ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਤੋਂ ਲਿਬਰਲ ਪਾਰਟੀ ਦੇ ਐਮ.ਪੀ. ਗਗਨ ਸਿਕੰਦ ਨੇ 20 ਸਤੰਬਰ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ । ਸਿਕੰਦ ਦੇ ਐਲਾਨ ਵਾਲੇ ਦਿਨ ਹੀ ਲਿਬਰਲ ਪਾਰਟੀ ਵੱਲੋਂ ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਤੋਂ ਰਿਚੀ ਵਾਲਡੇਜ਼ ਨੂੰ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ ।
ਗਗਨ ਸਿਕੰਦ ਪਿਛਲੇ ਸਾਲ ਅਕਤੂਬਰ ਤੋਂ ਮੈਡੀਕਲ ਛੁੱਟੀ ’ਤੇ ਸਨ ਅਤੇ ਸੰਭਾਵਤ ਤੌਰ ’ਤੇ ਸਿਹਤ ਕਾਰਨਾਂ ਕਰ ਕੇ ਹੀ ਚੋਣ ਨਾ ਲੜਨ ਦਾ ਫ਼ੈਸਲਾ ਲਿਆ।
ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਦੇ ਵੋਟਰਾਂ ਨੂੰ ਲਿਖੇ ਪੱਤਰ ਵਿਚ ਗਗਨ ਸਿਕੰਦ ਨੇ ਕਿਹਾ, ‘‘ਤੁਸੀਂ ਮੈਨੂੰ ਆਪਣੇ ਹਲਕੇ ਦਾ ਐਮ.ਪੀ. ਬਣਾ ਕੇ ਵੱਡਾ ਮਾਣ ਬਖਸ਼ਿਆ। ਹਾਊਸ ਆਫ਼ ਕਾਮਨਜ਼ ਦੇ ਮੈਂਬਰ ਵਜੋਂ ਕਮਿਊਨਿਟੀ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਲੰਮੀ ਸੋਚ-ਵਿਚਾਰ ਤੋਂ ਬਾਅਦ ਮੈਂ, ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਤੋਂ ਦੁਬਾਰਾ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਮਿਸੀਸਾਗਾ-ਸਟ੍ਰੀਟਸਵਿਲ ਹਮੇਸ਼ਾ ਮੇਰਾ ਘਰ ਰਹੇਗਾ ਅਤੇ ਮੈਂ ਵੱਖ-ਵੱਖ ਰੂਪ ਵਿਚ ਕਮਿਊਨਿਟੀ ਦੀ ਸੇਵਾ ਕਰਦਾ ਰਹਾਂਗਾ।’’