ਕਿਵੇਂ ਬਣਾਈਏ ਘਰੇਲੂ ਖਾਣੇ ਨੂੰ ਪੌਸ਼ਟਿਕ

TeamGlobalPunjab
2 Min Read

-ਅਸ਼ਵਨੀ ਚਤਰਥ

ਅਜੋਕੇ ਸਮੇਂ ਵਿੱਚ ਬਾਜ਼ਾਰ ਦਾ ਖਾਣਾ ਇੱਕ ਰਿਵਾਜ਼ ਬਣ ਗਿਆ ਹੈ। ਪੀਜ਼ਾ, ਬਰਗਰ ਅਤੇ ਛੋਲੇ ਭਟੂਰੇ ਆਦਿ ਸੁਆਦ ਤਾਂ ਜ਼ਰੂਰ ਲਗਦੇ ਹਨ ਪਰ ਇਹ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵੀ ਲੈ ਕੇ ਆਉਂਦੇ ਹਨ। ਬਾਜ਼ਾਰ ਵਿੱਚ ਮਿਲਦੇ ਇਹ ਭੋਜਨ ਆਮ ਤੌਰ ‘ਤੇ ਮੈਦਾ ਆਦਿ ਤੋਂ ਬਣਦੇ ਹਨ ਅਤੇ ਤੇਲ ਘਿਉ ਨਾਲ ਭਰਪੂਰ ਹੁੰਦੇ ਹਨ। ਜਿਸ ਕਾਰਨ ਇਹ ਮੋਟਾਪਾ ਤਾਂ ਕਰਦੇ ਹੀ ਹਨ ਪਰ ਪੌਸ਼ਟਿਕ ਤੱਤਾਂ ਦੀ ਪੂਰਤੀ ਨਹੀਂ ਕਰਦੇ। ਇਨ੍ਹਾਂ ਨੂੰ ਤਿਆਰ ਕਰਨ ਸਮੇਂ ਸਾਫ-ਸਫਾਈ ਦਾ ਧਿਆਨ ਵੀ ਘੱਟ ਹੀ ਰੱਖਿਆ ਜਾਂਦਾ ਹੈ, ਜਿਸ ਕਾਰਨ ਪੇਟ ਖਰਾਬ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਮਾਰਕੀਟ ਦਾ ਖਾਣਾ ਤਿਆਰ ਕਰਨ ਲਈ ਅਕਸਰ ਇੱਕੋਂ ਹੀ ਤੇਲ ਨੂੰ ਗਰਮ ਕਰਕੇ ਕਈ ਵਾਰ ਵਰਤ ਲਿਆ ਜਾਂਦਾ ਹੈ। ਜਿਸ ਨਾਲ ਉਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਅਨੇਕਾਂ ਜ਼ਹਿਰੀਲੇ ਪਦਾਰਥ ਜਿਵੇਂ ਟਰਾਂਸ ਫੈਟ ਅਤੇ ਫ੍ਰੀ ਰੈਡੀਕਲ ਪੈਦਾ ਹੋ ਜਾਂਦੇ ਹਨ, ਜੋ ਬੀ.ਪੀ. (ਖੂਨ ਦਾ ਦਬਾਅ) ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੇ ਹਨ।

ਮਾਹਿਰ ਦੱਸਦੇ ਹਨ ਕਿ ਇੱਕ ਸੁਘੜ ਗ੍ਰਹਿਣੀ ਕੁਝ ਢੰਗ ਤਰੀਕੇ ਅਪਣਾ ਕੇ ਘਰ ਦੇ ਖਾਣੇ ਨੂੰ ਪੌਸ਼ਟਿਕ ਬਣਾ ਸਕਦੀ ਹੈ ਜਿਵੇਂ ਕਿ ਘਰ ਦੇ ਸਾਬਤ ਕਣਕ ਦੇ ਆਟੇ ਦੀ ਵਰਤੋਂ ਕਰਨਾ। ਇਸ ਆਟੇ ਵਿੱਚ ਵਿਟਾਮਿਨ ਬੀ, ਲੋਹ ਤੱਤ, ਜਿੰਕ ਅਤੇ ਮੈਗਨੀਸ਼ੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ, ਇਸ ਆਟੇ ਵਿੱਚ ਭਰਪੂਰ ਰੇਸ਼ੇ ਵੀ ਹੁੰਦੇ ਹਨ ਜੋ ਸਰੀਰ ਦੀ ਸਾਫ-ਸਫਾਈ ਵਿੱਚ ਸਹਾਈ ਹੁੰਦੇ ਹਨ। ਹੋ ਸਕੇ ਤਾਂ ਆਟੇ ਨੂੰ ਤਾਜਾ ਗੁੰਨ ਕੇ ਹੀ ਪਕਾਇਆ ਜਾਵੇ।

- Advertisement -

ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਹੀ ਧੋ ਲਿਆ ਜਾਵੇ, ਕੱਟ ਕੇ ਧੋਣ ਨਾਲ ਉਨ੍ਹਾਂ ਦੇ ਪੋਸ਼ਟਿਕ ਤੱਤ ਨਿਕਲ ਜਾਂਦੇ ਹਨ। ਸਬਜ਼ੀਆਂ ਨੂੰ ਜਿਆਦਾ ਸਮੇਂ ਵਾਸਤੇ ਅਤੇ ਬਹੁਤ ਗਰਮ ਤੇਲ ਵਿੱਚ ਨਾ ਤਲਿਆ ਜਾਵੇ। ਖਾਣੇ ਵਿੱਚ ਸਲਾਦ ਦੇ ਰੂਪ ਵਿੱਚ ਗਾਜਰਾਂ, ਮੂਲੀ ਅਤੇ ਖੀਰੇ ਆਦਿ ਦੀ ਵਧੇਰੇ ਵਰਤੋਂ ਕੀਤੀ ਜਾਵੇ। ਜੇਕਰ ਹੋ ਸਕੇ ਤਾਂ ਤਾਜੇ ਸਬਜੀਆਂ ਅਤੇ ਫਲਾਂ ਦੀ ਵਰਤੋਂ ਹੀ ਕੀਤੀ ਜਾਵੇ। ਪ੍ਰੋਟੀਨ ਦੀ ਸਹੀ ਮਾਤਰਾ ਲੈਣ ਲਈ ਦਾਲਾਂ, ਬੀਨਜ, ਮਟਰ, ਪਨੀਰ ਅਤੇ ਮੁੰਗਫਲੀ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਅੰਤ ਵਿੱਚ ਸਹੀ ਮਾਤਰਾ ਵਿੱਚ ਸਾਫ-ਸੁਥਰਾ ਪਾਣੀ ਪੀਣਾ ਵੀ ਸਰੀਰ ਲਈ ਲਾਹੇਵੰਦ ਹੈ।

Share this Article
Leave a comment