ਲਾਹੌਰ: ਪਾਕਿਸਤਾਨ ਦੇ ਲਾਹੌਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇੱਥੋਂ ਦੇ ਮੇਯੋ ਹਸਪਤਾਲ ‘ਚ ਇੱਕ ਸਾਬਕਾ ਸਕਿਓਰਿਟੀ ਗਾਰਡ ਨੇ 80 ਸਾਲ ਦੀ ਬਜ਼ੁਰਗ ਮਹਿਲਾ ਦੀ ਸਰਜਰੀ ਕਰ ਦਿੱਤੀ। ਜਿਸ ਤੋਂ ਬਾਅਦ ਬਜ਼ੁਰਗ ਦੀ ਜਾਨ ਚਲੀ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸ਼ਮੀਮਾ ਬੇਗਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਮੀਮਾ ਬੇਗਮ ਦੇ ਪਿੱਠ ਵਿੱਚ ਇੱਕ ਗੰਭੀਰ ਜ਼ਖ਼ਮ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਜਲਦ ਤੋਂ ਜਲਦ ਇਲਾਜ ਦੀ ਜ਼ਰੂਰਤ ਸੀ।
ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਹਸਪਤਾਲ ਵਿੱਚ ਸਰਜਰੀ ਲਈ ਡਾਕਟਰ ਉਪਲਬਧ ਨਹੀਂ ਸੀ। ਇਸ ਦਾ ਫਾਇਦਾ ਚੁੱਕਦੇ ਹੋਏ ਹਸਪਤਾਲ ਦੇ ਸਕਿਓਰਿਟੀ ਗਾਰਡ ਮੁਹੰਮਦ ਵਾਹੀਦ ਬੱਟ ਨੇ ਡਾਕਟਰ ਦਾ ਕੋਟ ਪਹਿਨ ਕੇ ਮਹਿਲਾ ਦੀ ਸਰਜਰੀ ਕਰ ਦਿੱਤੀ। ਜਿਸ ਤੋਂ ਕੁਝ ਦਿਨਾਂ ਬਾਅਦ ਹੀ ਉਸ ਮਹਿਲਾ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਹਸਪਤਾਲ ਪ੍ਰਸਾਸ਼ਨ ਨੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਧਰ ਲਾਹੌਰ ਪੁਲਿਸ ਨੇ ਮੁਹੰਮਦ ਵਾਹੀਦ ਬੱਟ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕਿਓਰਿਟੀ ਗਾਰਡ ਨੂੰ ਹਸਪਤਾਲ ਪ੍ਰਸਾਸ਼ਨ ਨੇ ਮਰੀਜ਼ਾਂ ਤੋਂ ਗੈਰਕਾਨੂੰਨੀ ਵਸੂਲੀ ਕਰਨ ਦੀ ਕੋਸ਼ਿਸ਼ ਦੇ ਚਲਦਿਆਂ 2 ਸਾਲ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਸੀ। ਅਜਿਹੇ ‘ਚ ਵੱਡਾ ਸਵਾਲ ਇਹ ਹੈ ਕਿ ਆਖਿਰ ਵਾਹਿਦ ਹਸਪਤਾਲ ਦੇ ਅੰਦਰ ਦਾਖਲ ਕਿਵੇਂ ਹੋਇਆ ਤੇ ਕਿਸ ਦੀ ਮਦਦ ਨਾਲ ਉਸ ਨੇ ਡਾਕਟਰ ਬਣ ਕੇ ਸਰਜਰੀ ਕੀਤੀ।