ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-15) ਪਿੰਡ ਫਤਹਿਗੜ੍ਹ ਮਾਦੜਿਆਂ, (ਹੁਣ ਸੈਕਟਰ 34, ਚੰਡੀਗੜ੍ਹ)

TeamGlobalPunjab
7 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਚੌਦਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 34 ਹੇਠ ਆ ਚੁੱਕੇ ਪਿੰਡ ਫਤਹਿਗੜ੍ਹ ਮਾਦੜਿਆਂ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜੋ ਕਿਵੇਂ ਫਤਿਹਗੜ ਮਾਦੜਿਆਂ ਨੂੰ ਉਜਾੜ ਕੇ ਸੈਕਟਰ 34 ਕੱਟਿਆ ਗਿਆ।

Fatehgarh Madre @ Sector 34 Chandigarh

ਸੰਨ 1952 ਤੋਂ 60 ਤੱਕ ਚੰਡੀਗੜ੍ਹ ਦੇ ਪਹਿਲੇ ਉਠਾਲੇ ਦੌਰਾਨ 17 ਪਿੰਡ ਉਜਾੜਨ ਤੋਂ ਬਾਅਦ ਸੰਨ 1960 ਤੋਂ ਦੂਜਾ ਉਠਾਲਾ ਸ਼ੁਰੂ ਹੋਇਆ ਜਿਸ ਵਿੱਚ 11 ਪਿੰਡ ਹੋਰ ਉਜਾੜੇ ਗਏ। ਇਹਨਾਂ ਵਿੱਚ ਇੱਕ ਪਿੰਡ ਫਤਿਹਗੜ ਮਾਦੜੇ ਵੀ ਸ਼ਾਮਿਲ ਸੀ ਜਿਸ ਨੂੰ ਮਾਦੜਿਆਂ ਦਾ ਫਤਿਹਗੜ ਵੀ ਕਿਹਾ ਜਾਂਦਾ ਸੀ। ਇਹ ਪਿੰਡ ਹੁਣ ਸੈਕਟਰ 34 ਹੇਠ ਆ ਚੁੱਕਾ ਹੈ। ਇਹ ਇੱਕ ਛੋਟਾ ਜਿਹਾ ਕੱਚੇ ਘਰਾਂ ਵਾਲਾ ਪਿੰਡ ਸੀ। ਇਸ ਪਿੰਡ ਵਿੱਚ ਵੀਹ ਪੱਚੀ ਕੁ ਘਰ ਸੀ, ਆਬਾਦੀ 150 ਦੇ ਕਰੀਬ ਸੀ। ਪਿੰਡ ਦੀ ਜਮੀਨ ਦਾ ਰਕਬਾ 900 ਬਿੱਘੇ ਦੇ ਲਗਭਗ ਸੀ। ਇਹ ਪਿੰਡ ਮਾਦੜਾ ਗੋਤ ਦੇ ਜਿਮੀਂਦਾਰਾਂ ਦੀ ਸੀ ਅਤੇ ਇੱਕ ਘਰ ਕਹਾਰਾਂ ਦਾ ਸੀ। ਪਿੰਡ ਵਿੱਚ ਕੋਈ ਸਕੂਲ ਨਹੀਂ ਸੀ ਅਤੇ ਬੱਚੇ ਪੜਨ ਲਈ ਬੜੈਲ ਜਾਂਦੇ ਹੁੰਦੇ ਸੀ। ਜਦੋਂ ਇਸ ਪਿੰਡ ਨੂੰ ਉਠਾਇਆ ਤਾਂ ਲੋਕਾਂ ਨੂੰ 2680 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਗਿਆ। ਲੋਕਾਂ ਨੂੰ ਮਨਾਉਣ ਵਿੱਚ ਗਰੇਵਾਲ ਤਹਿਸੀਲਦਾਰ ਨੇ ਬੜਾ ਰੋਲ ਨਿਭਾਇਆ।

