ਮਨਪ੍ਰੀਤ ਬਾਦਲ ਅਤੇ ਸੁਖਬੀਰ ਦੀ ਜੱਫੀ

Global Team
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਚਰਚਿਤ ਬਾਦਲ ਪਰਿਵਾਰ ਦੇ ਚੋਟੀ ਦੇ ਆਗੂਆਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁੜ ਜੱਫੀ ਪੈ ਗਈ ਹੈ। ਕਿਹਾ ਜਾਂਦਾ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਮਨਪ੍ਰੀਤ ਬਾਦਲ ਨੇ ਸ.ਬਾਦਲ ਕੋਲ ਸਾਫ ਕਰ ਦਿੱਤਾ ਸੀ ਕਿ ਉਹ ਪਰਿਵਾਰ ਦੇ ਤੌਰ ਉੱਪਰ ਇੱਕੋ ਪਰਿਵਾਰ ਵਜੋਂ ਨਾਲ ਖੜੇ ਹਨ। ਪੰਜਾਬ ਦੀ ਰਾਜਨੀਤੀ ਵਿਚ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਰਾਵਾਂ ਦੀ ਜੋੜੀ ਬਹੁਤ ਚਰਚਾ ਵਿੱਚ ਰਹੀ ਹੈ। ਬੇਸ਼ੱਕ ਦਾਸ (ਗੁਰਦਾਸ ਬਾਦਲ ਦਾ ਪੰਜਾਬੀਆਂ ਵਿਚ ਪ੍ਰਚਲਿਤ ਨਾਂ) ਕੁਝ ਮੌਕਿਆਂ ਨੂੰ ਛੱਡ ਕੇ ਰਾਜਨੀਤੀ ਵਿੱਚ ਵਧੇਰੇ ਸਰਗਰਮ ਨਹੀਂ ਰਹੇ ਸਨ ਪਰ ਮੰਨਿਆ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਰਾਜਨੀਤੀ ਦਾ ਥੰਮ ਬਣਾਉਣ ਲਈ ਦਾਸ ਦਾ ਤਕੜਾ ਯੋਗਦਾਨ ਰਿਹਾ ਸੀ। ਚਾਹੇ ਮੱਤਭੇਦਾਂ ਕਾਰਨ ਮਨਪ੍ਰੀਤ ਬਾਦਲ ਵਿੱਤ ਮੰਤਰੀ ਵਜੋਂ ਅਸਤੀਫਾ ਦੇ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅਲਵਿਦਾ ਆਖ ਗਏ ਸਨ ਪਰ ਔਖੀਆਂ ਪਰਿਵਾਰਕ ਸਥਿਤੀਆਂ ਦੇ ਬਾਵਜੂਦ ਦਾਸ ਅਤੇ ਪ੍ਰਕਾਸ਼ ਦੇ ਭਰਾਵਾਂ ਵਾਲੇ ਰਿਸ਼ਤਿਆਂ ਦਾ ਖੂਨ ਪਤਲਾ ਨਹੀਂ ਪਿਆ।

ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਪਰਿਵਾਰਾਂ ਦੇ ਦੁੱਖ ਮੌਕੇ ਇਕ ਦੂਜੇ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗਿਆ।ਪ੍ਰਕਾਸ਼ ਸਿੰਘ ਬਾਦਲ ਬਾਰੇ ਜਦੋਂ ਮੌਕਾ ਬਣਿਆ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ ਵਿੱਚ ਖੁੱਲ ਕੇ ਤਾਰੀਫ ਕੀਤੀ। ਇਹ ਝਲਕ ਬਠਿੰਡਾ ਨਗਰ ਨਿਗਮ ਦੇ ਚੇਅਰਮੈਨ ਦੀ ਚੋਣ ਮੌਕੇ ਵੀ ਨਜ਼ਰ ਆਈ। ਸਭ ਤੋਂ ਤਾਜਾ ਮਿਸਾਲ ਪਿਛਲੇ ਦਿਨੀਂ 8 ਦਸੰਬਰ ਨੂੰ  ਬਾਦਲ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਦੀ ਹੈ। ਉਸ ਦਿਨ ਚੌਧਰੀ ਦੇਵੀ ਲਾਲ ਦੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਲਾਇਆ ਗਿਆ। ਮੀਡੀਆ ਵਿੱਚ ਦੋਹਾਂ ਮਰਹੂਮ ਆਗੂਆਂ ਦੀ ਦੋਸਤੀ ਅਤੇ ਰਾਜਸੀ ਸਾਂਝ ਦੀ ਬਹੁਤ ਗੱਲ ਕੀਤੀ ਗਈ। ਇਹ ਸ਼ਾਇਦ ਕੈਮਰੇ ਦੀ ਅੱਖ ਫੜ ਨਾਂ ਸਕੀ ਕਿ ਉਨਾਂ ਬੁੱਤਾਂ ਦੀ ਦੋਸਤੀ ਦੇ ਪਰਛਾਂਵੇ ਹੇਠ ਇੱਕੋ ਪਰਿਵਾਰ ਦੇ ਦੋ ਕੱਦਾਵਰ ਆਗੂਆਂ ਦੀ ਦੋਸਤੀ ਦੇ ਪੌਦੇ ਦੀ ਵੀ ਝਲਕ ਸਾਫ ਨਜ਼ਰ ਆ ਰਹੀ ਹੈ ਪਰ ਕੈਮਰੇ ਦੀ ਕਾਲੀ ਅੱਖ ਦੀ ਮਜਬੂਰੀ ਹੈ ਕਿ ਜੋ ਕੇਵਲ ਦਿਖਦਾ ਹੈ, ਉਸੇ ਨੂੰ ਵਿਖਾ ਸਕਦੀ ਹੈ! ਕਾਹਲੀ ਨਾਲ ਘੱਟ ਰਹੀਆਂ ਘਟਨਾਵਾਂ ਨੂੰ ਫੜਨ ਵਾਲੀ ਅੱਖ ਕਿਸੇ ਅੰਦਰਲੀ ਸੂਖਮ ਰਮਜ ਨੂੰ ਪਾ ਲੈਣ ਤੋਂ ਅਸਮਰੱਥ ਹੁੰਦੀ ਹੈ। ਕੇਵਲ ਇਕ ਲਾਈਨ ਵਿੱਚ ਕਿਹਾ ਜਾ ਸਕਦਾ ਹੈ ਕਿ ਉਸ ਮੌਕੇ ਜਿਸ ਮੂਡ ਨਾਲ ਮਨਪ੍ਰੀਤ ਬਾਦਲ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ ਉਸ ਬਾਰੇ ਪੂਰਾ ਹੋਰ ਇੱਕ ਲੇਖ ਲਿਖਿਆ ਜਾ ਸਕਦਾ ਹੈ ਪਰ ਮੈਂ ਤੁਹਾਨੂੰ ਇਕ ਲਾਈਨ ਵਿੱਚ ਸਮਾਪਤੀ ਦਾ ਵਾਅਦਾ ਕਰ ਚੁੱਕਾ ਹਾਂ।

ਸੰਪਰਕ: 9814002186

Share This Article
Leave a Comment