ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-10) ਪਿੰਡ ਕੈਲੜ (ਹੁਣ ਸੈਕਟਰ 24 ਹੇਠ)

TeamGlobalPunjab
5 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਹਨਾਂ ਪਿੰਡਾਂ ਦੀ ਲੜੀ ਦੇ ਦਸਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 24 ਅਤੇ 15 ਹੇਠ ਆ ਚੁੱਕੇ ਪਿੰਡ ਕੈਲੜ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜ੍ਹੋ ਕਿਵੇਂ, Village Kailar (ਕੈਲੜ) ਨੂੰ ਉਠਾ ਕੇ Sector 24 Chandigarh ਬਣਾਇਆ ਗਿਆ।

ਚੰਡੀਗੜ੍ਹ ਵਸਾਉਣ ਲਈ ਸੰਨ 1952 ਦੇ ਪਹਿਲੇ ਉਠਾਲੇ ਵਿੱਚ ਚੰਡੀਗੜ੍ਹ ਵਸਾਉਣ ਲਈ ਉਠਾਏ ਗਏ ਪਿੰਡਾਂ ਵਿੱਚ ਇੱਕ ਪਿੰਡ ਕੈਲੜ ਹੁੰਦਾ ਸੀ ਜੋ ਹੁਣ ਸੈਕਟਰ 15-16/23-24 ਵਾਲੇ ਗੋਲ ਚੌਕ ਤੋਂ ਸੈਕਟਰ 14-15/24-25 ਵਾਲੇ ਚੌਕ ਦੇ ਵਿਚਕਾਰ ਸੈਕਟਰ 24 ਅਤੇ ਸੈਕਟਰ 15 ਹੇਠ ਆ ਚੁੱਕਾ ਹੈ। ਇਸ ਸੜਕ ਤੇ ਸੈਕਟਰ 24 ਵਿੱਚ ਉੱਚੀ ਥਾਂ ‘ਤੇ ਬਣਿਆ ਇੰਦਰਾ ਹੋਲੀਡੇਅ ਹੋਮ ਕੈਲੜ ਦੇ ਥੇਹ ਉਪਰ ਬਣਿਆ ਹੋਇਆ ਹੈ, ਜਿਥੇ ਕੰਧ ਵਿੱਚ ਇੱਕ ਪੁਰਾਣਾ ਪਿੱਪਲ ਅੱਜ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਚੜਦੇ ਪਾਸੇ ਸੈਕਟਰ 15 ਦੀਆਂ ਕੋਠੀਆਂ ਸੜਕ ਤੋਂ ਉੱਚੀਆਂ ਹਨ ਇਹ ਵੀ ਕੈਲੜ ਪਿੰਡ ਉਪਰ ਬਣੀਆਂ ਹੋਈਆਂ ਹਨ।

*ਸੈਕਟਰ 15 ਵਿੱਚ ਬਣੇ ਗੁਰੂਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਵੇਲੇ ਪਿੰਡ ਕੈਲੜ ਦਾ ਹੁੰਦਾ ਸੀ। ਇਸ ਦੇ ਨਾਲ ਸਰਕਾਰੀ ਸਕੂਲ ਵਿੱਚ ਅਤੇ ਸੀਨੀਅਰ ਸੀਟੀਜ਼ਨ ਹੋਮ ਦੇ ਅੰਦਰ ਅਤੇ ਬਾਹਰ ਖੜੇ ਵੱਡੇ ਦਰੱਖਤ ਪਿੱਪਲ, ਅੰਬ, ਨਿੰਮ ਅਤੇ ਕਿੱਕਰ ਅੱਜ ਵੀ ਕੈਲੜ ਦੀ ਯਾਦ ਤਾਜਾ ਕਰਾਉਂਦੇ ਹਨ।

- Advertisement -

 

