-ਅਵਤਾਰ ਸਿੰਘ
ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਸੱਤਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 20 ਹੇਠ ਆ ਚੁੱਕੇ ਪਿੰਡ ਖੇੜੀ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ।
ਖੇੜੀ ਨੂੰ ਖੇੜੀ ਮਾਨਾਂ ਦੀ ਵੀ ਕਹਿੰਦੇ ਸੀ। ਪੁਆਧ ਇਲਾਕੇ ਦੇ ਇਸ ਪਿੰਡ ਨੂੰ ਚੰਡੀਗੜ੍ਹ ਵਸਾਉਣ ਸਮੇਂ ਪਹਿਲੇ ਉਠਾਲੇ ਦੌਰਾਨ ਉਠਾਏ 17 ਪਿੰਡਾਂ ਦੇ ਨਾਲ ਉਠਾਇਆ ਗਿਆ। ਚੰਡੀਗੜ੍ਹ ਵਸਾਉਣ ਸਮੇਂ ਸਭ ਤੋਂ ਪਹਿਲਾਂ ਚਾਰ ਪਿੰਡ ਢਾਹੇ ਗਏ ਪਹਿਲਾ ਨਗਲਾ, ਦੂਜਾ ਰੁੜਕੀ ਪੜਾਓ, ਤੀਜਾ ਕਾਲੀਬੜ ਅਤੇ ਚੌਥਾ ਖੇੜੀ। ਉਸ ਤੋਂ ਮਗਰੋਂ ਇੱਕ ਇੱਕ ਕਰਕੇ ਅੱਗੇ ਪਿੰਡ ਉਜੜਦੇ ਗਏ ਅਤੇ ਲੋਕ ਦੇਖਦੇ ਰਹੇ। ਹੌਲੀ ਹੌਲੀ ਇਹਨਾਂ ਪਿੰਡਾਂ ਉਤੇ ਸੈਕਟਰ ਕੱਟੇ ਗਏ।
*ਖੇੜੀ ਪਿੰਡ ਉਤੇ ਇਸ ਸਮੇਂ ਸੈਕਟਰ 20-ਸੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੇਕਟਰ 33-ਬੀ ਅਤੇ 32-ਏ ਦਾ ਕੁੱਝ ਹਿੱਸਾ ਵੀ ਖੇੜੀ ਉਤੇ ਬਣਿਆ ਹੋਇਆ ਹੈ। ਦੱਖਣ ਮਾਰਗ ਤੇ ਸੈਕਟਰ 20-30/32-33 ਵਾਲੇ ਗੋਲ ਚੌਂਕ ਕੋਲ ਗੁਰਦੁਆਰਾ ਕਲਗੀਧਰ ਖੇੜ੍ਹੀ ਸੈਕਟਰ 20-ਸੀ ਅੱਜ ਵੀ ਖੇੜੀ ਪਿੰਡ ਦੀ ਯਾਦ ਦਿਵਾਉਂਦਾ ਹੈ। ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਸ਼ਾਬਾਸ਼ ਦੀ ਹੱਕਦਾਰ ਹੈ ਜਿਸ ਨੇ ਪਿੰਡ ਦਾ ਨਾਮ ਮਿਟਣ ਨਹੀਂ ਦਿੱਤਾ ਜਦੋਂ ਕਿ ਕਾਲੀਵੜ ਅਤੇ ਕੈਲੜ ਪਿੰਡਾਂ ਦੇ ਗੁਰਦੁਆਰਾ ਸਾਹਿਬ ਉਤੇ ਮੌਜੂਦਾ ਕਮੇਟੀਆਂ ਨੇ ਪਿੰਡਾਂ ਦੇ ਨਾਮ ਉਤੇ ਪੋਚਾ ਮਾਰ ਦਿੱਤਾ ਹੈ। ਖੇੜੀ ਪਿੰਡ ਦੀ ਗੁੱਗਾ ਮਾੜੀ ਅੱਜ ਵੀ ਮੌਜੂਦ ਹੈ।