*ਪਿੰਡ ਦੀ ਸ਼ਾਮਲਾਤ ਵਿੱਚ ਪਿੰਡ ਵਾਸੀਆਂ ਨੇ ਧਰਮਸ਼ਾਲਾ ਬਣਾਈ ਹੋਈ ਸੀ ਜਿਸ ਵਿੱਚ ਮਗਰੋਂ ਸ੍ਰ. ਕਰਤਾਰ ਸਿੰਘ ਨੇ ਉੱਦਮ ਕਰਕੇ ਗੁਰੂਦੁਆਰਾ ਸਾਹਿਬ ਬਣਾਇਆ ਸੀ ਜਿਸ ਨੂੰ ਟੀਨਾਂ ਵਾਲਾ ਗੁਰਦੁਆਰਾ ਕਿਹਾ ਜਾਂਦਾ ਸੀ। ਇਹ ਗੁਰਦੁਆਰਾ ਸਾਹਿਬ ਅੱਜ ਵੀ ਸੈਕਟਰ 34 ਵਿੱਚ ਵੇਖਿਆ ਜਾ ਸਕਦਾ ਹੈ ਜੋ ਕਿ ਹੁਣ ਸ਼ਹਿਰ ਬਣਨ ਕਰਕੇ ਬਹੁਤ ਹੀ ਸ਼ਾਨਦਾਰ ਬਣ ਚੁੱਕਾ ਹੈ। ਗੁਰੂਦੁਆਰਾ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਬੋਰਡ ਉਪਰ ਅੱਜ ਵੀ ਪਿੰਡ ਦਾ ਨਾਮ ਫਤਿਹਗੜ ਮਾਦੜਾਂ ਲਿਖਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਸੈਕਟਰ 34 (ਫਤਿਹਗੜ ਮਾਦੜਾਂ) ਹੈ। ਪਹਿਲਾਂ ਇਸ ਗੁਰੂ ਘਰ ਦੀ ਕਮੇਟੀ ਦੇ ਮੈਬਰਾਂ ਵਿੱਚ ਦੋ ਮੈਂਬਰ ਪਿੰਡ ਵਾਲੇ ਵੀ ਲਏ ਜਾਂਦੇ ਸੀ। ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਦੋ ਖੂਹ ਹੁੰਦੇ ਸੀ। ਪਿੰਡ ਦੇ ਤਿੰਨ ਪਾਸੇ ਤਿੰਨ ਟੋਭੇ ਵੀ ਸਨ ਜਿਨਾਂ ਦੇ ਆਲੇ ਦੁਆਲੇ ਪਿੱਪਲ ਬਰੋਟੇ ਖੜੇ ਸਨ। ਇੱਕ ਟੋਭਾ ਅਤੇ ਖੇੜਾ ਗੁਰੂਦੁਆਰਾ ਸਾਹਿਬ ਦੀ ਹਦੂਦ ਅੰਦਰ ਆ ਚੁੱਕਾ ਹੈ। ਬਰੋਟਾ ਅੱਜ ਵੀ ਗੁਰਦੁਆਰਾ ਸਾਹਿਬ ਦੀ ਖੂੰਜੇ ਵਿੱਚ ਖੜਾ ਹੈ ਜਿਸ ਉੱਤੇ ਚੰਡੀਗੜ ਦੇ ਜੰਗਲਾਤ ਵਿਭਾਗ ਨੇ ਵਿਰਾਸਤੀ ਬੋਰਡ ਵੀ ਲਗਾਇਆ ਹੋਇਆ ਹੈ ਪਰ ਪਿੰਡ ਦਾ ਨਾਮ ਇਸ ਵਿਰਾਸਤੀ ਬੋਰਡ ਵਿੱਚ ਨਾ ਲਿਖ ਕੇ ਬੇਇਨਸਾਫੀ ਕੀਤੀ ਗਈ ਹੈ।

 

