ਨਿਊਜ਼ ਡੈਸਕ: ਪਾਕਿਸਤਾਨੀ ਅਦਾਕਾਰਾ ਹੁਮੈਰਾ ਅਸਗਰ ਅਲੀ ਦੀ ਮੌਤ ਇੱਕ ਵੱਡਾ ਰਹੱਸ ਬਣ ਗਈ ਹੈ। 32 ਸਾਲਾ ਅਦਾਕਾਰਾ ਦੀ ਮੌਤ ਦੀ ਸਹੀ ਮਿਤੀ ਸਬੰਧੀ ਹੈਰਾਨੀਜਨਕ ਖੁਲਾਸਾ ਹੋਇਆ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਸ ਦੀ ਮੌਤ 2 ਹਫਤੇ ਪਹਿਲਾਂ ਹੋਈ, ਪਰ ਜਾਂਚ ਵਿੱਚ ਡਿਜੀਟਲ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਪਤਾ ਲੱਗਿਆ ਕਿ ਹੁਮੈਰਾ ਦੀ ਮੌਤ 9 ਮਹੀਨੇ ਪਹਿਲਾਂ, ਅਕਤੂਬਰ 2024 ਵਿੱਚ ਹੋਈ ਸੀ।
ਕਰਾਚੀ ਦੇ ਇੱਤੇਹਾਦ ਕਮਰਸ਼ੀਅਲ ਖੇਤਰ ਦੇ ਇੱਕ ਫਲੈਟ ਵਿੱਚ ਮੰਗਲਵਾਰ ਨੂੰ ਹੁਮੈਰਾ ਦੀ ਸੜੀ-ਗਲੀ ਲਾਸ਼ ਮਿਲੀ। ਮਕਾਨ ਮਾਲਕ ਦੀ ਕਿਰਾਏ ਦੀ ਸ਼ਿਕਾਇਤ ’ਤੇ ਪੁਲਿਸ ਨੇ ਦਰਵਾਜ਼ਾ ਤੋੜਿਆ ਤਾਂ ਮੌਤ ਦਾ ਖੁਲਾਸਾ ਹੋਇਆ। ਕਰਾਚੀ ਪੁਲਿਸ ਸਰਜਨ ਡਾ. ਸੁਮਈਆ ਸਈਦ ਨੇ ਸ਼ੁਰੂਆਤੀ ਪੋਸਟਮਾਰਟਮ ’ਚ ਮੌਤ ਨੂੰ 1 ਮਹੀਨਾ ਪੁਰਾਣੀ ਦੱਸਿਆ ਸੀ, ਪਰ ਡਿਪਟੀ ਇੰਸਪੈਕਟਰ ਜਨਰਲ ਸਈਦ ਅਸਦ ਰਜ਼ਾ ਨੇ ਹੁਣ ਪੁਸ਼ਟੀ ਕੀਤੀ ਕਿ ਮੌਤ 9 ਮਹੀਨੇ ਪਹਿਲਾਂ ਹੋਈ। ਕਾਲ ਰਿਕਾਰਡਾਂ ਮੁਤਾਬਕ, ਹੁਮੈਰਾ ਦਾ ਫ਼ੋਨ ਆਖਰੀ ਵਾਰ ਅਕਤੂਬਰ 2024 ’ਚ ਵਰਤਿਆ ਗਿਆ। ਸੋਸ਼ਲ ਮੀਡੀਆ ’ਤੇ ਉਸ ਦੀ ਆਖਰੀ ਫੇਸਬੁੱਕ ਪੋਸਟ 11 ਸਤੰਬਰ ਅਤੇ ਇੰਸਟਾਗ੍ਰਾਮ ਪੋਸਟ 30 ਸਤੰਬਰ 2024 ਦੀ ਸੀ। ਗੁਆਂਢੀਆਂ ਨੇ ਵੀ ਉਸ ਨੂੰ ਆਖਰੀ ਵਾਰ ਸਤੰਬਰ-ਅਕਤੂਬਰ ’ਚ ਦੇਖਿਆ ਸੀ।
ਫਲੈਟ ’ਚ ਜੰਗਾਲ ਲੱਗੇ ਭਾਂਡੇ, ਗਲਿਆ ਭੋਜਨ, ਸੁੱਕੀਆਂ ਪਾਈਪਾਂ ਅਤੇ ਮਿਆਦ ਪੁੱਗੇ ਖਾਣ-ਪੀਣ ਦੀਆਂ ਵਸਤਾਂ ਮਿਲੀਆਂ। ਅਕਤੂਬਰ 2024 ’ਚ ਬਿਜਲੀ ਕੱਟਣ ਤੋਂ ਬਾਅਦ ਫਲੈਟ ’ਚ ਮੋਮਬੱਤੀ ਵੀ ਨਹੀਂ ਸੀ। ਉਸ ਮੰਜ਼ਿਲ ’ਤੇ ਸਿਰਫ਼ ਇੱਕ ਹੋਰ ਫਲੈਟ ਸੀ, ਜੋ ਖਾਲੀ ਸੀ, ਜਿਸ ਕਾਰਨ ਮੌਤ ਦੀ ਖਬਰ ਪਹਿਲਾਂ ਨਹੀਂ ਪਤਾ ਲੱਗੀ। ਬਾਲਕੋਨੀ ਦਾ ਇੱਕ ਦਰਵਾਜ਼ਾ ਖੁੱਲ੍ਹਾ ਸੀ, ਜਿਸ ਨਾਲ ਬਦਬੂ ਘੱਟ ਫੈਲੀ।
ਹੁਮੈਰਾ ਦੇ ਭਰਾ ਨਵੀਦ ਅਸਗਰ ਨੇ ਲਾਸ਼ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ। ਉਸ ਨੇ ਦੱਸਿਆ ਕਿ ਹੁਮੈਰਾ 7 ਸਾਲ ਪਹਿਲਾਂ ਲਾਹੌਰ ਤੋਂ ਕਰਾਚੀ ਸ਼ਿਫਟ ਹੋਈ ਸੀ ਅਤੇ ਪਰਿਵਾਰ ਤੋਂ ਵੱਖ ਸੀ। ਉਹ ਮਹੀਨੇ ’ਚ ਇੱਕ ਵਾਰ ਘਰ ਆਉਂਦੀ ਸੀ, ਪਰ ਪਿਛਲੇ 18 ਮਹੀਨਿਆਂ ਤੋਂ ਪਰਿਵਾਰ ਨਾਲ ਨਹੀਂ ਮਿਲੀ। ਨਵੀਦ ਨੇ ਮੀਡੀਆ ’ਤੇ ਸਵਾਲ ਉਠਾਏ, ਪੁੱਛਿਆ ਕਿ ਮਕਾਨ ਮਾਲਕ ਦਾ ਇੰਟਰਵਿਊ ਕਿਉਂ ਨਹੀਂ ਲਿਆ ਗਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।