ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੇ ਨਿਊਜਰਸੀ ਅਤੇ ਨਿਊਯਾਰਕ ਵਿੱਚ ਤੂਫਾਨ ਇਡਾ ਕਾਰਨ ਆਏ ਹੜ੍ਹਾਂ ਦੀ ਵਜ੍ਹਾ ਨਾਲ ਭਾਰਤੀ ਮੂਲ ਦੇ 4 ਲੋਕਾਂ ਦੀ ਮੌਤ ਹੋਈ ਹੈ।
ਪੈਚ ਡਾਟ ਕਾਮ ਦੀ ਇੱਕ ਰਿਪੋਰਟ ਅਨੁਸਾਰ ਨਿਊਜਰਸੀ ਦੇ ਸਾਊਥ ਪਲੇਨਫੀਲਡ ਵਿੱਚ 36 ਇੰਚ ਦੇ ਸੀਵਰ ਪਾਈਪ ਵਿੱਚ ਡੁੱਬਣ ਤੋਂ ਬਾਅਦ ਪਿਛਲੇ ਹਫਤੇ ਐਡੀਸਨ ਦੇ 31 ਸਾਲਾਂ ਭਾਰਤੀ ਮੂਲ ਦੇ ਧਨੁਸ਼ ਰੈਡੀ ਦੀ ਮੌਤ ਹੋਈ। ਇਸ ਹਾਦਸੇ ਦੇ ਦਿਨ ਸਾਊਥ ਪਲੇਨਫੀਲਡ ਪੁਲਿਸ, ਮਿਡਲਸੇਕਸ ਕਾਉਂਟੀ ਵਾਟਰ ਰੈਸਕਿਊ ਟੀਮ ਜੋ ਕਿ ਹੈਡਲੇ ਅਤੇ ਸਟੇਲਟਨ ਰੋਡ ਦੇ ਖੇਤਰ ਵਿੱਚ ਵਾਹਨ ਚਾਲਕਾਂ ਦੀ ਸਹਾਇਤਾ ਕਰ ਰਹੇ ਸਨ ਨੂੰ ਮੱਦਦ ਲਈ ਚੀਕਾਂ ਸੁਣੀਆਂ। ਇਸ ਦੌਰਾਨ ਦੋ ਆਦਮੀ ਸੀਵਰ ਪਾਈਪ ਵਿੱਚ ਵਹਿ ਗਏ। ਇਸ ਦੌਰਾਨ ਇੱਕ ਆਦਮੀ ਨੂੰ ਬਚਾਇਆ ਗਿਆ, ਜਦਕਿ ਡੁੱਬਣ ਦੇ ਕੁੱਝ ਦਿਨ ਬਾਅਦ ਜੰਗਲ ਵਾਲੇ ਖੇਤਰ ਵਿੱਚ ਰੇਡੀ ਦੀ ਲਾਸ਼ ਮਿਲੀ।
ਇਸਦੇ ਨਾਲ ਹੀ ਚਾਰ ਲੋਕਾਂ ਦਾ ਇੱਕ ਭਾਰਤੀ ਪਰਿਵਾਰ ਹੜ੍ਹਾਂ ਦੌਰਾਨ ਕੁਈਨਜ਼ ਵਿਖੇ ਆਪਣੇ ਘਰ ਵਿੱਚ ਸੀ, ਅਤੇ ਹੜ੍ਹਾਂ ਦਾ ਪਾਣੀ ਉਹਨਾਂ ਦੇ ਘਰ ਵਿੱਚ ਭਰ ਗਿਆ। ਇਸ ਦੌਰਾਨ ਜਦ ਉਹ ਸਮਾਨ ਇਕੱਠਾ ਕਰ ਰਹੇ ਸਨ ਤਾਂ ਅਚਾਨਕ ਪਾਣੀ ਦੀ ਲਹਿਰ ਆਈ ਜਿਸ ਵਿੱਚ ਤਾਰਾ ਰਾਮਸਕਰੀਟ ਅਤੇ ਉਸਦਾ 22 ਸਾਲਾਂ ਪੁੱਤਰ ਨਿੱਕ ਡੁੱਬ ਗਏ। ਇਸਦੇ ਇਲਾਵਾ ਇੱਕ ਹੋਰ ਭਾਰਤੀ ਮੂਲ ਦੀ ਸਾਫਟਵੇਅਰ ਡਿਜ਼ਾਈਨਰ (46) ਮਾਲਤੀ ਕਾਂਚੇ, ਬੁੱਧਵਾਰ ਨੂੰ ਆਪਣੀ 15 ਸਾਲਾ ਧੀ ਦੇ ਨਾਲ ਘਰ ਜਾ ਰਹੀ ਸੀ ਅਤੇ ਉਹਨਾਂ ਦੀ ਕਾਰ ਨਿਊਜਰਸੀ ਦੇ ਬ੍ਰਿਜਵਾਟਰ ਦੇ ਰੂਟ 22 ਉੱਤੇ ਡੂੰਘੇ ਹੜ੍ਹ ਦੇ ਪਾਣੀ ਵਿੱਚ ਰੁੱਕ ਗਈ ਅਤੇ ਹੜ੍ਹਾਂ ਕਾਰਨ ਇੱਕ ਦਰੱਖਤ ਉਹਨਾਂ ਉੱਪਰ ਡਿੱਗਿਆ ਅਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਹੋਈ।
ਮੌਤਾਂ ਦੇ ਨੁਕਸਾਨ ਤੋਂ ਇਲਾਵਾ, ਤੂਫਾਨ ਇਡਾ ਨੇ ਯੂ ਐਸ ਦੇ ਉੱਤਰ -ਪੂਰਬੀ ਰਾਜਾਂ ਵਿੱਚ ਕਈ ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਵੀ ਪ੍ਰਭਾਵਤ ਕੀਤਾ ਹੈ। ਸਰਕਾਰੀ ਅਨੁਮਾਨਾਂ ਅਨੁਸਾਰ ਤੂਫਾਨ ਕਾਰਨ ਘੱਟੋ ਘੱਟ 50 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।