*ਖੇੜੀ ਪਿੰਡ ਦੀ ਜਮੀਨ 4500 ਬਿੱਘੇ ਸੀ ਅਤੇ ਲਗਭਗ 300 ਦੀ ਅਬਾਦੀ ਵਾਲੇ ਇਸ ਪਿੰਡ ਵਿੱਚ 60 ਕੁ ਘਰ ਹੁੰਦੇ ਸਨ। ਪਿੰਡ ਦੀ ਜਮੀਨ ਵਧੀਆ ਉਪਜ ਦਿੰਦੀ ਸੀ। ਇਸ ਪਿੰਡ ਵਿੱਚ ਤਿੰਨ ਪੱਤੀਆਂ ਸਨ ਇੱਕ ਮਾਨਾਂ ਦੀ ਪੱਤੀ, ਦੂਜੀ ਹੀਰਾਂ ਦੀ ਪੱਤੀ ਅਤੇ ਤੀਜੀ ਗੋਤਰਾਂ ਦੀ ਪੱਤੀ ਸੀ। ਇਹਨਾਂ ਤਿੰਨਾਂ ਪੱਤੀਆਂ ਵਿੱਚ ਪੀਣ ਵਾਲੇ ਪਾਣੀ ਲਈ ਤਿੰਨ ਖੂਹ ਲੱਗੇ ਹੋਏ ਸਨ। ਪਿੰਡ ਦੇ ਲੋਕ ਆਪਸੀ ਪਰੇਮ ਪਿਆਰ ਨਾਲ ਰਹਿੰਦੇ ਸੀ। ਇਸ ਪਿੰਡ ਦਾ ਟੋਬਾ ਚਾਰ ਕਿੱਲਿਆਂ ਵਿੱਚ ਸੀ ਜਿਸ ਵਿੱਚ ਪੌੜੀਆਂ ਵਾਲੇ ਤਿੰਨ ਪੱਕੇ ਘਾਟ ਬਣੇ ਹੋਏ ਸਨ। ਟੋਭੇ ਦੀਆਂ ਪਾਲ੍ਹਾਂ ਤੇ ਪਿੱਪਲ ਬਰੋਟੇ ਖੜੇ ਸਨ ਜਿਥੇ ਪਿੰਡ ਦੀਆਂ ਸੱਥਾਂ ਜੁੜਦੀਆਂ ਸਨ। ਸਾਊਣ ਮਹੀਨੇ ਵਿੱਚ ਕੁੜੀਆਂ ਪੀਂਘਾਂ ਝੂਟਦੀਆਂ ਸਨ।
* ਖੇੜੀ ਪਿੰਡ ਦੇ ਪਿੱਪਲ ਅਤੇ ਬਰੋਟੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਸੱਜੇ ਹੱਥੇ ਸ਼ੋਅਰੂਮਾਂ ਦੇ ਪਿੱਛੇ ਬਣੇ ਸਰਕਾਰੀ ਮਕਾਨਾਂ ਵਿੱਚ ਖੜੇ ਦੇਖੇ ਜਾ ਸਕਦੇ ਹਨ। ਇੱਕ ਬਰੋਟੇ ਦੇ ਥੱਲੇ ਭਗਵਾਨ ਬਾਲਮੀਕ ਦਾ ਮੰਦਰ ਅਤੇ ਦੂਜੇ ਹੇਠ ਕੋਈ ਹੋਰ ਅਸਥਾਨ ਬਣਿਆ ਹੋਇਆ ਹੈ। ਇੱਕ ਹੋਰ ਪਿੱਪਲ ਬਰੋਟਾ ਪੈਟਰੋਲ ਪੰਪ ਦੇ ਪਿਛੇ ਬਿਜਲੀ ਸ਼ਿਕਾਇਤ ਘਰ ਵਿੱਚ ਖੜਾ ਹੈ। ਸੈਕਟਰ 20-ਸੀ ਦੀ ਮਾਰਕੀਟ ਤੋਂ ਪਿਛੇ ਨੂੰ ਜਾਂਦੀ ਸੜਕ ਕਿਨਾਰੇ ਸਰਕਾਰੀ ਮਕਾਨ ਮੂਹਰੇ ਖੜਾ ਪਿੱਪਲ ਖੇੜੀ ਪਿੰਡ ਦਾ ਹੈ। ਸੈਕਟਰ 20ਬੀ ਅਤੇ 20ਸੀ ਦੇ ਸਰਕਾਰੀ ਮਕਾਨਾਂ ਵਿੱਚ ਬਹੁਤ ਸਾਰੇ ਪੁਰਾਣੇ ਪਿੱਪਲ ਅਤੇ ਅੰਬ ਖੜੇ ਹਨ ਜੋ ਖੇੜੀ ਪਿੰਡ ਦੇ ਲੋਕਾਂ ਵੱਲੋਂ ਲਗਾਏ ਗਏ ਸਨ। ਸੈਕਟਰ 20-ਸੀ ਵਿੱਚ ਗਿਆਨਦੀਪ ਸਕੂਲ ਵਿੱਚ ਖੜੇ ਅੰਬ ਅਤੇ ਉਸ ਦੇ ਸਾਹਮਣੇ ਪਾਰਕ ਵਿੱਚ ਪਿੱਪਲ ਨਿੰਮ ਅਤੇ ਅੱਠ ਦਸ ਅੰਬਾਂ ਦੇ ਬਾਗ ਦਾ ਝੂਰਮਟ ਵੀ ਖੇੜੀ ਪਿੰਡ ਦਾ ਹੈ, ਜਿਥੇ ਇੱਕ ਸਾਧੂ ਬਿਰਤੀ ਦਾ ਮਾਲਕ ਬਜੁਰਗ ਬਾਬਾ ਕੁਟੀਆ ਬਣਾ ਕੇ ਰਹਿ ਰਿਹਾ ਹੈ। ਪ੍ਰੰਤੂ ਉਸ ਬਾਬੇ ਨੂੰ ਖੇੜੀ ਪਿੰਡ ਬਾਰੇ ਕੁੱਝ ਨਹੀਂ ਪਤਾ ਬੱਸ ਉਹ ਇਸ਼ਾਰੇ ਨਾਲ ਇਹੀ ਦੱਸਦਾ ਹੈ ਕਿ ਇਥੇ ਸੜਕ ਹੁੰਦੀ ਸੀ। ਉਸ ਦੇ ਇਸ਼ਾਰੇ ਤੋਂ ਇਹ ਜਾਪਦਾ ਹੈ ਕਿ ਖੇੜੀ ਪਿੰਡ ਤੋਂ ਫਤਿਹਗੜ ਮਾਦੜੇ (ਹੁਣ ਸੈਕਟਰ 34) ਅਤੇ ਗੁਰਦਾਸਪੁਰਾ (ਹੁਣ ਸੈਕਟਰ 28) ਨੂੰ ਰਾਹ ਜਾਂਦਾ ਹੁੰਦਾ ਸੀ। ਖੇੜੀ ਪਿੰਡ ਨਗਲਾ, ਰੁੜਕੀ, ਫਤਿਹਗੜ੍ਹ, ਮਾਦੜੇ, ਕੰਥਾਲਾ ਅਤੇ ਗੁਰਦਾਸਪੁਰਾ ਦੇ ਵਿਚਕਾਰ ਸੀ।
*ਖੇੜੀ ਪਿੰਡ ਦੇ ਤਿੰਨ ਸਕੇ ਭਰਾ ਵਰਿਆਮ ਸਿੰਘ, ਹਰੀ ਸਿੰਘ ਅਤੇ ਸੰਤਾ ਸਿੰਘ ਫੌਜ ਵਿੱਚ ਸਨ, ਜਿਹਨਾਂ ਦਾ ਇਲਾਕੇ ਵਿੱਚ ਚੰਗਾ ਨਾਮ ਸੀ। ਨੰਬਰਦਾਰ ਤੇਜਾ ਸਿੰਘ, ਨੰਬਰਦਾਰ ਬਖਸ਼ੀਸ਼ ਸਿੰਘ, ਪੂਰਨ ਸਿੰਘ ਅਤੇ ਸਰਬਣ ਸਿੰਘ ਪਿੰਡ ਦੇ ਮੋਹਤਬਰ ਸਨ। ਖੇੜੀ ਪਿੰਡ ਦੇ ਇਹਨਾਂ ਲੋਕਾਂ ਨੇ ਬੜਾ ਜੋਰ ਲਾਇਆ ਕਿ ਉਹਨਾਂ ਦਾ ਪਿੰਡ ਨਾ ਉਜੜੇ ਪ੍ਰੰਤੂ ਉਹਨਾਂ ਦੀ ਪੇਸ਼ ਨਾ ਗਈ। ਉਹਨਾਂ ਦੇ ਦੇਖਦੇ ਦੇਖਦੇ ਸਭ ਕੁੱਝ ਢਹਿ ਢੇਰੀ ਹੋ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਇੱਧਰ ਉਧਰ ਵਸੇਵਾ ਕਰਨ ਲਈ ਮਜਬੂਰ ਹੋਣਾ ਪਿਆ।
*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਖੇੜੀ ਪਿੰਡ ਦੀ ਯਾਦ ਵਿੱਚ ਸੈਕਟਰ 20-30-32-33 ਵਾਲੇ ਗੋਲ ਚੌਂਕ ਦਾ ਨਾਮ ਖੇੜੀ ਚੌਂਕ ਅਤੇ ਸੈਕਟਰ 20-30 ਨੂੰ ਵੰਡਦੀ ਸੜਕ ਦਾ ਨਾਂ ਖੇੜੀ ਰੋਡ ਰੱਖਣਾ ਦਾ ਫੈਸਲਾ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਰਹੇ।
ਲੇਖਕ: ਮਲਕੀਤ ਸਿੰਘ ਔਜਲਾ
ਪਿੰਡ ਮੁੱਲਾਂਪੁਰ ਗਰੀਬਦਾਸ (ਨੇੜੇ ਚੰਡੀਗੜ੍ਹ)
ਮੋਬਾਈਲ: 9914992424