ਚੰਡੀਗੜ੍ਹ: ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਵੱਲੋਂ ਕਰਵਾਈ ਜਾ ਰਹੀ ਕਾਮਨ ਏਲੀਜੀਬਿਲਟੀ ਟੈਸਟ (CET) ਪ੍ਰੀਖਿਆ ਸ਼ਨੀਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋਈ।
ਪ੍ਰੀਖਿਆ ਕੇਂਦਰਾਂ ’ਤੇ ਸਖ਼ਤ ਨਿਗਰਾਨੀ
ਸਵੇਰੇ 9:15 ਵਜੇ ਤੋਂ ਬਾਅਦ ਪ੍ਰੀਖਿਆ ਕੇਂਦਰਾਂ ’ਚ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ। ਵਿਆਹੁਤਾ ਔਰਤਾਂ ਨੂੰ ਮੰਗਲਸੂਤਰ ਅਤੇ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਛੋਟੀ ਕਿਰਪਾਨ ਨਾਲ ਜਾਣ ਦੀ ਇਜਾਜ਼ਤ ਸੀ, ਪਰ ਪੂਰੀ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਚੰਡੀਗੜ੍ਹ ਪੁਲਿਸ ਅਤੇ ਨਿਯੁਕਤ ਏਜੰਸੀ ਨੇ ਮੁੱਖ ਗੇਟ ’ਤੇ ਸਖ਼ਤ ਤਲਾਸ਼ੀ ਲਈ, ਜਿਸ ’ਚ ਉਮੀਦਵਾਰਾਂ ਦੇ ਜੁੱਤੇ ਵੀ ਉਤਾਰ ਕੇ ਜਾਂਚੇ ਗਏ।
ਉਮੀਦਵਾਰਾਂ ਦੀ ਸਹੂਲਤ ਲਈ ਸ਼ਟਲ ਬੱਸਾਂ
ਸਰਕਾਰ ਨੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਪ੍ਰਾਈਵੇਟ ਬੱਸਾਂ ਦਾ ਪ੍ਰਬੰਧ ਕੀਤਾ, ਜੋ ਉਨ੍ਹਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਛੱਡਣ ਦਾ ਕੰਮ ਕਰ ਰਹੀਆਂ ਹਨ। ਇਹ ਪ੍ਰੀਖਿਆ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਦਿਨਾਂ ਤੱਕ ਚੱਲੇਗੀ।
350 ਸ਼ਟਲ ਬੱਸਾਂ ਦਾ ਪ੍ਰਬੰਧ
ਚੰਡੀਗੜ੍ਹ ’ਚ CET ਲਈ 153 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਹਰ ਸ਼ਿਫਟ ’ਚ ਲਗਭਗ 37 ਹਜ਼ਾਰ ਉਮੀਦਵਾਰ ਪ੍ਰੀਖਿਆ ਦੇਣਗੇ। ਜ਼ਿਆਦਾਤਰ ਪ੍ਰੀਖਿਆਰਥੀ ਹਰਿਆਣਾ ਦੇ 5 ਜ਼ਿਲ੍ਹਿਆਂ ਤੋਂ ਆ ਰਹੇ ਹਨ। ਉਮੀਦਵਾਰਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਵੱਲੋਂ ਸੈਕਟਰ 34 ਦੇ ਐਗਜ਼ੀਬਿਸ਼ਨ ਗਰਾਊਂਡ ਅਤੇ ਸੈਕਟਰ 17 ਦੇ ਦਸਹਿਰਾ ਗਰਾਊਂਡ ਤੋਂ ਲਗਭਗ 350 ਸ਼ਟਲ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਸੁਰੱਖਿਆ ਅਤੇ ਸਹੂਲਤਾਂ ਦੇ ਪੁਖਤਾ ਇੰਤਜ਼ਾਮ
ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਰੇ ਕੇਂਦਰਾਂ ਦੀ ਪੂਰੀ ਜਾਂਚ ਕੀਤੀ ਗਈ ਤਾਂ ਜੋ ਪ੍ਰੀਖਿਆ ਦਾ ਮਾਹੌਲ ਸੁਰੱਖਿਅਤ ਰਹੇ। 39 ਸਪੈਸ਼ਲ ਡਿਊਟੀ ਅਫਸਰ ਨਿਯੁਕਤ ਕੀਤੇ ਗਏ ਹਨ, ਜੋ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ ਅਤੇ ਗੁਪਤਤਾ ਨੂੰ ਯਕੀਨੀ ਬਣਾਉਣਗੇ। ਹਰ ਕੇਂਦਰ ’ਤੇ ਪੀਣ ਵਾਲਾ ਪਾਣੀ, ਬਿਜਲੀ, ਮੈਡੀਕਲ ਸਹੂਲਤਾਂ ਅਤੇ ਦਿਸ਼ਾ-ਸੂਚਕ ਬੋਰਡ ਮੁਹੱਈਆ ਕਰਵਾਏ ਗਏ ਹਨ।
ਪ੍ਰੀਖਿਆ ਦਾ ਸਮਾਂ
ਸਵੇਰ ਦੀ ਸ਼ਿਫਟ: ਸਵੇਰੇ 10:00 ਵਜੇ ਤੋਂ 11:45 ਵਜੇ ਤੱਕ
ਦੁਪਹਿਰ ਦੀ ਸ਼ਿਫਟ: ਦੁਪਹਿਰ 3:15 ਵਜੇ ਤੋਂ 5:00 ਵਜੇ ਤੱਕ