ਹੁਸ਼ਿਆਰਪੁਰ: ਪੰਜਾਬ ‘ਚ ਆਏ ਦਿਨ ਆਗੂਆਂ, ਕਾਰੋਬਾਰੀਆਂ, ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦਾ ਹੈ, ਜਿੱਥੇ ਸ਼ਨੀਵਾਰ ਸਵੇਰੇ ਇੱਕ ਔਰਤ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਗੁਜਰਾਂ ਵਿੱਚ ਹਮਲਾਵਰਾਂ ਨੇ ਇੱਕ ਬਜ਼ੁਰਗ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਮਲਾਵਰਾਂ ਨੇ ਗੋਲੀਆਂ ਮਾਰ ਕੇ 62 ਸਾਲਾ ਔਰਤ ਨੂੰ ਮਾਰ ਦਿੱਤਾ। ਮ੍ਰਿਤਕਾ ਦੀ ਪਛਾਣ ਪਿੰਡ ਮਹਿੰਦਵਾਨੀ ਗੁਜਰਾਂ ਦੀ ਰਹਿਣ ਵਾਲੀ ਰਚਨਾ ਦੇਵੀ (62) ਪਤਨੀ ਸ਼ਾਮ ਲਾਲ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਘਟਨਾ ਸ਼ਨੀਵਾਰ ਸਵੇਰੇ ਕਰੀਬ ਛੇ ਵਜੇ ਦੀ ਹੈ। ਰਚਨਾ ਦੇਵੀ ਪਿੰਡ ਦੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੀ। ਜਦੋਂ ਮਹਿਲਾ ਘਰ ਦੇ ਬਾਹਰ ਗਲੀ ਵਿੱਚ ਪਹੁੰਚੀ ਤਾਂ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਰਚਨਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ। ਸਥਾਨਕ ਲੋਕਾਂ ਤੋਂ ਜਾਣਕਾਰੀ ਇਕਠੀ ਕੀਤੀ ਗਈ ਅਤੇ ਪੁਲਿਸ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਚੌਕੀ ਬੀਨੇਵਾਲ ਦੇ ਇੰਚਾਰਜ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਕਾਤਲ ਜਲਦੀ ਹੀ ਫੜ ਲਏ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

