ਚੰਡੀਗੜ੍ਹ : CM ਦੇ ਮੁਖ਼ਤਾਰ ਅੰਸਾਰੀ ਵਾਲੇ ਟਵੀਟ ਨੂੰ ਲੈ ਕੇ ਹੁਣ ਸਿਆਸਤ ਭਖ ਗਈ ਹੈ। ਸੁਖਜਿੰਦਰ ਰੰਧਾਵਾ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ CM ਮਾਨ ਦੇ ਟਵੀਟ ਦਾ ਜਵਾਬ ਦਿੱਤਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਫਿਰ ਟਵੀਟ ਕਰ ਕੇ ਕੈਪਟਨ ਅਮਰਿੰਦਰ ਨੂੰ ਜਵਾਬ ਦਿੱਤਾ ਹੈ।
CM ਮਾਨ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਖ਼ੁਦ ਨੂੰ ਸਿਆਣੇ ਕਹਿਣ ਵਾਲੇ ਪਟਿਆਲੇ ਦੇ ਇਸ ਵਾਰਸ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਕੈਪਟਨ ਨੂੰ ਹਮੇਸ਼ਾ ਸੂਬੇ ਅਤੇ ਇੱਥੋਂ ਦੇ ਲੋਕਾਂ ਦੀ ਬਜਾਏ ਆਪਣੀ ਕੁਰਸੀ ਦੀ ਚਿੰਤਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਮਹਿਲਾਂ ਵਿੱਚ ਕੈਦ ਕਰ ਕੇ ਕੈਪਟਨ ਨੇ ਸੱਤਾ ਵਿੱਚ ਰਹਿੰਦੇ ਹੋਏ ਸੂਬੇ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ। ਮਾਨ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੈਪਟਨ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਇਸ ਗੱਲ ਨੂੰ ਕਦੇ ਨਹੀਂ ਭੁੱਲ ਸਕਦਾ ਕਿ ਕੈਪਟਨ ਦੇ ਪੁਰਖਿਆਂ ਨੇ ਆਪਣੇ ਸਵਾਰਥਾਂ ਲਈ ਮੁਗਲਾਂ ਅਤੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਅਤੇ ਉਨ੍ਹਾਂ ਨੇ ਬਰਤਾਨਵੀ ਸ਼ਾਸਨ ਦੌਰਾਨ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਦੇਸ਼ ਭਗਤਾਂ ‘ਤੇ ਅਣਗਿਣਤ ਅੱਤਿਆਚਾਰ ਕੀਤੇ ਸਨ।
ਕੈਪਟਨ ਅਮਰਿੰਦਰ ਨੇ CM ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ”ਸ਼੍ਰੀਮਾਨ ਭਗਵੰਤ ਮਾਨ ਜੀ ਅਜਿਹੇ ਬੇਤੁਕੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਕਾਨੂੰਨ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਸਿੱਖੋ, ਜੋ ਸਿਰਫ਼ ਪ੍ਰਸ਼ਾਸਨ ਦੀ ਪ੍ਰਕਿਰਿਆ ਬਾਰੇ ਤੁਹਾਡੀ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ। ਅੰਸਾਰੀ ਨੂੰ ਪੰਜਾਬ ਲਿਆਂਦਾ ਗਿਆ ਅਤੇ ਜਾਂਚ ਲਈ ਕਾਨੂੰਨੀ ਪ੍ਰਕਿਰਿਆ ਤਹਿਤ ਇੱਥੇ ਨਜ਼ਰਬੰਦ ਕੀਤਾ ਗਿਆ ਸੀ, ਇਸ ਸਭ ਵਿੱਚ ਮੁੱਖ ਮੰਤਰੀ ਜਾਂ ਜੇਲ੍ਹ ਮੰਤਰੀ ਕਿੱਥੋਂ ਆਉਂਦੇ ਹਨ?”
ਇਸ ਤੋਂ ਬਾਅਦ CM ਨੇ ਵੀ ਕੈਪਟਨ ਅਮਰਿੰਦਰ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ”ਕੈਪਟਨ ਸਾਬ੍ਹ ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਰਖਵਾਲੀ ਕਰ ਰਿਹਾ ਹਾਂ। ਤੁਸੀਂ ਮੈਨੂੰ ਅਗਿਆਨੀ ਕਹਿ ਰਹੇ ਹੋ, ਕੈਪਟਨ ਸਾਬ੍ਹ ਮੁਗਲਾਂ ਦੇ ਰਾਜ ਵੇਲੇ ਤੁਸੀਂ ਮੁਗਲਾਂ ਨਾਲ ਸੀ, ਅੰਗਰੇਜ਼ਾਂ ਦੇ ਰਾਜ ਵੇਲੇ ਤੁਸੀਂ ਅੰਗਰੇਜ਼ਾਂ ਨਾਲ ਸੀ, ਕਾਂਗਰਸ ਦੇ ਰਾਜ ਵੇਲੇ ਤੁਸੀਂ ਕਾਂਗਰਸ ਨਾਲ ਸੀ। ਅਕਾਲੀਆਂ ਦੇ ਰਾਜ ਵੇਲੇ ਤੁਸੀਂ ਅਕਾਲੀਆਂ ਨਾਲ ਸੀ। ਹੁਣ ਭਾਜਪਾ ਦੇ ਰਾਜ ਵੇਲੇ ਤੁਸੀਂ ਭਾਜਪਾ ਨਾਲ ਹੋ, ਤੁਹਾਡੀਆਂ ਸਿਆਣਪਾਂ ਨੇ ਹੀ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ”।