*ਸੈਕਟਰ 24 ਵਿੱਚ ਸ਼ਿਵ ਮੰਦਰ ਦੇ ਅੰਦਰ ਅਤੇ ਬਾਹਰ ਸੜਕ ਤੇ ਖੜੇ ਪੁਰਾਣੇ ਦਰੱਖਤ, ਸੜਕ ਵਿੱਚ ਖੜੀ ਨਿੰਮ, ਸਰਕਾਰੀ ਸਕੂਲ ਦੇ ਬਾਹਰ ਸੜਕ ਤੇ ਖੜਾ ਬਹੁਤ ਪੁਰਾਣਾ ਬੋਹੜ ਕੈਲੜ ਪਿੰਡ ਦਾ ਇਤਹਾਸ ਸਾਂਭੀ ਖੜੇ ਹਨ ਅਤੇ ਆਪਣਿਆਂ ਦੀ ਉਡੀਕ ਵਿੱਚ ਰਾਹਾਂ ਤੱਕਦੇ ਹਨ। ਇਸ ਦੇ ਨੇੜੇ ਹੀ ਸੈਕਟਰ 24 ਵਿੱਚ ਮਾਂ ਬਸੰਤੀ ਦੇਵੀ ਦਾ ਪ੍ਰਾਚੀਨ ਮੰਦਰ ਹੈ ਜਿਥੇ ਅੱਜ ਵੀ ਗੇਟ ਤੇ ਹਿੰਦੀ ਵਿੱਚ ਗਾਂਵ ਕੈਲੜ ਦਾ ਨਾਮ ਲਿਖ ਕੇ ਬੋਰਡ ਲਾਇਆ ਹੋਇਆ ਹੈ ਜਿਸ ਤੇ ਮੰਦਰ ਦਾ ਨਿਰਮਾਣ ਸੰਨ 1816 ਵਿੱਚ ਹੋਇਆ ਦੱਸਿਆ ਗਿਆ ਹੈ। ਇਸ ਮੰਦਰ ਦੇ ਅੰਦਰ ਕੈਲੜ ਪਿੰਡ ਦਾ ਸੈਂਕੜੇ ਸਾਲ ਪੁਰਾਣਾ ਇੱਕ ਬਹੁਤ ਵਿਸ਼ਾਲ ਪਿੱਪਲ ਦੇਖਣਯੋਗ ਹੈ।

*ਕੈਲੜ ਪਿੰਡ ਦਾ ਪਿਛੋਕੜ ਵੀ ਕਾਲੀਬੜ ਪਿੰਡ ਵਾਂਗ ਪਟਿਆਲਾ ਜਿਲ੍ਹੇ ਦੇ ਦਿੱਤੂਪੁਰ ਪਿੰਡ ਨਾਲ ਜੁੜਦਾ ਹੈ, ਇਹ ਪਿੰਡ ਵੀ ਟਿਵਾਣਿਆਂ ਨੇ ਵਸਾਇਆ ਸੀ। ਪਿੰਡ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਸਨ। ਪਿੰਡ ਵਿੱਚ ਪ੍ਰਾਇਮਰੀ ਸਕੂਲ ਵੀ ਹੁੰਦਾ ਸੀ ਜਿਥੇ ਧਨਾਸ ਤੋਂ ਬਾਬੂ ਰਾਮ ਮਾਸਟਰ ਜੀ ਪੜਾਉਣ ਆਉਂਦੇ ਸੀ। ਇੱਕ ਹੋਰ ਮਾਸਟਰ ਜੈ ਕਿਸ਼ਨ ਜੀ ਇਸ ਪਿੰਡ ਦੇ ਹੀ ਪੜਾਉਂਦੇ ਸਨ। ਇਸ ਪਿੰਡ ਦੇ ਇੱਕ ਹੋਰ ਮਾਸਟਰ ਠਾਕੁਰ ਸਿੰਘ ਜੀ ਖਰੜ ਦੇ ਕ੍ਰਿਸਚਨ ਸਕੂਲ ਵਿੱਚ ਪੜਾਉਣ ਜਾਂਦੇ ਸੀ। ਕੈਲੜ ਪਿੰਡ ਵਿੱਚ ਹੋਰ ਵੀ ਕਾਫੀ ਪੜੇ ਲਿਖੇ ਲੋਕ ਰਹਿੰਦੇ ਸੀ ਜਿਹਨਾਂ ਦਾ ਇਲਾਕੇ ਵਿੱਚ ਚੰਗਾ ਨਾਮ ਸੀ।

*ਕੈਲੜ ਦੀ ਹੱਦਬਸਤ ਨੰਬਰ 207 ਸੀ ਅਤੇ ਜ਼ਮੀਨ ਦਾ ਰਕਬਾ ਕੁੱਲ 1173 ਏਕੜ ਸੀ। ਅਬਾਦੀ 1217 ਸੀ ਅਤੇ ਲਿੰਗ ਅਨੁਪਾਤ 746 ਸੀ। ਪੜਾਈ ਲਿਖਾਈ ਦੀ ਦਰ 11 ਪ੍ਰਤੀਸ਼ਤ ਸੀ ਅਤੇ ਪਿੰਡ ਦੇ 54.31 ਪ੍ਰਤੀਸ਼ਤ ਲੋਕ ਖੇਤੀਬਾੜੀ ਤੇ ਕਰਦੇ ਸਨ। ਫਸਲ ਚੰਗੀ ਹੁੰਦੀ ਸੀ‌। ਲੋਕ ਹਲਟਾਂ ਨਾਲ ਸਿੰਜਾਈ ਕਰਦੇ ਸਨ। ‌
ਸੈਕਟਰ 16 ਦਾ ਹਸਪਤਾਲ ਵੀ ਕੈਲੜ ਪਿੰਡ ਦੀ ਜਮੀਨ ਉਪਰ ਬਣਿਆ ਹੋਇਆ ਹੈ, ਇਥੇ ਪਿੰਡ ਵਾਸੀਆਂ ਦੇ ਹਲਟ ਚੱਲਦੇ ਹੁੰਦੇ ਸੀ। ਪਿੰਡ ਦੇ ਖੂਹਾਂ ਦਾ ਪਾਣੀ ਬੜਾ ਸਾਫ ਸੀ ਅਤੇ ਲੋਕ ਭੌਣੀਆਂ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ। ਅੰਬਾਂ ਦੇ ਬਾਗ ਹੁੰਦੇ ਸੀ ਅਤੇ ਸੱਥਾਂ ਵਿੱਚ ਰੌਣਕਾਂ ਲਗਦੀਆਂ ਸਨ। ਬਲਦਾਂ ਦੇ ਗੱਲ ਟੱਲੀਆਂ ਖੜਕਦੀਆਂ ਸਨ। ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਹੋਰ ਪਿੰਡਾਂ ਦੇ ਵਾਂਗ ਕੈਲੜ ਪਿੰਡ ਉੱਤੇ ਵੀ ਬਲਡੋਜਰ ਚੱਲ ਗਿਆ।

*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਪਿੰਡ ਕੈਲੜ ਦੀ ਯਾਦ ਵਿੱਚ ਸੈਕਟਰ 15-16/23-24 ਗੋਲ ਚੌਕ ਦਾ ਨਾਮ ਕੈਲੜ ਚੌਕ ਅਤੇ ਸੈਕਟਰ 15-24 ਨੂੰ ਵੰਡਦੀ ਸੜਕ ਦਾ ਨਾਮ ਕੈਲੜ ਰੋਡ ਰੱਖਣ ਦਾ ਫੈਸਲਾ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਜਾਣਕਾਰੀ ਮਿਲਦੀ ਰਹੇ।

- Advertisement -

ਲੇਖਕ: ਮਲਕੀਤ ਸਿੰਘ ਔਜਲਾ
(ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ, ਸੰਪਰਕ: 9914992424)

Share this Article
Leave a comment