ ਹੈ। ਜ਼ਰਵਾਣੇ ਇਹ ਨਹੀਂ ਸਨ ਜਾਣਦੇ  ਕਿ ਜਿਹੜੀ ਫਸਲ ਇਸ ਧਰਤ ‘ਤੇ  ਦਰਵੇਸ਼ ਪਿਤਾ ਨੇ ਆਪਣੀ ਮੁੱਠੀ ਨਾਲ ਬੀਜੀ ਹੈ, ਉਸ ਨੂੰ ਕੋਈ ਕੱਟਦਾ ਹੈ ਤਾਂ ਉਹ ਦੂਣ ਸਵਾਈ ਹੋ ਕੇ ਵੱਧਦੀ ਹੈ। ਜੇ ਇਹ ਸੱਚ ਨਾ ਹੁੰਦਾ ਤਾਂ ਮੈਂ ਕਦੋਂ ਦਾ ਮਰ ਮੁੱਕ ਜਾਣਾ ਸੀ। ਦਿੱਲੀ ਦੇ ਤਖਤ ‘ਤੇ ਬੈਠੇ ਹਾਕਮਾਂ ਨੇ ਮੇਰੀ ਹਸਤੀ ਮਿਟਾਉਣ ਲਈ ਖੇਡਾਂ ਤਾਂ ਬਹੁਤ ਖੇਡੀਆਂ ਪਰ ਇਹ ਕੁਦਰਤ ਦਾ ਵਰਤਾਰਾ ਹੀ ਸੀ ਕਿ ਮੁੱਠੀ ਭਰ ਬੀਜ ਦੁਨੀਆ ਵਿੱਚ ਨਵੀਂ ਫਸਲ ਬਣ ਕੇ ਉਭਰਿਆ। ਮੇਰੇ ਪੰਜਾਬ ਦੇ ਚੌਧਰੀਆਂ ਨੇ ਵੀ ਇਨ੍ਹਾਂ ਖੇਡਾਂ ਦਾ ਮੁੱਲ ਖੂਬ ਵੱਟਿਆ। ਮਗਰਮੱਛ ਦੇ ਹੰਝੂ ਕੇਰਕੇ ਹਕੂਮਤਾਂ ਦੇ ਤਾਜ ਸਿਰਾਂ ‘ਤੇ ਟਿਕਾਏ। ਦੌਲਤਾਂ ਦੇ ਅੰਬਰ ਇਕੱਠੇ ਕੀਤੇ। ਮੇਰਾ ਕਿਰਤੀ ਕਦੇ ਕਿਸਾਨ ਅਤੇ ਕਦੇ ਦਿਹਾੜੀਦਾਰ ਗਲਾਂ ਵਿੱਚ ਰੱਸੇ ਪਾ ਕੇ ਦਰੱਖਤਾਂ ਦੇ ਟਾਹਣਿਆਂ ‘ਤੇ ਤੋਰੀ ਵਾਂਗ ਹੇਠਾਂ ਲਟਕਦਾ ਰਿਹਾ। ਜਿਹੜੇ ਮੁੰਡੇ ਜੰਮਣ ਵੇਲੇ, ਭੂਆ, ਚਾਚੀਆਂ ਅਤੇ ਤਾਈਆਂ ਲੋਹੜੀ ਮੌਕੇ ਪਰਾਤਾਂ ਗੁੜ ਦੀਆਂ ਭਰਕੇ ਸੱਥਾਂ ‘ਚ ਵੰਡਦੀਆਂ ਨਹੀਂ ਥੱਕਦੀਆਂ ਸਨ, ਉਨ੍ਹਾਂ ਮੁੰਡਿਆਂ ਦਾ ਦਮ ਘੁੱਟਣ ਲੱਗਾ ਅਤੇ ਰੋਟੀ ਦੀ ਭਾਲ ‘ਚ ਪਿਉ ਦਾਦੇ ਦੀ ਮਾਂ ਵਰਗੀ ਜ਼ਮੀਨ ਸ਼ਾਹੂਕਾਰਾਂ ਨੂੰ ਵੇਚਕੇ ਵਿਦੇਸ਼ਾਂ ਨੂੰ ਦੌੜਨ ਲੱਗੇ। ਜਿਹੜੇ ਇਧਰ ਰਹਿ ਗਏ, ਬਹੁਤਿਆਂ ਨੂੰ ਚਿੱਟੇ ਨੇ ਖਾ ਲਿਆ। ਮਰਦਾਂ ਤਾਂ ਪੰਜਾਬ ਹੀ ਹੈ। ਜੇ ਪਹਿਲਾਂ ਰਾਤ ਦੇ ਹਨ੍ਹੇਰਿਆਂ ‘ਚ ਪੁਲਾਂ ‘ਤੇ ਮਰਦਾ ਸੀ ਤਾਂ ਹੁਣ ਦਿਨ ਦਿਹਾੜੇ ਮੁੱਧੇ ਮੂੰਹ ਡਿੱਗਿਆ ਘਰ ‘ਚ ਹੀ ਦਮ ਤੋੜ ਦਿੰਦਾ ਹੈ। ਮੇਰੇ ਹੀ ਚੌਧਰੀਆਂ ‘ਚੋਂ ਕਿਸੇ ਨੇ ਸਤਾ ਦੀ ਲਾਲਸਾ ‘ਚ ਮੁੰਡਾ ਜੰਮਣ ਵੇਲੇ ਗੁੜ ਵੰਡਦੀਆਂ ਪਰਾਤਾਂ ‘ਚ ਚਿੱਟੇ ਦਾ ਜ਼ਹਿਰ ਭਰ ਦਿੱਤਾ। ਕਿਸੇ ਨੇ ਸਤਾ ਹਾਸਲ ਕਰਨ ਖਾਤਰ ਚਿੱਟਾ ਖਤਮ ਕਰਕੇ ਮੁੜ ਸ਼ਗਨ ਵਾਲੇ ਗੁੜ ਨਾਲ ਪਰਾਤਾਂ ਭਰਨ ਦੇ ਵਾਅਦੇ ਨਾਲ ਸਿਰ ‘ਤੇ ਗੁੱਟਕਾ ਸਾਹਿਬ ਚੁੱਕ ਕੇ ਸਹੁੰ ਖਾਧੀ। ਬਾਹਰੋਂ     ਜ਼ਰਵਾਣੇ ਆਉਂਦੇ ਸਨ ਤਾਂ ਮੈਨੂੰ ਪਹਿਚਾਣ ਹੁੰਦੀ ਸੀ। ਹੁਣ ਇਹ ਨਹੀਂ ਪਤਾ ਲਗਦਾ ਕਿ ਚਿੱਟਾ ਵੰਡਣ ਵਾਲਾ ਕੌਣ ਹੈ ਅਤੇ ਚਿੱਟਾ ਖਤਮ ਕਰਨ ਦੀ ਸਹੁੰ ਖਾਣ ਵਾਲਾ ਕੌਣ ਹੈ? ਮੇਰੀ ਹੀ ਧਰਤੀ ‘ਤੇ ਮਾਨਵਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ। ਸਦੀਆਂ ਤੱਕ ਇਸ ਧਰਤ ਦੀ ਲੋਕਾਈ ਨੇ ਮਾਨਵਤਾ ਦੇ ਸੁਨੇਹੇ ਨੂੰ ਹਿੱਕ ਨਾਲ ਲਾ ਕੇ ਰੱਖਿਆ ਅਤੇ ਹਨ੍ਹੇਰਿਆਂ ਵਿੱਚ ਵੀ ਉਨ੍ਹਾਂ ਦਾ ਸਿਦਕ ਨਾ ਡੋਲਿਆ। ਇਸੇ ਧਰਤੀ ‘ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਗਏ ਅਤੇ ਘੋਰ ਬੇਅਦਬੀ ਹੋਈ ਤਾਂ ਮਾਨਵਤਾ ਦਾ ਹਿਰਦਾ ਵਲੂੰਧਰਿਆ ਗਿਆ। ਇੱਕ ਕਹਿਰ ਢਹਿ ਪਿਆ। ਸਮੇਂ ਦੇ ਹਾਕਮਾਂ ਨੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਭਰੋਸਾ ਦਿੱਤਾ। ਜਾਂਚ ਕਮਿਸ਼ਨ ਬੈਠੇ। ਰਾਤ ਦੇ ਹਨ੍ਹੇਰਿਆਂ ‘ਚ ਨਹਿਰਾਂ ਦੇ ਪੁੱਲਾਂ ‘ਤੇ ਝੂਠੇ ਮੁਕਾਬਲਿਆਂ ‘ਚ ਮਾਰਨ ਦਾ ਵਿਰੋਧ ਕਰਨ ਵਾਲਿਆਂ ਅਤੇ ਭੋਗਾਂ ‘ਤੇ ਜਾ ਕੇ ਬੁੱਢੇ ਮਾਂ ਪਿਉ ਨੂੰ ਦਲਾਸਾ ਦੇਣ ਵਾਲੇ ਚੌਧਰੀਆਂ ਦੀ ਹਕੂਮਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਇਨਸਾਫ ਲਈ ਪੁਰ ਅਮਨ ਢੰਗ ਨਾਲ ਧਰਨੇ ‘ਤੇ ਬੈਠੀ ਸੰਗਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਲੋਕਾਂ ਵਿੱਚ ਗੁੱਸੇ ਦੀ ਲਹਿਰ ਉੱਠੀ। ਚੌਧਰੀਆਂ ਦੀ ਇੱਕ ਹੋਰ ਧਿਰ ਨੇ ਸਤਾ ਦੀ ਲਾਲਸਾ ਵਿੱਚ ਲੋਕਾਈ ਨੂੰ ਭਰੋਸਾ ਦਿੱਤਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਮੇਰੇ ਲੋਕੋ! ਜਾਣਦੇ ਤੁਸੀਂ ਵੀ ਹੋ! ਕਿਵੇਂ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਹਾਕਮ ਧਿਰ ਦੇ ਹੀ ਚੌਧਰੀਆਂ ਨੇ ਗੋਡੀਆਂ ਲਾ ਕੇ, ਝੋਲੀਆਂ ਅੱਡ ਅੱਡ ਕੇ ਆਪਣੇ ਹੀ ਨੇਤਾ ਤੋਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਸ ਹਕੂਮਤ ਦਾ ਸਮਾਂ ਪੂਰਾ ਹੋਣ ਵੱਲ ਘੜੀ ਦੀਆਂ ਸੂਈਆਂ ਅੱਗੇ ਵੱਧ ਰਹੀਆਂ ਹਨ ਪਰ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਦੂਰ ਦੀ ਗੱਲ, ਅਜੇ ਮਾਮਲੇ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਟੈਂਕਾਂ ਨਾਲ ਚੜਾਈ ਵੇਲੇ ਇਹ ਤਾਂ ਪਤਾ ਲੱਗ ਹੀ ਗਿਆ ਸੀ ਕਿ ਦਿੱਲੀ ਦੇ ਤਖਤ ਦੇ ਹੁਕਮ ‘ਤੇ ਹਮਲਾ ਹੋਇਆ ਸੀ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਸ ਹਕੂਮਤ ਵਿੱਚ ਕਹਿਰ ਵਾਪਰਿਆ ਉਸ ਦੇ ਚੌਧਰੀ ਦੋਸ਼ੀ ਹਨ ਜਾਂ ਜਿਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਂ ‘ਤੇ ਸਤਾ ਸੰਭਾਲੀ, ਉਹ ਦੋਸ਼ੀ ਹੈ। ਮੈਂ ਆਪਣੀ ਲੋਕਾਈ ਦੀ ਸੁਣਦਾ ਹਾਂ ਤਾਂ ਸਤਾ ਦੇ ਕੇਵਲ ਚੇਹਰੇ ਬਦਲਦੇ ਹਨ।

ਹੁਣ ਜਿਸ ਕੋਰੋਨਾ ਮਹਾਮਾਰੀ ਨਾਲ ਦੁਨੀਆ ਕੰਬ ਗਈ ਹੈ, ਮੇਰੀ ਧਰਤ ‘ਤੇ ਇਸ ਦੀ ਦਹਿਸ਼ਤ ਦਾ ਪ੍ਰਛਾਵਾ ਹੈ। ਸਦੀਆਂ ਤੱਕ ਇਸ ਦੇਸ਼ ਦੇ ਹਮਲਾਵਰਾਂ ਦਾ ਮੂੰਹ ਭੰਨਣ ਵਾਲੇ ਮੇਰੇ ਲੋਕ ਹੁਣ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਦਿੱਲੀ ਦੇ ਹਾਕਮਾਂ ਵੱਲ ਠੂਠਾ ਚੁੱਕ ਕੇ ਮਦਦ ਮੰਗ ਰਹੇ ਹਨ। ਮੇਰੀ ਧਰਤ ਦੇ ਚੌਧਰੀ ਮੁੜ ਆਪਸ ‘ਚ ਤਲਵਾਰਾਂ ਖਿੱਚ ਕੇ ਇੱਕ ਦੂਜੇ ਨਾਲ ਲੜ ਰਹੇ ਹਨ। ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਕੇ ਆਈ ਸੰਗਤ ਨੂੰ ਛੱਜ ‘ਚ ਪਾ ਕੇ ਛੰਡਿਆ ਜਾ ਰਿਹਾ ਹੈ? ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਸੁਆਲ ਉੱਠ ਰਹੇ ਹਨ। ਇਹ ਸੁਆਲ ਨਹੀਂ ਉੱਠ ਰਿਹਾ ਕਿ ਸੰਗਤ ਦਾ ਕਸੂਰ ਕੀ ਹੈ? ਸਦੀਆਂ ਤੋਂ ਇਸ ਧਰਤ ਦੀ ਲੋਕਾਈ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੈ? ਅਚਾਨਕ ਲੌਕਡਾਊਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਘਰ ਵਾਪਸੀ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ? ਕਈ ਦਹਾਕੇ ਪਹਿਲਾਂ ਦਰਬਾਰ ਸਾਹਿਬ ‘ਤੇ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਿਹਾੜੇ ‘ਤੇ ਹਮਲਾ ਕਰਕੇ ਘੇਰਾਬੰਦੀ ਕੀਤੀ ਗਈ ਸੀ ਤਾਂ ਹਜ਼ਾਰਾਂ ਔਰਤਾਂ, ਬੱਚੇ, ਬਿਰਧ ਅਤੇ ਨੌਜਵਾਨ ਉਸ ਘੇਰਾਬੰਦੀ ਵਿੱਚ ਘਿਰ ਗਏ ਸਨ। ਕਿੰਨੇ ਉਨ੍ਹਾਂ ‘ਚੋਂ ਕਦੇ ਘਰ ਨਹੀਂ ਪਰਤੇ? ਹਕੂਮਤ ਦੀਆਂ ਨਜ਼ਰਾਂ ਵਿੱਚ ਕਸੂਰਵਾਰ ਉੱਦੋਂ ਵੀ ਮੈਂ ਸੀ? ਕਸੂਰਵਾਰ ਹੁਣ ਵੀ ਮੈਂ ਹਾਂ? ਫਿਰ ਵੀ ਮੇਰੇ ਚੌਧਰੀ ਕਦੇ “ਮੈਂ ਹਰਜੀਤ ਸਿੰਘ ਹਾਂ” ਜਾਂ “ਮੈਂ ਮਨਜੀਤ ਸਿੰਘ ਹਾਂ” ਦੀਆਂ ਫੱਟੀਆਂ ਗਲ ‘ਚ ਪਾ ਕੇ ਤਸਵੀਰਾਂ ਖਿਚਵਾਉਂਦੇ ਹਨ। ਫੱਟੀ ਹੀ ਲਟਕਾਉਣੀ ਹੈ ਤਾਂ ਆਪਣੀ ਲਟਕਾਓ “ਮੈਂ ਪੰਜਾਬ ਹਾਂ” ਫਟੀਆਂ ਲੀਰਾਂ ‘ਚੋਂ ਸਭ ਕੁਝ ਝਾਕਦਾ ਹੈ।

- Advertisement -

ਸੰਪਰਕ : 9814002186

 

Share this Article
Leave a comment