ਕੈਲਗਰੀ : ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਤਹਿਤ 252 ਅਫ਼ਗਾਨੀ ਰਫਿਊਜੀਆਂ ਨੂੰ ਲੈ ਕੇ ਇੱਕ ਜਹਾਜ਼ ਕੈਨੇਡਾ ਪਹੁੰਚ ਗਿਆ ਹੈ। ਕੈਲਗਰੀ ਦੇ ਏਅਰਪੋਰਟ ’ਤੇ ਪੁੱਜੇ ਇਨ੍ਹਾਂ ਅਫ਼ਗਾਨੀ ਰਫਿਊਜੀਆਂ ਦਾ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਜ਼ੋਰਦਾਰ ਸਵਾਗਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ ਕੈਨੇਡਾ ਪੁੱਜੇ ਇਨ੍ਹਾਂ 252 ਅਫ਼ਗਾਨੀ ਰਫਿਊਜੀਆਂ ਵਿੱਚ 170 ਲੋਕ ਉਹ ਹਨ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣਿਆਂ ਜਾਂਦਾ ਹੈ।
ਫੈਡਰਲ ਸਰਕਾਰ ਨੇ ਛੇ ਮਹੀਨੇ ਪਹਿਲਾਂ ਹਜ਼ਾਰਾਂ ਅਫ਼ਗਾਨ ਮਹਿਲਾ ਨੇਤਾਵਾਂ, ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਪੱਤਰਕਾਰਾਂ ਨੂੰ ਕੈਨੇਡਾ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਪਹਿਲਾ ਜਹਾਜ਼ ਕੈਨੇਡਾ ਦੀ ਧਰਤੀ ’ਤੇ ਉਤਰਿਆ ਹੈ, ਜਿਸ ਵਿੱਚ ਅਫ਼ਗਾਨਿਸਤਾਨ ਦੇ 170 ਮਨੁੱਖੀ ਅਧਿਕਾਰ ਕਾਰਕੁੰਨ, ਪੱਤਰਕਾਰ ਤੇ ਹੋਰ ਸਮਾਜਸੇਵੀ ਸ਼ਾਮਲ ਹਨ।