*ਫਤਿਹਗੜ੍ਹ ਮਾਦੜੇ ਪਿੰਡ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵੱਲੋਂ 1710 ਈ. ਨੂੰ ਚੱਪੜਚਿੜੀ ਦੀ ਲੜਾਈ ਵਿੱਚ ਵਜੀਦ ਖਾਂ ਨੂੰ ਮਾਰ ਸਰਹਿੰਦ ਫਤਿਹ ਹੋਣ ਮਗਰੋਂ ਹੋਂਦ ਵਿੱਚ ਆਇਆ। ਬੜੈਲ ਦੇ ਮੁਲਾਣਿਆਂ ਵੱਲੋਂ ਹਿੰਦੂ ਘਰਾਂ ਦੀਆਂ ਲੜਕੀਆਂ ਤੇ ਅਤਿਆਚਾਰ ਅਤੇ ਇੱਜਤਾਂ ਲੁੱਟਣ ਦੀਆਂ ਖਬਰਾਂ ਬੰਦਾ ਬਹਾਦਰ ਦੇ ਸਿੰਘਾਂ ਕੋਲ ਪਹੁੰਚੀਆਂ ਤਾਂ ਸਿੰਘਾਂ ਨੇ ਉਹਨਾਂ ਮੁਲਾਣਿਆਂ ਨੂੰ ਸੋਧਾ ਲਾਇਆ ਅਤੇ ਉਹਨਾਂ ਦੀਆਂ ਜਮੀਨਾਂ ਤੇ ਮਾਦੜਾ ਗੋਤ ਵਾਲੇ ਜਿਮੀਂਦਾਰਾਂ ਨੂੰ ਮਾਲਕੀ ਦੇ ਹੱਕ ਦੇ ਕੇ ਫਤਿਹਗੜ ਵਸਾਇਆ ਜੋ ਮਗਰੋਂ ਮਾਦੜਿਆਂ ਦਾ ਫਤਿਹਗੜ੍ਹ ਵੱਜਣ ਲੱਗਿਆ। ਇਸ ਤੋਂ ਪਹਿਲਾਂ ਇਹ ਜੰਗਲ ਵਰਗਾ ਇਲਾਕਾ ਸੀ। ਹੁਣ ਇਸ ਪਿੰਡ ਦੀ ਜਮੀਨ ਉੱਤੇ ਪਿਕਾਡਲੀ ਸਿਨੇਮਾ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਅਤੇ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਹਨ। ਸੈਕਟਰ 34 ਦੀ ਫਰਨੀਚਰ ਮਾਰਕੀਟ ਵੀ ਫਤਿਹਗੜ ਮਾਦੜਿਆਂ ਦੀ ਜਮੀਨ ਉਪਰ ਬਣੀ ਹੋਈ ਹੈ।

*ਇਸ ਪਿੰਡ ਦੀਆਂ ਨਿਸ਼ਾਨੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਗੁਰਦੁਆਰਾ ਸਾਹਿਬ ਅੰਦਰ ਖੇੜੇ ਵਾਲਾ ਬਰੋਟਾ ਅੱਜ ਵੀ ਖੜਾ ਹੈ। ਖੂਹ ਪੂਰ ਦਿੱਤਾ ਗਿਆ ਹੈ। ਪੁਲਿਸ ਸਟੇਸ਼ਨ ਅੰਦਰ ਪਿੱਪਲ ਖੜਾ ਹੈ। ਉਸ ਦੇ ਨੇੜੇ ਹੀ ਡਿਸਪੈਂਸਰੀ ਵਿੱਚ ਪਿੱਪਲ ਬਰੋਟੇ ਖੜੇ ਹਨ। ਪੁਲਿਸ ਸਟੇਸ਼ਨ ਦੇ ਸਾਹਮਣੇ ਖਾਲੀ ਗਰਾਊਂਡ ਵਿੱਚ ਅੰਬਾਂ ਦੇ ਅੱਠ ਦਸ ਦਰੱਖਤ ਉਸ ਪਿੰਡ ਦੇ ਵੇਲੇ ਦੇ ਅੱਜ ਵੀ ਆਪਣਿਆਂ ਦੀਆਂ ਰਾਹਾਂ ਤੱਕਦੇ ਪ੍ਰਤੀਤ ਹੁੰਦੇ ਹਨ। ਇਹ ਅੰਬਾਂ ਦੀ ਦਰੱਖਤ ਗੋਬਿੰਦ ਸਿੰਘ ਦੋਧੀ ਦੀ ਜਮੀਨ ਵਿੱਚ ਸਨ ਜੋ ਉਸ ਦੇ ਬੇਟੇ ਬਲਦੇਵ ਸਿੰਘ ਅਤੇ ਬੇਟੀ ਸੁਰਜੀਤ ਕੌਰ ਨੇ ਲਗਾਏ ਸਨ। ਬਲਦੇਵ ਸਿੰਘ ਦਾ ਪਰਿਵਾਰ ਇਥੋਂ ਉਜੜ ਕੇ ਸ੍ਰੀ ਗੰਗਾਨਗਰ (ਰਾਜਸਥਾਨ) ਚਲਾ ਗਿਆ ਅਤੇ ਸੁਰਜੀਤ ਕੌਰ ਦਾ ਪਰਿਵਾਰ ਮੁੰਡੀ ਖਰੜ ਰਹਿ ਰਿਹਾ ਹੈ। ਸੁਰਜੀਤ ਕੌਰ ਦੇ ਬੇਟੇ ਕੁਲਦੀਪ ਸਿੰਘ ਮੁਤਾਬਿਕ ਉਸ ਦੇ ਨਾਨਕਿਆਂ ਦੇ ਘਰ ਉੱਤੇ ਹੁਣ ਪੁਲਿਸ ਥਾਣਾ ਬਣਿਆ ਹੋਇਆ ਹੈ। ਪਿੰਡ ਫਤਿਹਗੜ ਮਾਦੜਿਆਂ ਦੇ ਲੋਕ ਅੱਜ ਵੀ ਆਪਣੇ ਪਿੰਡ ਦੀਆਂ ਨਿਸ਼ਾਨੀਆਂ ਦੇਖਣ ਗਾਹੇ ਬਗਾਹੇ ਇੱਧਰ ਗੇੜਾ ਮਾਰ ਕੇ ਜਾਂਦੇ ਹਨ।

