ਚੰਡੀਗੜ੍ਹ: ਪੰਜਾਬ ਮਨੁਖੀ ਅਧਿਕਾਰ ਸੰਗਠਨ ਨੇ ਪੰਜਾਬ ਪੁਲਿਸ ਸੰਗਰੂਰ ਵਲੋਂ ਜੀ. ਜੀ. ਐਸ. ਪਬਲਿਕ ਸਕੂਲ ਸੰਗਰੂਰ ਦੇ ਡਰਾਈਵਰ ਸ. ਈਸ਼ਰ ਸਿੰਘ ਦੇ ਘਰ ਜਾ ਕੇ, ਉਸ ਦੀ ਗੁਰਸਿਖ ਪਤਨੀ ਬੀਬੀ ਜਸਬੀਰ ਕੌਰ ਨੂੰ ਧਮਕੀਆਂ ਦੇਣ ਅਤੇ ਜਲੀਲ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਉਚ ਪੁਲਿਸ ਅਧਿਕਾਰੀ ਦੀ ਪਤਨੀ ਪਿ੍ਰੰਸੀਪਲ ਸੁਖਮੀਨ ਕੌਰ ਸਿਧੂ ਦਾ ਕਾਲਜ ਦੇ ਪ੍ਰਬੰਧਕਾਂ ਨਾਲ ਝਗੜਾ ਚਲ ਰਿਹਾ ਹੈ ਅਤੇ ਇਹ ਕੇਸ ਅਦਾਲਤ ਵਿਚ ਹੈ। ਪਰ ਇਸ ਦੇ ਬਾਵਜੂਦ ਪੁਲਿਸ ਇੰਸਪੈਕਟਰ ਦੀਪਇੰਦਰ ਸਿੰਘ ਜੇਜੀ ਅੱਜ ਸਵੇਰੇ ਸਿਵਲ ਵਰਦੀ ਵਿਚ ਬਿਨਾਂ ਕਿਸੇ ਇਸਤ੍ਰੀ ਪੁਲਿਸ ਦੇ ਸ. ਈਸ਼ਰ ਸਿੰਘ ਦੀ ਗੈਰਹਾਜਰੀ ਵਿਚ ਉਸ ਦੀ ਪਤਨੀ ਨੂੰ ਵਾਰੰਟ ਵਿਖਾਉਣ ਅਤੇ ਸਬਕ ਸਿਖਾਉਣ ਦੇ ਡਰਾਵੇ ਦੇਂਦਾ ਰਿਹਾ ਹੈ।
ਈਸ਼ਰ ਸਿੰਘ ਜੋ ਪਿਛਲੇ 14 ਸਾਲ ਤੋਂ ਸਕੂਲ ਦੇ ਕੁਆਰਟਰਾਂ ਵਿਚ ਰਹਿ ਰਹੇ ਹਨ, ਦਾ ਇਸ ਝਗੜੇ ਵਿਚ ਕੁਝ ਵੀ ਲੈਣਾ-ਦੇਣਾ ਨਹੀਂ। ਪਿ੍ਰੰਸੀਪਲ ਵਲੋਂ ਕਾਲਜ ਪ੍ਰਬੰਧਕਾਂ ਵਿਰੁਧ ਦਰਜ ਕਰਵਾਏ ਇਕ ਝੂਠੇ ਪੁਲਿਸ ਕੇਸ ਵਿਚ ਉਸ ਦਾ ਨਾਂ ਲਿਖਾਇਆ ਗਿਆ ਹੈ। ਫਿਰ ਹੁਣ ਜਦੋਂ ਕਿ ਕਾਲਜ ਪ੍ਰਬੰਧਕਾਂ ਦੀਆਂ ਅਦਾਲਤ ਵਿਚ ਅਗਾਂਊ ਜਮਾਨਤਾਂ ਹੋ ਚੁਕੀਆ ਹਨ ਤਾਂ ਈਸ਼ਰ ਸਿੰਘ ਦੇ ਘਰ ਜਾ ਕੇ ਉਸ ਦੀ ਪਤਨੀ ਨੂੰ ਧਮਕੀਆਂ ਦੇਣੀਆ ਸ਼ਰੇਆਮ ਕਾਨੂੰਨ ਦੀਆਂ ਧਜੀਆਂ ਉਡਾਉਣ ਦੀ ਕਾਰਵਾਈ ਹੈ।
ਪੰਜਾਬ ਮਨੁਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ, ਕਿ ਉਹ ਪੰਜਾਬ ਅੰਦਰ ਕਾਨੂੰਨ ਦਾ ਰਾਜ ਲਾਗੂ ਕਰੇਗੀ ਪਰ ਦੂਜੇ ਪਾਸੇ ਉਸ ਦੀ ਪੁਲਿਸ ਕਾਨੂੰਨ ਦੀ ਉਲੰਘਣਾ ਕਰ ਕੇ ਗਰੀਬ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਸੰਗਠਨ ਨੇ ਮੁਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪੁਲਿਸ ਨੂੰ ਕਾਨੂੰਨੀ ਜਾਬਤੇ ਵਿਚ ਰਖਣ।