 

*ਉਜਾੜੇ ਮਗਰੋਂ ਇਸ ਪਿੰਡ ਦੇ ਲੋਕ ਰੰਗੀਆਂ, ਪੋਪਨਿਆਂ, ਢੇਲਪੁਰ, ਆਲਮਗੀਰ, ਰਾਮਪੁਰ, ਖੇੜੀ ਖਲੌਰ, ਪਲਸੌਰਾ, ਬੜੈਲ, ਕੰਬਾਲੀ ਅਤੇ ਰਾਜਸਥਾਨ ਆਦਿ ਥਾਵਾਂ ਤੇ ਜਾ ਕੇ ਵਸ ਗਏ। ਨੰਬਰਦਾਰ ਬਸਾਵਾ ਸਿੰਘ, ਪਿਰਥੀ ਸਿੰਘ, ਨੈਬ ਸਿੰਘ, ਭਗਵਾਨ ਸਿੰਘ, ਕਰਤਾਰ ਸਿੰਘ, ਦੀਪਾ (ਕਹਾਰ), ਗੋਬਿੰਦ ਸਿੰਘ, ਨਰਾਤਾ ਸਿੰਘ, ਬੰਤਾ ਸਿੰਘ ਫੌਜੀ ਇਸ ਪਿੰਡ ਦੇ ਮੋਹਤਬਰ ਸਨ, ਜਿਹਨਾਂ ਨੇ ਬੜਾ ਜੋਰ ਲਗਾਇਆ ਕਿ ਉਹਨਾਂ ਦਾ ਪਿੰਡ ਨਾ ਉਜੜੇ ਪਰ ਸਮੇਂ ਦੀਆਂ ਸਰਕਾਰਾਂ ਅੱਗੇ ਉਹਨਾਂ ਦੀ ਪੇਸ਼ ਨਾ ਗਈ ਅਖੀਰ ਨੂੰ ਪਿੰਡ ਛੱਡ ਕੇ ਕਿਸੇ ਹੋਰ ਥਾਂ ਵੱਸਣ ਲਈ ਮਜਬੂਰ ਹੋਣਾ ਪਿਆ।

*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਪਿੰਡ ਫਤਿਹਗੜ ਮਾਦੜਿਆਂ ਦੀ ਯਾਦ ਵਿੱਚ ਸੈਕਟਰ 34 ਵਿੱਚ ਗੁਰਦੁਆਰੇ ਮੂਹਰੇ ਲੰਘਦੀ ਸੜਕ ਦਾ ਨਾਮ ਫਤਿਹਗੜ ਮਾਦੜੇ ਰੋਡ ਅਤੇ ਸੈਕਟਰ 33-34 ਵਾਲੇ ਛੋਟੇ ਗੋਲ ਚੌਂਕ ਦਾ ਨਾਮ ਫਤਿਹਗੜ ਮਾਦੜੇ ਚੌਕ ਰੱਖਣ ਦਾ ਫੈਸਲਾ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ, ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ, (ਸੰਪਰਕ: 9914992424)

Share This Article
Leave a Comment